Home / Punjabi News / ਜ਼ੋਰਦਾਰ ਜਵਾਬੀ ਹਮਲੇ ਨਾਲ ਯੂਕਰੇਨ ਨੇ ਰੂਸ ਨੂੰ ਦਿੱਤਾ ਝਟਕਾ

ਜ਼ੋਰਦਾਰ ਜਵਾਬੀ ਹਮਲੇ ਨਾਲ ਯੂਕਰੇਨ ਨੇ ਰੂਸ ਨੂੰ ਦਿੱਤਾ ਝਟਕਾ

ਖਾਰਕੀਵ/ਮਾਸਕੋ, 12 ਸਤੰਬਰ

ਮੁੱਖ ਅੰਸ਼

  • ਰੂਸ ਵਿੱਚ ਪੂਤਿਨ ਨੂੰ ਆਲੋਚਨਾ ਦਾ ਸਾਹਮਣਾ
  • ਪਰਮਾਣੂ ਪਲਾਂਟ ‘ਤੇ ਹਮਲਾ-ਬੰਬਾਰੀ ਰੋਕਣ ਲਈ ਸੰਯੁਕਤ ਰਾਸ਼ਟਰ ਸਰਗਰਮ

ਰੂਸ ਉਤੇ ਕੀਤੇ ਗਏ ਜ਼ੋਰਦਾਰ ਜਵਾਬੀ ਹਮਲੇ ਤੋਂ ਬਾਅਦ ਯੂਕਰੇਨ ਦੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਮੁਲਕ ਦੇ ਉੱਤਰ-ਪੂਰਬ ‘ਚ ਚੌਵੀ ਘੰਟਿਆਂ ਵਿਚ 20 ਤੋਂ ਵੱਧ ਕਸਬਿਆਂ-ਪਿੰਡਾਂ ਉਤੇ ਮੁੜ ਕਬਜ਼ਾ ਕਰ ਲਿਆ ਹੈ ਤੇ ਰੂਸੀ ਸੈਨਿਕ ਮੈਦਾਨ ਛੱਡ ਕੇ ਭੱਜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੂਸੀ ਸੈਨਿਕਾਂ ਨੂੰ ਉੱਤਰ-ਪੂਰਬੀ ਸਰਹੱਦ ਤੱਕ ਪਿੱਛੇ ਧੱਕ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਯੂਕਰੇਨ ਦੇ ਜਵਾਬੀ ਹਮਲੇ ਤੋਂ ਬਾਅਦ ਰੂਸ ਨੂੰ ਕੁਝ ਇਲਾਕਿਆਂ ਵਿਚ ਆਪਣੇ ਸੈਨਿਕ ਵਾਪਸ ਬੁਲਾਉਣੇ ਪਏ ਹਨ। ਜੰਗ ਦੇ ਮੈਦਾਨ ਵਿਚ ਕਈ ਮਹੀਨਿਆਂ ਦੀ ਨਿਰਾਸ਼ਾ ਤੋਂ ਬਾਅਦ ਹੱਥ ਲੱਗੀ ਸਫ਼ਲਤਾ ਨਾਲ ਯੂਕਰੇਨੀਆਂ ਦਾ ਹੌਂਸਲਾ ਬੁਲੰਦ ਹੋ ਗਿਆ ਹੈ ਜਦਕਿ ਰੂਸ ਵਿਚ ਰੋਸ ਪੈਦਾ ਹੋ ਗਿਆ ਹੈ। ਜੰਗ ਕਾਰਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜਨਤਕ ਤੌਰ ‘ਤੇ ਆਲੋਚਨਾ ਸਹਿਣੀ ਪੈ ਰਹੀ ਹੈ ਹਾਲਾਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ।

ਖਾਰਕੀਵ ਦੇ ਗਵਰਨਰ ਨੇ ਕਿਹਾ ਕਿ ਯੂਕਰੇਨੀ ਸੈਨਿਕ ਕਈ ਇਲਾਕਿਆਂ ਵਿਚ ਰੂਸ ਦੀਆਂ ਸਰਹੱਦਾਂ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਹ ਦੋਨੇਸਕ ਖੇਤਰ ਵਿਚ ਤਾਇਨਾਤੀ ਕਰਨਾ ਚਾਹੁੰਦੇ ਹਨ, ਇਸ ਲਈ ਸੈਨਿਕਾਂ ਨੂੰ ਸੱਦ ਰਹੇ ਹਨ। ਜਦਕਿ ਰੂਸੀ ਸੈਨਿਕ ਆਪਣੇ ਹਥਿਆਰ ਤੇ ਅਸਲਾ ਵੀ ਪਿੱਛੇ ਛੱਡ ਕੇ ਜਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਵੀ ਫੌਜ ਨੂੰ ਮਿਲੀ ਸਫ਼ਲਤਾ ਉਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਇਸੇ ਦੌਰਾਨ ਰੂਸ ਵੱਲੋਂ ਯੂਕਰੇਨ ਦੇ ਖਾਰਕੀਵ ਉਤੇ ਕੀਤੇ ਗਏ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਬੰਬਾਰੀ ਕਾਰਨ ਇਲਾਕੇ ਵਿਚ ਪਾਣੀ ਤੇ ਬਿਜਲੀ ਸਪਲਾਈ ‘ਤੇ ਅਸਰ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੇ ਹਮਲੇ ਵਿਚ ਇਕ 37 ਸਾਲਾ ਵਿਅਕਤੀ ਦੀ ਮੌਤ ਹੋ ਗਈ ਤੇ ਛੇ ਹੋਰ ਫੱਟੜ ਹੋਏ ਹਨ। ਹਾਲਾਂਕਿ ਰੂਸ ਨੇ ਜਾਣਬੁੱਝ ਕੇ ਰਿਹਾਇਸ਼ੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੀ ਪਰਮਾਣੂ ਊਰਜਾ ਬਾਰੇ ਨਿਗਰਾਨ ਏਜੰਸੀ ਨੇ ਰੂਸ ਤੇ ਯੂਕਰੇਨ ਨੂੰ ਜ਼ਾਪੋਰੀਜ਼ਿਆ ਪਰਮਾਣੂ ਊਰਜਾ ਕੇਂਦਰ ਦੁਆਲੇ ਸੁਰੱਖਿਅਤ ਜ਼ੋਨ ਬਣਾਉਣ ਦਾ ਸੱਦਾ ਦਿੱਤਾ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡੀਜੀ ਰਾਫੇਲ ਗਰੌਸੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਦੋਵਾਂ ਮੁਲਕਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਇੱਥੋਂ ਗੋਲੀਬਾਰੀ ਬੰਦ ਹੋ ਸਕੇ। ਜ਼ਿਕਰਯੋਗ ਹੈ ਕਿ ਇਹ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਕੇਂਦਰ ਹੈ। ਸੰਯੁਕਤ ਰਾਸ਼ਟਰ ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਪਲਾਂਟ ਨੇੜੇ ਸੁਰੱਖਿਅਤ ਜ਼ੋਨ ਬਣਾਉਣ ਤੇ ਬੰਬਾਰੀ ਬੰਦ ਕਰਨ ਦੀਆਂ ਚਾਹਵਾਨ ਜਾਪਦੀਆਂ ਹਨ। ਗਰੌਸੀ ਨੇ ਇਸ ਪਲਾਂਟ ਉਤੇ ਬੰਬਾਰੀ ਜਾਂ ਹਮਲਾ ਨਾ ਕਰਨ ਸਬੰਧੀ ਤਜਵੀਜ਼ ਪਿਛਲੇ ਹਫ਼ਤੇ ਪੇਸ਼ ਕੀਤੀ ਸੀ। -ਰਾਇਟਰਜ਼/ਏਪੀ


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …