Home / Punjabi News / ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ‘ਸੱਤਿਆਗ੍ਰਹਿ’ : ਮਮਤਾ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ‘ਸੱਤਿਆਗ੍ਰਹਿ’ : ਮਮਤਾ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ‘ਸੱਤਿਆਗ੍ਰਹਿ’ : ਮਮਤਾ

ਕੋਲਕਾਤਾ— ਚਿਟਫੰਡ ਘਪਲੇ ਵਿਚ ਸੀ. ਬੀ. ਆਈ. ਦੇ ਕੋਲਕਾਤਾ ਪੁਲਸ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਵਿਰੁੱਧ ਧਰਨੇ ‘ਤੇ ਬੈਠੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਸੱਤਿਆਗ੍ਰਹਿ ਜਾਰੀ ਰੱਖੇਗੀ। ਮੁੱਖ ਮੰਤਰੀ ਕੁਝ ਸੀਨੀਅਰ ਮੰਤਰੀਆਂ ਅਤੇ ਪਾਰਟੀ ਦੇ ਮੈਂਬਰਾਂ ਨਾਲ ਬਿਨਾਂ ਕੁਝ ਖਾਂਦੇ ਪੂਰੀ ਰਾਤ ਮੰਚ ‘ਤੇ ਬੈਠੀ ਰਹੀ। ਬੈਨਰਜੀ ਨੇ ਧਰਨੇ ਵਾਲੀ ਥਾਂ ‘ਤੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਇਹ ਇਕ ਸੱਤਿਆਗ੍ਰਹਿ ਹੈ ਅਤੇ ਜਦੋਂ ਤਕ ਦੇਸ਼ ਸੁਰੱਖਿਅਤ ਨਹੀਂ ਹੋ ਜਾਂਦਾ ਮੈਂ ਇਸ ਨੂੰ ਜਾਰੀ ਰੱਖਾਂਗੀ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਗੁਜਰਾਤ ਦੇ ਵਿਧਾਇਕ ਅਤੇ ਦਲਿਤ ਨੇਤਾ ਜਗੀਨੇਸ਼ ਮੇਵਾਨੀ ਸਮੇਤ ਕਈ ਨੇਤਾਵਾਂ ਦੇ ਫੋਨ ਆ ਰਹੇ ਹਨ। ਇਹ ਪੁੱਛੇ ਜਾਣ ‘ਤੇ ਕਿ ਕੀ ਕੋਈ ਨੇਤਾ ਉਨ੍ਹਾਂ ਨੂੰ ਮਿਲਣ ਸ਼ਹਿਰ ਆਵੇਗਾ, ਬੈਨਰਜੀ ਨੇ ਕਿਹਾ, ”ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕੋਈ ਨੇਤਾ ਆਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਇਹ ਲੜਾਈ ਮੇਰੀ ਪਾਰਟੀ ਦੀ ਨਹੀਂ ਹੈ। ਇਹ ਮੇਰੀ ਸਰਕਾਰ ਲਈ ਹੈ।”
ਇਸ ਦਰਮਿਆਨ ਕਈ ਜ਼ਿਲਿਆਂ ਤੋਂ ਪਾਰਟੀ ਸਮਰਥਕ ਇੱਥੇ ਪਹੁੰਚੇ ਹਨ ਅਤੇ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਸਮਰਥਨ ਵਿਚ ਨਾਅਰੇ ਲਾਏ। ਜ਼ਿਕਰਯੋਗ ਹੈ ਕਿ ਚਿਟਫੰਡ ਘਪਲਾ ਮਾਮਲੇ ਵਿਚ ਸੀ. ਬੀ. ਆਈ. ਦੇ ਕੋਲਕਾਤਾ ਪੁਲਸ ਮੁਖੀ ਰਾਜੀਵ ਕੁਮਾਰ ਤੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਵਿਰੁੱਧ ਮਮਤਾ ਬੈਨਰਜੀ ਐਤਵਾਰ ਸ਼ਾਮ ਧਰਨੇ ‘ਤੇ ਬੈਠੀ ਸੀ। ਸੀ. ਬੀ. ਆਈ. ਦੀ ਇਕ ਟੀਮ ਐਤਵਾਰ ਨੂੰ ਮੱਧ ਕੋਲਕਾਤਾ ਵਿਚ ਕੁਮਾਰ ਦੇ ਲਾਊਡਨ ਸਟਰੀਟ ਸਥਿਤ ਆਵਾਸ ਪਹੁੰਚੀ ਸੀ ਪਰ ਉੱਥੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਜੀਪ ਵਿਚ ਬਿਠਾ ਕੇ ਪੁਲਸ ਥਾਣੇ ਲੈ ਗਏ। ਸੀ. ਬੀ. ਆਈ. ਰਾਜੀਵ ਕੁਮਾਰ ਤੋਂ ਲਾਪਤਾ ਦਸਤਾਵੇਜ਼ ਅਤੇ ਫਾਈਲਾਂ ਬਾਰੇ ਪੁੱਛ-ਗਿੱਛ ਕਰਨਾ ਚਾਹੁੰਦੀ ਸੀ। ਘਪਲਿਆਂ ਦੀ ਜਾਂਚ ਕਰਨ ਵਾਲੀ ਪੱਛਮੀ ਬੰਗਾਲ ਦੀ ਪੁਲਸ ਟੀਮ ਦੀ ਰਾਜੀਵ ਕੁਮਾਰ ਨੇ ਅਗਵਾਈ ਕੀਤੀ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਮ. ਚੰਦਰਬਾਬੂ ਨਾਇਡੂ, ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਸਮੇਤ ਕਈ ਨੇਤਾਵਾਂ ਨੇ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਨੇ ਮਮਤਾ ਨੂੰ ਫੋਨ ਕਰ ਕੇ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਪੂਰਾ ਵਿਰੋਧੀ ਧਿਰ ਇਕ ਸਾਥ ਹੈ ਅਤੇ ਉਹ ਫਾਸੀਵਾਦੀ ਤਾਕਤਾਂ ਨੂੰ ਹਰਾਉਣਗੇ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …