Home / Punjabi News / ਬਟਾਲਾ ਫੈਕਟਰੀ ਹਾਦਸੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ ਜਾਵੇ : ਬਾਜਵਾ

ਬਟਾਲਾ ਫੈਕਟਰੀ ਹਾਦਸੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ ਜਾਵੇ : ਬਾਜਵਾ

ਬਟਾਲਾ ਫੈਕਟਰੀ ਹਾਦਸੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ ਜਾਵੇ : ਬਾਜਵਾ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਫੈਕਟਰੀ ‘ਚ ਹੋਏ ਧਮਾਕੇ ਦੀ ਜਾਂਚ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਈ ਸਵਾਲ ਉਠਾਏ ਹਨ। ਉਨ੍ਹਾਂ ਲਿਖੇ ਪੱਤਰ ‘ਚ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 4 ਸਤੰਬਰ, 2019 ਨੂੰ ਬਟਾਲਾ ‘ਚ ਹੋਈ ਦੁੱਖਦਾਈ ਅਤੇ ਮਨ ਕੰਬਾਊ ਘਟਨਾ ਜਿਥੇ ਇਕ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਕਾਰਨ ਬੇਸ਼ਕੀਮਤੀ 24 ਜਾਨਾਂ ਚਲੀਆਂ ਗਈਆਂ ਸਨ ਅਤੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸੇ ਤਰ੍ਹਾਂ ਦਾ ਹੀ ਇਕ ਧਮਾਕਾ ਜਨਵਰੀ, 2017 ‘ਚ ਇਸ ਫੈਕਟਰੀ ‘ਚ ਪਹਿਲਾਂ ਵੀ ਹੋ ਚੁੱਕਾ ਹੈ।
ਉਸ ਸਮੇਂ ਫੈਕਟਰੀ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਸੀ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਫੈਕਟਰੀ ਪਿਛਲੇ 3 ਸਾਲਾਂ ਤੋਂ ਨਾਜਾਇਜ਼ ਤੌਰ ‘ਤੇ ਚਲਾਈ ਜਾ ਰਹੀ ਸੀ। ਅਜਿਹਾ ਨਹੀਂ ਹੋ ਸਕਦਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 3 ਸਾਲ ਤੋਂ ਨਾਜਾਇਜ਼ ਤੌਰ ‘ਤੇ ਚੱਲ ਰਹੀ ਫੈਕਟਰੀ ਬਾਰੇ ਨਾ ਪਤਾ ਹੋਵੇ। ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਬਾਸ਼ਿੰਦਿਆਂ ਵਲੋਂ ਫੈਕਟਰੀ ਖਿਲਾਫ ਅਨੇਕਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਦਰਜ਼ਨਾਂ ਫੈਕਟਰੀਆਂ ਬਟਾਲਾ ‘ਚ ਅਤੇ 8 ਫੈਕਟਰੀਆਂ ਕਾਦੀਆਂ ਵਿਚ ਹੁਣ ਵੀ ਚੱਲ ਰਹੀਆਂ ਹਨ।
ਪੰਜਾਬ ਸਰਕਾਰ ਨੇ ਇਸ ਕੇਸ ਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਉਣ ਲਈ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਸਨ ਜਿਸ ਨੂੰ ਕਿ ਹੁਣ ਅੱਗੇ ਏ. ਡੀ. ਸੀ./ਐੱਸ. ਪੀ. ਬਟਾਲਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤੱਖ ਤੌਰ ‘ਤੇ ਇਹ ਅਧਿਕਾਰੀ ਧਮਾਕੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕਰਨਗੇ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਤਾਂ ਅਜਿਹੀ ਨਾਜਾਇਜ਼ ਫੈਕਟਰੀ ਇੰਨੇ ਲੰਬੇ ਸਮੇਂ ਲਈ ਚੱਲ ਹੀ ਨਹੀਂ ਸਕਦੀ। ਉਂਜ ਵੀ ਏ. ਡੀ. ਸੀ./ਐੱਸ. ਪੀ., ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨਾਲੋਂ ਕਿਤੇ ਛੋਟੇ ਅਫਸਰ ਹਨ ਅਤੇ ਉਹ ਆਪਣੇ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਸਿਫਾਰਿਸ਼ ਕਰਨ ਦੇ ਕਾਬਿਲ ਨਹੀਂ ਹੋਣਗੇ।
ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਕਿਸੇ ਜੱਜ ਦੀ ਅਗਵਾਈ ਹੇਠ ਹੋਣੀ ਚਾਹੀਦੀ ਹੈ। ਉਨ੍ਹਾਂ ਪੀੜਤਾਂ ਪਰਿਵਾਰਾਂ ਨੂੰ ਸਰਕਾਰ ਵਲੋਂ ਦਿੱਤੇ ਗਏ ਮੁਆਵਜ਼ੇ ‘ਤੇ ਵੀ ਅਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ ਘੱਟੋ-ਘੱਟ 25 ਲੱਖ ਤੇ ਗੰਭੀਰ ਜ਼ਖਮੀਆਂ ਨੂੰ 10-10 ਲੱਖ ਦੀ ਸਹਾਇਤਾ ਦਿੱਤੀ ਜਾਵੇ। ਪੀੜਤ ਪਰਿਵਾਰ ਨੂੰ ਇਕ-ਇਕ ਨੌਕਰੀ ਦੇਣ ਦੀ ਵੀ ਉਨ੍ਹਾਂ ਮੰਗ ਕੀਤੀ।

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …