Home / Punjabi News / ਆਈਸੀਜੇ ਦੇ ਜੱਜ ਨਿੱਜੀ ਤੌਰ ’ਤੇ ਵੋਟ ਦਿੰਦੇ ਹਨ: ਵਿਦੇਸ਼ ਮੰਤਰਾਲਾ

ਆਈਸੀਜੇ ਦੇ ਜੱਜ ਨਿੱਜੀ ਤੌਰ ’ਤੇ ਵੋਟ ਦਿੰਦੇ ਹਨ: ਵਿਦੇਸ਼ ਮੰਤਰਾਲਾ

ਆਈਸੀਜੇ ਦੇ ਜੱਜ ਨਿੱਜੀ ਤੌਰ ’ਤੇ ਵੋਟ ਦਿੰਦੇ ਹਨ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ/ਹੇਗ, 17 ਮਾਰਚ

ਮੁੱਖ ਅੰਸ਼

  • ਰੂਸ ਤੇ ਚੀਨ ਦੇ ਜੱਜਾਂ ਨੇ ਯੂਕਰੇਨ ‘ਚ ਫੌਜੀ ਕਾਰਵਾਈ ਰੋਕਣ ਦੇ ਫੈਸਲੇ ਦੇ ਵਿਰੋਧ ‘ਚ ਪਾਈ ਸੀ ਵੋਟ

ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ‘ਚ ਜੱਜ ਨਿੱਜੀ ਤੌਰ ‘ਤੇ ਵੋਟ ਦਿੰਦੇ ਹਨ। ਮੰਤਰਾਲੇ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਭਾਰਤੀ ਜੱਜ ਦਲਵੀਰ ਭੰਡਾਰੀ ਨੇ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ‘ਚ ਰੂਸ ਖ਼ਿਲਾਫ਼ ਵੋਟਿੰਗ ਕੀਤੀ ਸੀ। ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਨੇ ਬੁੱਧਵਾਰ ਨੂੰ ਯੂਕਰੇਨ ਦੇ ਹੱਕ ‘ਚ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਰੂਸ ਫ਼ੌਜੀ ਕਾਰਵਾਈ ਤੁਰੰਤ ਰੋਕੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਜੱਜ ਨਿੱਜੀ ਤੌਰ ‘ਤੇ ਵੋਟ ਦਿੰਦੇ ਹਨ ਅਤੇ ਉਹ ਗੁਣ-ਦੋਸ਼ ਦੇ ਆਧਾਰ ‘ਤੇ ਵੋਟ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਆਈਸੀਜੇ ‘ਚ ਜੱਜ ਕਿਵੇਂ ਵੋਟ ਕਰਦੇ ਹਨ, ਇਸ ਬਾਰੇ ਟਿੱਪਣੀ ਕਰਨਾ ਜਾਇਜ਼ ਨਹੀਂ ਹੈ। ਤਰਜਮਾਨ ਨੇ ਕਿਹਾ ਕਿ ਜਸਟਿਸ ਭੰਡਾਰੀ ਭਾਰਤ ਦੇ ਨਾਗਰਿਕ ਹਨ ਜੋ ਆਈਸੀਜੇ ‘ਚ ਨਿੱਜੀ ਹੈਸੀਅਤ ਨਾਲ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਕਿ ਜੱਜ ਮੁੱਦਿਆਂ ‘ਤੇ ਕਿਵੇਂ ਵੋਟ ਕਰਦੇ ਹਨ। ਇਸ ਤੋਂ ਪਹਿਲਾਂ ਕੌਮਾਂਤਰੀ ਅਦਾਲਤ ਦਾ ਫ਼ੈਸਲਾ 13-2 ਵੋਟਾਂ ਨਾਲ ਆਇਆ ਸੀ। ਰੂਸ ਦੇ ਮੀਤ ਪ੍ਰਧਾਨ ਕਿਰਿਲ ਗਿਵੋਰਜੀਅਨ ਅਤੇ ਚੀਨ ਦੇ ਜੱਜ ਜ਼ੂ ਹੈਨਕਿਨ ਨੇ ਫ਼ੈਸਲੇ ਦੇ ਵਿਰੋਧ ‘ਚ ਵੋਟ ਦਿੱਤੀ। ਆਈਸੀਜੇ ਨੇ ਫ਼ੈਸਲਾ ਦਿੱਤਾ ਕਿ ਰੂਸ ਨੂੰ 24 ਫਰਵਰੀ ਤੋਂ ਸ਼ੁਰੂ ਕੀਤੇ ਗਏ ਫ਼ੌਜੀ ਅਪਰੇਸ਼ਨ ਨੂੰ ਫੌਰੀ ਮੁਲਤਵੀ ਕਰਨਾ ਚਾਹੀਦਾ ਹੈ। ਫ਼ੈਸਲੇ ਦੇ ਹੱਕ ‘ਚ ਪਏ 13 ਵੋਟਾਂ ‘ਚੋਂ ਇਕ ਵੋਟ ਭਾਰਤੀ ਜੱਜ ਦਲਵੀਰ ਭੰਡਾਰੀ ਦਾ ਵੀ ਹੈ। ਯੂਕਰੇਨ ਨੇ 27 ਫਰਵਰੀ ਨੂੰ ਆਈਸੀਜੇ ‘ਚ ਅਰਜ਼ੀ ਦਿੰਦਿਆਂ ਰੂਸ ‘ਤੇ ਦੋਸ਼ ਲਾਇਆ ਸੀ ਕਿ ਉਹ ਨਰਸੰਘਾਰ ਕਰ ਰਿਹਾ ਹੈ। ਯੂਕਰੇਨ ਨੇ ਦਲੀਲ ਦਿੰਦਿਆਂ ਕਿਹਾ ਸੀ ਕਿ ਰੂਸ ਨੇ ਯੂਕਰੇਨ ‘ਤੇ ਲੁਹਾਂਸਕ ਅਤੇ ਦੋਨੇਤਸਕ ‘ਚ ਨਰਸੰਘਾਰ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਇਸ ਨੂੰ ਮੌਜੂਦਾ ਹਮਲੇ ਦੇ ਬਹਾਨੇ ਵਜੋਂ ਵਰਤ ਕੇ ਨਰਸੰਘਾਰ ਰੋਕਣ ਸਬੰਧੀ 1948 ਦੀ ਇਕ ਸੰਧੀ ਦੀ ਉਲੰਘਣ ਕੀਤੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਰੂਸ ਨੇ ਕਾਰਵਾਈ ‘ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਸੀ ਪਰ ਬਾਅਦ ‘ਚ ਉਸ ਨੇ ਇਸ ਕੇਸ ਦੇ ਸਬੰਧ ‘ਚ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਦਸਤਾਵੇਜ਼ ਦਿੱਤੇ ਅਤੇ ਕਿਹਾ ਕਿ ਅਦਾਲਤ ਕੋਲ ਯੂਕਰੇਨ ਦੀ ਸ਼ਿਕਾਇਤ ਸੁਣਨ ਦਾ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਇਹ ਅਰਜ਼ੀ ਰੱਦ ਕਰ ਦੇਣੀ ਚਾਹੀਦੀ ਹੈ। ਫ਼ੈਸਲਾ ਸੁਣਾਉਂਦਿਆਂ ਅਦਾਲਤ ਦੀ ਮੁਖੀ ਜੋਆਨ ਡੋਨੋਗਹੁਈ ਨੇ ਕਿਹਾ ਕਿ ਆਈਸੀਜੇ ਕੋਲ ਸ਼ਿਕਾਇਤ ‘ਤੇ ਸੁਣਵਾਈ ਦੇ ਲੋੜੀਂਦੇ ਹੱਕ ਹਨ। ਉਨ੍ਹਾਂ ਕਿਹਾ ਕਿ ਰੂਸੀ ਫੈਡਰੇਸ਼ਨ ਵੱਲੋਂ ਯੂਕਰੇਨ ‘ਤੇ ਕੀਤੇ ਗਏ ਵੱਡੇ ਪੱਧਰ ‘ਤੇ ਹਮਲੇ ਨਾਲ ਕਈ ਜਾਨਾਂ ਚਲੀਆਂ ਗਈਆਂ, ਕਈ ਲੋਕਾਂ ਨੂੰ ਮਾਨਸਿਕ ਤੇ ਸ਼ਰੀਰਕ ਨੁਕਸਾਨ ਪਹੁੰਚਿਆ, ਸੰਪਤੀ ਅਤੇ ਵਾਤਾਵਰਨ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ‘ਤੇ ਹਮਲੇ ਜਾਰੀ ਹਨ ਅਤੇ ਆਮ ਲੋਕਾਂ ਦਾ ਜਿਊਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਚਿੰਤਾ ਜਤਾਈ ਕਿ ਕਈ ਲੋਕਾਂ ਨੂੰ ਭੋਜਨ, ਪੀਣ ਵਾਲਾ ਪਾਣੀ, ਬਿਜਲੀ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ‘ਵੱਡੀ ਗਿਣਤੀ ਲੋਕਾਂ ਨੂੰ ਮਾੜੇ ਹਾਲਾਤ ‘ਚ ਹਿਜਰਤ ਕਰਨੀ ਪੈ ਰਹੀ ਹੈ। ਇਸ ਲਈ ਰੂਸ ਫ਼ੌਜੀ ਕਾਰਵਾਈ ਨੂੰ ਫੌਰੀ ਰੋਕੇ।’ -ਆਈਏਐਨਐਸ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …