Home / Punjabi News / ਆਪ’ ਖਿੰਡੀ, ਅਕਾਲੀ-ਭਾਜਪਾ ਦੇ ਘੱਟ ਹੋਏ ਵਿਧਾਇਕ, ਕਾਂਗਰਸ ਖੁਸ਼

ਆਪ’ ਖਿੰਡੀ, ਅਕਾਲੀ-ਭਾਜਪਾ ਦੇ ਘੱਟ ਹੋਏ ਵਿਧਾਇਕ, ਕਾਂਗਰਸ ਖੁਸ਼

ਆਪ’ ਖਿੰਡੀ, ਅਕਾਲੀ-ਭਾਜਪਾ ਦੇ ਘੱਟ ਹੋਏ ਵਿਧਾਇਕ, ਕਾਂਗਰਸ ਖੁਸ਼

ਚੰਡੀਗੜ੍ਹ : ਮਾਨਸੂਨ ਸੈਸ਼ਨ ਲਈ ਸੱਤਾ ਧਿਰ ਬਹੁਤ ਯਕੀਨੀ ਮਨ ਨਾਲ ਤਿਆਰੀ ‘ਚ ਲੱਗੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਖਿੰਡੀ ਹੋਈ ਵਿਰੋਧੀ ਧਿਰ ਹੈ। ਪੂਰਨ ਬਹੁਮਤ ਨਾਲ 2017 ‘ਚ ਵਿਧਾਨ ਸਭਾ ‘ਚ ਪਹੁੰਚੀ ਕਾਂਗਰਸ ਉਂਝ ਤਾਂ ਸ਼ੁਰੂ ਤੋਂ ਹੀ ਆਪਣੇ ਗਿਣਤੀ ਦੇ ਜ਼ੋਰ ਕਾਰਨ ਸਦਨ ‘ਚ ਵਿਰੋਧੀ ਧਿਰ ‘ਤੇ ਭਾਰੀ ਰਹੀ ਹੈ ਪਰ ਮੌਜੂਦਾ ਸਮੇਂ ‘ਚ ਵਿਰੋਧੀ ਧਿਰ ‘ਚ ਹੋਏ ਖਿੰਡਾਅ ਨੇ ਕਾਂਗਰਸ ਨੂੰ ਫਲੋਰ ਮੈਨੇਜਮੈਂਟ ਲਈ ਹੋਰ ਵੀ ਸੌਖ ਪ੍ਰਦਾਨ ਕਰ ਦਿੱਤੀ ਹੈ। ਵਿਧਾਨ ਸਭਾ ‘ਚ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਨੇਤਾ ਵਿਰੋਧੀ ਧਿਰ ਦਾ ਅਹੁਦਾ ਪਾਉਣ ਵਾਲੀ ਆਮ ਆਦਮੀ ਪਾਰਟੀ ਭਲੇ ਹੀ ਕਾਗਜ਼ਾਂ ‘ਚ ਹਾਲੇ ਵੀ 20 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਪਰ ਅਸਲੀਅਤ ‘ਚ ਅਜਿਹੀ ਸਥਿਤੀ ਨਹੀਂ ਹੈ। ਵਿਧਾਨ ਸਭਾ ‘ਚ ਲੰਬੇ ਅਰਸੇ ਤੋਂ ਅਟਕੀਆਂ ਪਈਆਂ ਰਸਮਾਂ ਤੋਂ ਬਾਅਦ ਇਹ ਅੰਕੜਾ 5 ਅੰਕ ਘੱਟ ਜਾਵੇਗਾ ਅਤੇ 4 ਬਾਗੀ ਵਿਧਾਇਕਾਂ ਨੂੰ ਵੀ ਵੱਖ ਕਰ ਦਿਓ ਤਾਂ ਸਿਰਫ 11 ਵਿਧਾਇਕ ਹੀ ਪਾਰਟੀ ਦੇ ਏਜੰਡੇ ਨੂੰ ਸਦਨ ‘ਚ ਅੱਗੇ ਵਧਾਉਣ ਲਈ ਮੌਜੂਦ ਰਹਿਣਗੇ ਕਿਉਂਕਿ ਪਾਰਟੀ ਦੇ ਬਾਕੀ ਬਚੇ ਵਿਧਾਇਕਾਂ ‘ਚੋਂ ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਪਾਰਟੀ ਸੁਰਾਂ ਤੋਂ ਵੱਖ ਆਪਣੀ ਬੀਨ ਵਜਾ ਰਹੇ ਹਨ। ਹੁਣ ਬਾਕੀ 11 ‘ਚੋਂ ਵੀ ਇਕ ਅਮਨ ਅਰੋੜਾ ਪਾਰਟੀ ਵਿਧਾਇਕ ਦਲ ਦੇ ਨੇਤਾ ਨਾਲ ਨਾਰਾਜ਼ ਚੱਲ ਰਹੇ ਹਨ ਅਤੇ ਆਪਣੇ ਬਿਆਨ ਤੱਕ ਪਾਰਟੀ ਤੋਂ ਵੱਖ ਭੇਜਦੇ ਹਨ। ‘ਆਪ’ ਵਿਧਾਇਕ ਐੱਚ. ਐੱਸ. ਫੂਲਕਾ ਨੇ ਤਕਰੀਬਨ 11 ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਪਿੱਛੇ ਉਨ੍ਹਾਂ ਨੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਕੇਸਾਂ ‘ਚ ਰੁਝੇਵੇਂ ਨੂੰ ਕਾਰਣ ਦੱਸਿਆ ਸੀ ਪਰ ਇੰਨਾ ਸਮਾਂ ਗੁਜ਼ਰਨ ਦੇ ਬਾਵਜੂਦ ਵੀ ਫੂਲਕਾ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ ਅਤੇ ਆਪਣਾ ਅਸਤੀਫਾ ਐਲਾਨ ਕਰਨ ਦੇ ਬਾਵਜੂਦ ਵੀ ਫੂਲਕਾ ਵਿਧਾਨ ਸਭਾ ‘ਚ ਬੈਠਕਾਂ ਅਟੈਂਡ ਕਰ ਚੁੱਕੇ ਹਨ।
ਪਿਛਲੇ ਸਾਲ ਜੁਲਾਈ ‘ਚ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਨੇ 8 ਵਿਧਾਇਕਾਂ ਦਾ ਇਕ ‘ਬਾਗੀ’ ਗੁੱਟ ਬਣਾਇਆ ਸੀ ਅਤੇ ਉਸ ਦੇ ਦਮ ‘ਤੇ ਕਾਫ਼ੀ ਦੇਰ ਤੱਕ ਉਸ ਨੇ ‘ਆਪ’ ਲੀਡਰਸ਼ਿਪ ‘ਤੇ ਵਾਰ ਕੀਤੇ। ਫਿਰ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ਦੇ ਝੰਡੇ ਹੇਠ ਲੋਕ ਸਭਾ ਚੋਣਾਂ ਵੀ ਲੜੀਆਂ ਅਤੇ ਇਹ ਚੋਣ ਲੜਨ ਤੋਂ ਪਹਿਲਾਂ ਰਸਮੀ ਤੌਰ ‘ਤੇ ਆਪਣੇ ਅਸਤੀਫਾ ਵੀ ਭੇਜੇ ਪਰ ਇਹ ਅਸਤੀਫੇ ਵੀ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਦਫ਼ਤਰ ‘ਚ ਵਿਚਾਰ ਅਧੀਨ ਹਨ। ਉਥੇ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਮਾਨਸਾ ਤੋਂ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਸਤੀਫਾ ਦੇ ਕੇ ਸੱਤਾਧਿਰ ਕਾਂਗਰਸ ‘ਚ ਸ਼ਾਮਲ ਹੋਣ ਦਾ ਐਲਾਨ ਕਰ ਗਏ। ਮਜ਼ੇ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਅਸਤੀਫੇ ਵੀ ਸਪੀਕਰ ਦੇ ਦਫ਼ਤਰ ‘ਚ ਵਿਚਾਰ ਅਧੀਨ ਹਨ। ਵਿਧਾਨ ਸਭਾ ‘ਚ ਪਾਰਟੀ ਦੀ ਹਾਲਤ ਸਬੰਧੀ ਗੱਲ ਕਰਨ ‘ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਵਿਧਾਇਕ ਇੱਕਜੁਟ ਹਨ ਅਤੇ ਸਰਕਾਰ ਨੂੰ ਘੇਰਨ ਲਈ ਤਿਆਰ ਹਨ। ਉਨ੍ਹਾਂ ਨੇ ਮੰਨਿਆ ਕਿ ਕੁਝ ਵਿਧਾਇਕਾਂ ‘ਚ ਨਾਰਾਜ਼ਗੀ ਜ਼ਰੂਰ ਹੈ ਪਰ ਉਹ ਪਾਰਟੀ ਦੇ ਨਾਲ ਹਨ। ਸੁਖਪਾਲ ਖਹਿਰਾ ‘ਤੇ ਤੰਜ ਕੱਸਦੇ ਹੋਏ ਚੀਮਾ ਨੇ ਕਿਹਾ ਕਿ ਖਹਿਰਾ ਨੂੰ ਆਪਣੇ ਜ਼ਮੀਰ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਮੌਜੂਦਾ ਸਥਿਤੀ ‘ਚ ਸਦਨ ‘ਚ ਬੈਠਣ ਦੇ ਯੋਗ ਹਨ ਜਾਂ ਨਹ।
ਸੁਖਬੀਰ ਅਤੇ ਸੋਮ ਪ੍ਰਕਾਸ਼ ਵੀ ਗਏ
ਵਿਰੋਧੀ ਧਿਰ ‘ਚ ਸਿਰਫ ਆਮ ਆਦਮੀ ਪਾਰਟੀ ਹੀ ਇਕੱਲੀ ਅਜਿਹੀ ਪਾਰਟੀ ਨਹੀਂ ਹੈ, ਜਿਸ ਦੀ ਗਿਣਤੀ ਘੱਟ ਹੋਈ ਹੈ, ਸਗੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਤੋਂ ਘੱਟ ਨਹੀਂ। ਲੋਕ ਸਭਾ ਚੋਣਾਂ ‘ਚ ਜਿੱਤਣ ਕਾਰਨ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੋਮ ਪ੍ਰਕਾਸ਼ ਸਦਨ ਤੋਂ ਗਾਇਬ ਰਹਿਣਗੇ ਕਿਉਂਕਿ ਉਨ੍ਹਾਂ ਵੱਲੋਂ ਖਾਲੀ ਕੀਤੀਆਂ ਗਈਆਂ ਸੀਟਾਂ ‘ਤੇ ਹਾਲੇ ਚੋਣਾਂ ਨਹੀਂ ਹੋਈਆਂ ਹਨ ਤਾਂ ਅਕਾਲੀ-ਭਾਜਪਾ ਗਠਜੋੜ ਨੂੰ ਇੰਝ ਹੀ ਕੰਮ ਚਲਾਉਣਾ ਹੋਵੇਗਾ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …