Home / Punjabi News / ਇਜ਼ਰਾਈਲ ਵੱਲੋਂ ਸੀਰੀਆ ’ਚ ਹਵਾਈ ਹਮਲਾ, ਪੰਜ ਜਵਾਨ ਜ਼ਖ਼ਮੀ

ਇਜ਼ਰਾਈਲ ਵੱਲੋਂ ਸੀਰੀਆ ’ਚ ਹਵਾਈ ਹਮਲਾ, ਪੰਜ ਜਵਾਨ ਜ਼ਖ਼ਮੀ

ਬੈਰੂਤ, 2 ਅਪਰੈਲ

ਇਜ਼ਰਾਈਲ ਨੇ ਸੀਰੀਆ ਦੇ ਹੋਮਸ ਪ੍ਰਾਂਤ ‘ਚ ਕਈ ਥਾਵਾਂ ‘ਤੇ ਅੱਜ ਸਵੇਰੇ ਹਵਾਈ ਹਮਲੇ ਕੀਤੇ ਜਿਸ ‘ਚ ਪੰਜ ਜਵਾਨ ਜ਼ਖ਼ਮੀ ਹੋ ਗਏ। ਇਜ਼ਰਾਈਲ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ‘ਚ ਜ਼ਖ਼ਮੀ ਹੋਏ ਇਰਾਨੀ ਫ਼ੌਜੀ ਸਲਾਹਕਾਰ ਮਿਲਾਦ ਹੈਦਰੀ ਦੀ ਮੌਤ ਹੋ ਗਈ ਹੈ। ਮਾਰਚ 2011 ਤੋਂ ਸ਼ੁਰੂ ਹੋਏ ਸੀਰਿਆਈ ਸੰਘਰਸ਼ ‘ਚ ਇਰਾਨ, ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦਾ ਮੁੱਖ ਹਮਾਇਤੀ ਰਿਹਾ ਹੈ ਅਤੇ ਉਸ ਵੱਲੋਂ ਜੰਗ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਲਾਹਕਾਰ ਭੇਜੇ ਜਾ ਰਹੇ ਹਨ। ਇਜ਼ਰਾਈਲ ਨੇ ਇਸ ਸਾਲ ਹੁਣ ਤੱਕ 9 ਵਾਰ ਸੀਰੀਆ ‘ਤੇ ਹਮਲੇ ਕੀਤੇ ਹਨ। ਸਰਕਾਰੀ ਖ਼ਬਰ ਏਜੰਸੀ ਸਨਾ ਨੇ ਫ਼ੌਜੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸੀਰਿਆਈ ਹਵਾਈ ਰੱਖਿਆ ਪ੍ਰਣਾਲੀਆਂ ਨੇ ਕੁਝ ਮਿਜ਼ਾਈਲਾਂ ਨੂੰ ਹਵਾ ‘ਚ ਹੀ ਫੁੰਡ ਦਿੱਤਾ। ਮਨੁੱਖੀ ਹੱਕਾਂ ਬਾਰੇ ਸੀਰੀਅਨ ਆਬਜ਼ਰਵੇਟਰੀ ਮੁਤਾਬਕ ਮਿਜ਼ਾਈਲਾਂ ਨੇ ਸੀਰੀਆ ਦੇ ਫ਼ੌਜੀ ਅਤੇ ਇਰਾਨ ਨਾਲ ਜੁੜੇ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਮੀਟਿੰਗ ਦੌਰਾਨ ਹਮਲਿਆਂ ਦਾ ਸਿੱਧੇ ਤੌਰ ‘ਤੇ ਕੋਈ ਜ਼ਿਕਰ ਨਹੀਂ ਕੀਤਾ ਪਰ ਇੰਨਾ ਜ਼ਰੂਰ ਕਿਹਾ ਕਿ ਇਜ਼ਰਾਈਲ ਵਿਦੇਸ਼ੀ ਧਮਕੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ਨੇ ਪਿਛਲੇ ਕੁਝ ਸਾਲਾਂ ‘ਚ ਦਮੱਸ਼ਕ ਅਤੇ ਅਲੈਪੋ ਹਵਾਈ ਅੱਡਿਆਂ ਸਣੇ ਸੀਰੀਆ ਅੰਦਰ ਸੈਂਕੜੇ ਹਮਲੇ ਕੀਤੇ ਹਨ ਪਰ ਉਸ ਨੇ ਕਦੇ ਵੀ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …