Home / Punjabi News / ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, ‘ਆਪ’ ਨੂੰ ਮਿਲਿਆ ਸਾਫਟ ਕਾਰਨਰ

ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, ‘ਆਪ’ ਨੂੰ ਮਿਲਿਆ ਸਾਫਟ ਕਾਰਨਰ

ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, ‘ਆਪ’ ਨੂੰ ਮਿਲਿਆ ਸਾਫਟ ਕਾਰਨਰ

ਜਲੰਧਰ — ਲੋਕ ਸਭਾ ਚੋਣਾਂ ਉਪਰੰਤ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ ਪਰ ਪੰਜਾਬ ‘ਚ ਮਿਸ਼ਨ-13 ਦੀ ਅਸਫਲਤਾ ਉਪਰੰਤ ਕੈਪਟਨ ਸਰਕਾਰ ਹੌਲੀ-ਹੌਲੀ ਕਦਮ ਰੱਖਣ ਦੇ ਮੂਡ ‘ਚ ਹੈ ਕਿਉਂਕਿ ਇਕ ਤਾਂ ਉੱਪ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪਏਗਾ, ਉਥੇ ਹੀ ਜਿਨ੍ਹਾਂ ਵਿਧਾਨ ਸਭਾ ਹਲਕਿਆਂ ‘ਚ ਚੋਣਾਂ ਹੋਣੀਆਂ ਹਨ, ਉਨ੍ਹਾਂ ‘ਤੇ ਅਕਾਲੀ ਦਲ, ਭਾਜਪਾ ਅਤੇ ‘ਆਪ’ ਦਾ ਕਬਜ਼ਾ ਰਿਹਾ ਹੈ ਅਤੇ ਕਾਂਗਰਸ ਨੂੰ ਇਨ੍ਹਾਂ ਸਾਰੇ ਹਲਕਿਆਂ ‘ਚ ਤਿਕੋਣੇ ਮੁਕਾਬਲੇ ਦਾ ਸਾਹਮਣਾ ਕਰਨਾ ਪਏਗਾ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਕਿਸੇ ਜਲਦਬਾਜ਼ੀ ਦੇ ਮੂਡ ‘ਚ ਨਹੀਂ ਹਨ ਕਿਉਂਕਿ ਪੰਜਾਬ ‘ਚ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਪਹਿਲਾਂ ਤੋਂ ਹੀ ਹੈ। ਅਜਿਹੇ ਸਮੇਂ ਕੈਪਟਨ ਸਰਕਾਰ ਨੂੰ ਪਾਰਟੀ ਦੀ ਮਰਿਆਦਾ ਨੂੰ ਦਾਅ ‘ਤੇ ਲਗਾਉਣ ਦਾ ਕੋਈ ਵਿਚਾਰ ਨਹੀਂ ਦਿਖਾਈ ਦਿੰਦਾ ਹੈ। ਇਸ ਕਾਰਨ ਕੈਪਟਨ ਅਮਰਿੰਦਰ ਸਿੰਘ ‘ਵੇਟ ਐਂਡ ਵਾਚ’ ਦੀ ਰਣਨੀਤੀ ‘ਤੇ ਚੱਲਦੇ ਹੋਏ ‘ਆਪ’ ਨਾਲ ਸਬੰਧਤ ਸਾਰੇ ਹਲਕਿਆਂ ‘ਚ ਕਾਂਗਰਸ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸਿਆਸੀ ਸੂਤਰਾਂ ਦੀ ਮੰਨੀਏ ਤਾਂ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਸੇ ਕਾਰਨ ਬੀਤੇ ਦਿਨੀਂ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਉਥੇ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ 4 ਵਿਧਾਇਕਾਂ ਦੇ ਅਸਤੀਫਿਆਂ ਦਾ ਫੈਸਲਾ ਠੰਡੇ ਬਸਤੇ ‘ਚ ਪਾ ਕੇ ਇਕ ਤਰ੍ਹਾਂ ਨਾਲ ਸਾਫਟ ਕਾਰਨਰ ‘ਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਫਗਵਾੜਾ ਤੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਸੀਟ ਜਿੱਤ ਕੇ ਮੋਦੀ ਸਰਕਾਰ ‘ਚ ਕੈਬਨਿਟ ਮੰਤਰੀ ਬਣ ਚੁੱਕੇ ਹਨ। ਹੁਣ ਜਦਕਿ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ‘ਚ ਉੱਪ ਚੋਣਾਂ ਕਰਵਾਉਣ ਦਾ ਰਸਤਾ ਪੱਧਰਾ ਹੋ ਚੁੱਕਾ ਹੈ। ‘ਆਪ’ ਵਿਧਾਇਕਾਂ ਨੇ ਲੰਬੇ ਸਮੇਂ ਤੋਂ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਨੂੰ ਭੇਜੇ ਹੋਏ ਹਨ। ਭੁਲੱਥ ਹਲਕਾ ਜਿੱਥੋਂ ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਦਿੱਤਾ ਹੈ ਅਤੇ ਵੱਖਰੀ ਪਾਰਟੀ ਬਣਾਈ। ਉਥੇ ਹੀ ਉਨ੍ਹਾਂ ਨੇ ਬਠਿੰਡਾ ‘ਚ ਲੋਕ ਸਭਾ ਚੋਣ ਵੀ ਲੜੀ ਹੈ। ਦਾਖਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਦੇ ‘ਆਪ’ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਇਨ੍ਹਾਂ ਤੋਂ ਇਲਾਵਾ ਇਕ ਹੋਰ ਹਲਕਾ ਜੈਤੋਂ ਤੋਂ ‘ਆਪ’ ਵਿਧਾਇਕ ਬਲਦੇਵ ਸਿੰਘ ਨੇ ਅਸਤੀਫਾ ਦਿੱਤਾ ਅਤੇ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਉਮੀਦਵਾਰ ਦੇ ਤੌਰ ‘ਤੇ ਫਰੀਦਕੋਟ ਸੰਸਦੀ ਖੇਤਰ ਤੋਂ ਚੋਣ ਲੜੇ ਅਤੇ ਉਹ ਹਾਰ ਗਏ। ਹੁਣ ਵਿਧਾਨ ਸਭਾ ਸਪੀਕਰ ਕੋਲ ਪਹੁੰਚੇ ‘ਆਪ’ ਵਿਧਾਇਕਾਂ ਨਾਲ ਸਬੰਧਤ ਅਸਤੀਫਿਆਂ ‘ਤੇ ਫੈਸਲਾ ਪੈਂਡਿੰਗ ਕਰ ਲਿਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਅਜੇ ਕਿੰਨੇ ਹਲਕਿਆਂ ‘ਤੇ ਉਪ ਚੋਣਾਂ ਹੋਣਗੀਆਂ। ਇਸ ‘ਤੇ ਸਥਿਤੀ ਸਪੱਸ਼ਟ ਨਹੀਂ ਹੈ। ਹਾਲਾਂਕਿ ਜਲਾਲਾਬਾਦ ਤੇ ਫਗਵਾੜਾ ਉੱਪ ਚੋਣਾਂ ‘ਚ ਕਾਂਗਰਸ ਦਾ ਦਬਦਬਾ ਕਾਇਮ ਕਰ ਸਕਣਾ ਕੈਪਟਨ ਅਮਰਿੰਦਰ ਸਿੰਘ ਲਈ ਕੋਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਦੋਵੇਂ ਹੀ ਹਲਕਿਆਂ ਵਿਚ ਅਕਾਲੀ ਦਲ ਅਤੇ ਭਾਜਪਾ ਪਹਿਲਾਂ ਤੋਂ ਹੀ ਮਜ਼ਬੂਤ ਸਥਿਤੀ ਵਿਚ ਹੈ ਪਰ ਜੇਕਰ ‘ਆਪ’ ਨਾਲ ਸਬੰਧਤ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਹਨ ਤਾਂ ਕਾਂਗਰਸ ਲਈ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਲੋਕ ਸਭਾ ਚੋਣਾਂ ‘ਚ 4 ਵਿਧਾਨ ਸਭਾ ਖੇਤਰਾਂ ਮਾਨਸਾ, ਭੁਲੱਥ, ਜੈਤੋਂ ਤੇ ਰੋਪੜ ਵਿਚ ਕਾਂਗਰਸ ਨੂੰ ਲੀਡ ਹਾਸਲ ਹੋਈ ਹੈ ਜਦਕਿ ਸਿਰਫ ਦਾਖਾ ਵਿਚ ਹੀ ਕਾਂਗਰਸ ਲੋਕ ਇਨਸਾਫ ਪਾਰਟੀ ਤੋਂ ਪੱਛੜ ਗਈ ਸੀ।

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …