Home / World / ਨੋਟਬੰਦੀ ਨਾਲ ਕਿਸ ਨੂੰ ਫਾਇਦਾ ਹੋਇਆ- ਜਾਖੜ ਵੱਲੋਂ ਜੇਤਲੀ ਨੂੰ ਨਾਵਾਂ ਦਾ ਖੁਲਾਸਾ ਕਰਨ ਦੀ ਚੁਣੌਤੀ

ਨੋਟਬੰਦੀ ਨਾਲ ਕਿਸ ਨੂੰ ਫਾਇਦਾ ਹੋਇਆ- ਜਾਖੜ ਵੱਲੋਂ ਜੇਤਲੀ ਨੂੰ ਨਾਵਾਂ ਦਾ ਖੁਲਾਸਾ ਕਰਨ ਦੀ ਚੁਣੌਤੀ

ਨੋਟਬੰਦੀ ਨਾਲ ਕਿਸ ਨੂੰ ਫਾਇਦਾ ਹੋਇਆ- ਜਾਖੜ ਵੱਲੋਂ ਜੇਤਲੀ ਨੂੰ ਨਾਵਾਂ ਦਾ ਖੁਲਾਸਾ ਕਰਨ ਦੀ ਚੁਣੌਤੀ

4ਭੋਆ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੰਦੇ ਹੋਏੇ ਇਹ ਸੂਚਨਾ ਸਾਹਮਣੇ ਲਿਆਉਣ ਲਈ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ ਹੈ।
ਭੋਆ ਖੇਤਰ ਵਿੱਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਨੋਟਬੰਦੀ ਦੇ ਪ੍ਰਭਾਵ ਬਾਰੇ ਸਪਸ਼ਟੀਕਰਨ ਜੇਤਲੀ ਤੋਂ ਮੰਗਿਆ ਹੈ ਜੋ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਆਰੰਭਣ ਜਾ ਰਹੇ ਹਨ। ਸ੍ਰੀ ਜਾਖੜ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਤਲੀ ਨੂੰ ਇੱਥੇ ਆਉਣ ਦਿਉ ਅਤੇ ਲੋਕਾਂ ਨੂੰ ਇਹ ਦੱਸਣ ਦਿਉ ਕਿ ਅੰਬਾਨੀਆਂ ਤੇ ਅਡਾਨੀਆਂ ਤੋਂ ਇਲਾਵਾ ਨੋਟਬੰਦੀ ਦਾ ਲਾਭ ਕਿਸ-ਕਿਸ ਨੂੰ ਪਹੁੰਚਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਨੋਟਬੰਦੀ ਦੇ ਸਬੰਧ ਵਿੱਚ ਉਸ ਵੇਲੇ ਦਿੱਤੀ ਚੇਤਾਵਨੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨਾਂ ਕਿਹਾ ਕਿ ਸੀ ਇਸ ਨਾਲ ਜੀ.ਡੀ.ਪੀ. ਦੋ ਫੀਸਦੀ ਤੱਕ ਡਿੱਗ ਜਾਵੇਗਾ ਜਿਸਦਾ ਸਿੱਧਾ ਮਤਲਬ ਇਹ ਸੀ ਕਿ ਇਸ ਨਾਲ 4 ਕਰੋੜ ਨੌਕਰੀਆਂ ਖੁਸ ਜਾਣਗੀਆਂ। ਉਨਾਂ ਕਿਹਾ ਕਿ ਮੋਦੀ ਦੇ ਸ਼ਾਸਨ ਦੌਰਾਨ ਆਮ ਆਦਮੀ ਨੂੰ ਤਿੰਨ ਡੰਗ ਦੀ ਰੋਟੀ ਲਈ ਬੁਰੀ ਤਰਾਂ ਸੰਘਰਸ਼ ਕਰਨਾ ਪੈ ਰਿਹਾ ਹੈ ਜਦਕਿ ਸਿਰਫ ਕਾਰਪੋਰੇਟ ਹੀ ਇਸ ਸਾਲ ਦਿਵਾਲੀ ਬਣਾਉਣਗੇ।
ਜਾਖੜ ਨੇ ਕਿਹਾ ਕਿ ਅੰਤਰ-ਰਾਸ਼ਟਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਡਿੱਗਣ ਦੇ ਨਾਲ ਕੇਂਦਰ ਸਰਕਾਰ ਨੇ ਤਿੰਨ ਸਾਲਾਂ ਵਿੱਚ 9 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਵਿੱਚੋਂ ਸਿਰਫ ਕਾਰਪੋਰੇਟ ਨੂੰ ਹੀ ਰਿਆਇਤਾਂ ਨਹੀਂ ਦੇਣੀਆਂ ਚਾਹੀਦੀਆਂ ਸਗੋ  ਕੇਂਦਰ ਵੱਲੋਂ ਇਕ ਲੱਖ ਕਰੋੜ ਰੁਪਏ ਪੰਜਾਬ ਨੂੰ ਦੇਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਰਿਆਇਤਾਂ ਹੋਰਾਂ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਚੱਲਦੀਆਂ ਰਹੀਆਂ ਤਾਂ ਕੋਈ ਵੀ ਉਦਯੋਗ ਇੱਥੇ ਨਹੀਂ ਆਵੇਗਾ। ਉਨਾਂ ਕਿਹਾ ਕਿ ਹੋਰਨਾਂ ਸੂਬਿਆਂ ਨੂੰ ਕੇਂਦਰ ਵੱਲੋਂ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਪੰਜਾਬ ਨੂੰ ਇਨਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸ੍ਰੀ ਜਾਖੜ ਨੇ ਮੰਗ ਕੀਤੀ ਕਿ ਯੂ.ਪੀ.ਏ. ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਸਕੀਮ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਢੁੱਕਵੇਂ ਤਰੀਕੇ ਨਾਲ ਲਾਗੂ ਕੀਤੀ ਜਾਵੇ।
ਖੇਤਰ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਯਕੀਨੀ ਬਣਾਉਣ ਲਈ  ਸਿਰਤੋੜ ਯਤਨ ਕਰ ਰਹੀ ਹੈ। ਸਰਕਾਰ ਵੱਲੋਂ ਪੀਣ ਵਾਲਾ ਸੁਆਫ ਪਾਣੀ ਅਤੇ ਵਧੀਆ ਸੜਕਾਂ ਲਈ ਵੀ ਯਤਨ ਆਰੰਭੇ ਹੋਏ ਹਨ।
ਜਾਖੜ ਨੇ ਬਾਦਲ ਸਰਕਾਰ ਦੌਰਾਨ ਇਸ ਇਲਾਕੇ ਦੀਆਂ ਹੱਦੋਂ-ਵੱਧ ਮਾੜੀਆਂ ਸੜਕਾਂ ਦਾ ਵੀ ਜ਼ਿਕਰ ਕੀਤਾ ਕਿਉਕਿ ਉਸ ਸ਼ਾਸਨ ਦੌਰਾਨ ਇਸ ਖਿਤੇ ਦੀਆਂ ਸੜਕਾਂ ਵੱਲ ਕੋਈ ਵੀ ਧਿਆਨ ਨਹੀਂ ਸੀ ਦਿੱਤਾ ਗਿਆ। ਉਨਾਂ ਕਿਹਾ ਕਿ ਬਾਦਲਾਂ ਨੇ ਸੱਤ ਤਾਰਾ ਹੋਟਲ ਬਣਾਉਣ ਲਈ ਕਰੋੜਾਂ ਰੁਪਏ ਖਰਚੇ ਪਰ ਪੰਜਾਬ ਵਿੱਚ ਬੁਨਿਆਦੀ ਸਹੂਲਤਾਂ ਨੂੰ ਅਣਗੌਲੇ ਕੀਤਾ। ਉਨਾਂ ਕਿਹਾ ਕਿ ਅਕਾਲੀ ਇਸ ਖਿਤੇ ਵਿੱਚ ਸੜਕਾਂ ਬਣਾਉਣ ’ਚ ਨਾਕਾਮ ਰਹੇ ਹਨ ਅਤੇ ਇਸ ਖਿਤੇ ਦੇ 25 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਕਾਰਖਾਨਾ ਨਹੀਂ ਹੈ।
ਉਨਾਂ ਕਿਹਾ ਕਿ ਬਾਦਲਾਂ ਨੇ ਸੂਬੇ ਵਿੱਚ 25 ਸਾਲ ਰਾਜ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਨੇ ਦਸਾਂ ਸਾਲਾਂ ਵਿੱਚ ਹੀ ਉਨਾਂ ਨੂੰ ਗੱਦੀ ਤੋਂ ਲਾਹ ਮਾਰਿਆ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਸਰਕਾਰ ਨੂੰ ਇਕ ਪਰਿਵਾਰ ਦਾ ਕਾਰੋਬਾਰ ਬਣਾ ਦਿੱਤਾ ਸੀ ਅਤੇ ਅਕਾਲੀ ਸਿਰਫ ਆਪਣੀਆਂ ਜੇਬਾਂ ਭਰਨ ਵਿੱਚ ਹੀ ਦਿਲਚਸਪੀ ਰੱਖਦੇ ਸਨ ਅਤੇ ਉਨਾਂ ਨੇ ਆਪਣੇ ਲੋਕਾਂ ਨੂੰ ਆਟਾ-ਦਾਲ ਸਕੀਮ ਦੇ ਹੇਠ ਜਾਅਲੀ ਨੀਲੇ ਕਾਰਡ ਦੇ ਕੇ ਲਾਭ ਪਹੁੰਚਾਇਆ। ਸ੍ਰੀ ਜਾਖੜ ਨੇ ਪਿਛਲੇ ਸ਼ਾਸਨ ਦੌਰਾਨ ਗਲਤ ਕੰਮਾਂ ਵਿੱਚ ਲਿਪਤ ਰਹੇ ਕਿਸੇ ਵੀ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਵਾਇਆ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਾਰਜਾਂ ਵਿੱਚ ਲਿਪਤ ਲੋਕਾਂ ਦੀ ਸ਼ਨਾਖਤ ਕਰਨ ਲਈ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸੇ ਵੀ ਤਰਾਂ ਦੀ ਸਿਆਸੀ ਬਦਲਾਖੋਰੀ ਨਹੀਂ ਕਰੇਗੀ ਪਰ ਜੇ ਕੋਈ ਕਿਸੇ ਵੀ ਗਲਤ ਕਾਰਜ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਜਾਖੜ ਨੇ ਕਿਹਾ ਕਿ ਪੰਜਾਬ ਨੂੰ ਨਵੀਂਆਂ ਖੇਤੀ ਤਕਨੀਕਾਂ ਦੀ ਜ਼ਰੂਰਤ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਮੁਹੱਈਆ ਕਰਵਾਏਗੀ। ਸ੍ਰੀ ਜਾਖੜ ਨੇ ਕਿਸਾਨਾਂ ਦੀਆਂ ਤਰਸਯੋਗ ਹਾਲਤਾਂ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਅਕਾਲੀ ਸ਼ਾਸਨ ਦੌਰਾਨ ਕਿਸਾਨਾਂ ਨੂੰ ਬੁਰੀ ਤਰਾਂ ਅਣਗੌਲਿਆ ਕੀਤਾ ਗਿਆ ਜਿਸ ਕਰਕੇ ਉਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਕਾਰਨ ਕਿਸਾਨੀ ਭਾਈਚਾਰੇ ’ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਿਆ ਹੈ।
ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਨਾਂ ਮੀਟਿੰਗਾਂ ਦੌਰਾਨ ਮੌਜੂਦ ਸਨ। ਚੌਧਰੀ ਨੇ ਆਪਣੇ ਭਾਸ਼ਨ ਦੌਰਾਨ ਮੋਦੀ ਸਰਕਾਰ ਵੱਲੋਂ ਦੇਸ਼ ਦੇ ਹਿੱਤਾਂ ਵਿਰੁੱਧ ਲਏ ਗਏ ਫੈਸਲਿਆਂ ਦੀ ਤਿੱਖੀ ਆਲੋਚਨਾ ਕੀਤੀ ਜਿਸ ਦੇ ਕਾਰਨ ਐਨ.ਡੀ.ਏ. ਸ਼ਾਸਨ ਦੌਰਾਨ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਦੀਨਾਨਗਰ ਅਤੇ ਪਠਾਨਕੋਟ ਵਿਖੇ ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ ਜਦਕਿ ਮਨਮੋਹਨ ਸਿੰਘ ਸਰਕਾਰ ਨੇ ਸਰਹੱਦਾਂ ਦੀ ਰੱਖਿਆ ਦੇ ਸਬੰਧ ਵਿੱਚ ਆਹਲਾ ਕਾਰਗੁਜ਼ਾਰੀ ਕੀਤੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …