Home / World / ਅਲੋਪ ਹੋ ਰਹੀਆਂ ਕਲਾਵਾਂ ਬਾਰੇ ਅੰਮ੍ਰਿਤਸਰ ਵਿਖੇ ਬਣੇਗਾ ਮਿਊਜ਼ੀਅਮ : ਸਿੱਧੂ

ਅਲੋਪ ਹੋ ਰਹੀਆਂ ਕਲਾਵਾਂ ਬਾਰੇ ਅੰਮ੍ਰਿਤਸਰ ਵਿਖੇ ਬਣੇਗਾ ਮਿਊਜ਼ੀਅਮ : ਸਿੱਧੂ

ਅਲੋਪ ਹੋ ਰਹੀਆਂ ਕਲਾਵਾਂ ਬਾਰੇ ਅੰਮ੍ਰਿਤਸਰ ਵਿਖੇ ਬਣੇਗਾ ਮਿਊਜ਼ੀਅਮ : ਸਿੱਧੂ

3ਚੰਡੀਗੜ੍ਹ  -ਪੰਜਾਬ ਦੀਆਂ ਅਲੋਪ ਹੋ ਰਹੀਆਂ ਕਲਾਵਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਅੰਮ੍ਰਿਤਸਰ ਵਿਖੇ ਮਿਊਜ਼ੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਜੀਵਨ ਜਾਚ ਨਾਲ ਜੁੜੀਆਂ ਵਸਤਾਂ ਬਾਰੇ ਆਰਟ ਗੈਲਰੀ ਅਤੇ ਰਵਾਇਤੀ ਪੰਜਾਬੀ ਪਕਵਾਨਾਂ ਵਾਲੀ ਫੂਡ ਸਟਰੀਟ ਵੀ ਬਣਾਈ ਜਾਵੇਗੀ। ਇਹ ਗੱਲ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪੰਜਾਬੀ ਸਾਹਿਤ, ਸੱਭਿਆਚਾਰ, ਸੰਗੀਤ ਤੇ ਫਿਲਮਾਂ ਨਾਲ ਜੁੜੇ ਚੋਟੀ ਦੇ ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਕਹੀ।
ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਵੰਡ ਬਾਰੇ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਪਾਰਟੀਸ਼ੀਅਨ ਮਿਊਜ਼ੀਅਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਵਿਖੇ ਅਲੋਪ ਹੋ ਰਹੀਆਂ ਕਲਾਵਾਂ, ਸਾਜ਼ ਅਤੇ ਵਸਤਾਂ ਦਾ ਮਿਊਜ਼ੀਅਮ ਬਣਾਇਆ ਜਾਵੇਗਾ ਜਿਸ ਵਿੱਚ  ਫੁਲਕਾਰੀਆਂ, ਬਾਗ, ਪਰਾਂਦੇ, ਜੁੱਤੀ, ਅਲਗੋਜ਼ੇ, ਤੂੰਬੀ, ਢੋਲ ਆਦਿ ਵੀ ਰੱਖੇ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਅਮੀਰ ਪੰਜਾਬੀ ਵਿਰਸੇ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਆਰਟ ਗੈਲਰੀ ਵੀ ਬਣਾਈ ਜਾਵੇਗੀ ਅਤੇ ਰਵਾਇਤੀ ਪੰਜਾਬੀ ਵਸਤਾਂ ਨੂੰ ਸੋਵੀਨਾਰ ਦੇ ਰੂਪ ਵਿੱਚ ਸੈਲਾਨੀਆਂ ਦੀ ਖਰੀਦ ਲਈ ਰੱਖਿਆ ਜਾਵੇਗਾ ਜਿਸ ਨਾਲ ਇਨ੍ਹਾਂ ਵਸਤਾਂ ਨਾਲ ਜੁੜੇ ਕਾਰੀਗਾਰਾਂ ਨੂੰ ਆਰਥਿਕ ਲਾਭ ਵੀ ਹੋਵੇਗਾ। ਇਸੇ ਤਰ੍ਹਾਂ ਰਵਾਇਤੀ ਪੰਜਾਬੀ ਖਾਣੇ ਦੀ ਫੂਡ ਸਟਰੀਟ ਸਥਾਪਤ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸ. ਸਿੱਧੂ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੱਭਿਆਚਾਰ ਨੀਤੀ ਦੇ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਅੱਜ ਇਹ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨੀਤੀ ਦਾ ਖਰੜਾ ਸਾਰੇ ਹਾਜ਼ਰ ਵਿਦਵਾਨਾਂ ਤੇ ਕਲਾਕਾਰਾਂ ਨੂੰ ਭੇਜ ਦਿੱਤਾ ਸੀ ਜਿਸ ਬਾਰੇ ਅੱਜ ਵਿਚਾਰ ਕੀਤਾ ਜਾਣਾ ਹੈ। ਵੱਖ-ਵੱਖ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ‘ਤੇ ਮੌਕੇ ਉਪਰ ਵੀ ਵਿਚਾਰ ਵਟਾਂਦਰਾ ਹੋਇਆ। ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਬਾਰੇ ਗੱਲ ਹੋਈ ਜਿੱਥੇ ਮਾਹਿਰਾਂ ਨੇ ਰਾਏ ਦਿੱਤੀ ਕਿ ਸੱਭਿਆਚਾਰ ਨੀਤੀ ਦਾ ਮਨੋਰਥ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਤੇ ਸਾਹਿਤ ਨਾਲ ਜੋੜਨਾ ਹੈ ਜਦੋਂ ਕਿ ਸੈਰ ਸਪਾਟਾ ਨੀਤੀ ਦਾ ਮਨੋਰਥ ਪੰਜਾਬ ਵਿੱਚ ਸੈਲਾਨੀਆਂ ਦੀ ਆਮਦ ਵਧਾ ਕੇ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨਾ ਹੈ।
ਮੀਟੰਗ ਵਿੱਚ ਮਿਲੇ ਕੁਝ ਸੁਝਾਵਾਂ ‘ਤੇ ਅਮਲ ਕਰਨ ਦਾ ਭਰੋਸਾ ਦਿੰਦਿਆਂ ਸ. ਸਿੱਧੂ ਨੇ ਐਲਾਨ ਕੀਤਾ ਕਿ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾਂ ਦੀ ਪ੍ਰਫੁੱਲਤਾ ਲਈ ਉਹ ਮੁੱਖ ਮੰਤਰੀ ਜੀ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਮੀਟਿੰਗ ਕਰ ਕੇ ਸਾਂਝੇ ਰੂਪ ਵਿੱਚ ਮੁਹਿੰਮ ਚਲਾਉਣ ਲਈ ਗੱਲ ਕਰਨਗੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ, ਸੱਭਿਆਚਾਰ, ਸੰਗੀਤ ਨੂੰ ਸਮਰਪਿਤ ਪੰਜਾਬ ਦੀਆਂ ਸਿਖਰਲੀਆਂ ਸੰਸਥਾਵਾਂ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੰਸਥਾਵਾਂ ਨੂੰ ਪੱਕੀ ਗਰਾਂਟ ਦੇਣ ਦੀ ਵਿਵਸਥਾ ਬਣਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਦੇ ਮਹਾਨ ਲੇਖਕਾਂ, ਕਲਾਕਾਰਾਂ ਨਾਲ ਜੁੜੀਆਂ ਥਾਵਾਂ ਦੀ ਬਿਹਤਰ ਰੱਖ-ਰਖਾਵ ਅਤੇ ਇਨ੍ਹਾਂ ਨੂੰ ਯਾਦਗਾਰੀ ਬਣਾਉਣ ਲਈ ਇਕ ਟੂਰ ਪ੍ਰੋਗਰਾਮ ਉਲੀਕਿਆ ਜਾਵੇਗਾ। ਪੰਜਾਬ ਵਿੱਚ ਇਤਿਹਾਸਕ ਥਾਵਾਂ ‘ਤੇ ਫਿਲਮਾਂ ਦੀ ਸ਼ੂਟਿੰਗ ਲਈ ਆਗਿਆ ਦੇਣ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕਰਨ ਬਾਰੇ ਵੀ ਸਹਿਮਤੀ ਹੋਈ। ਇਸੇ ਤਰ੍ਹਾਂ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਫ.ਡੀ.ਸੀ.) ਦੇ ਤਰਜ਼ ‘ਤੇ ਪੰਜਾਬ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਉਣ ਬਾਰੇ ਵੀ ਵਿਚਾਰਾਂ ਹੋਈਆਂ। ਬੱਚਿਆਂ ਲਈ ਬਾਲ ਫਿਲਮਾਂ ਅਤੇ ਐਨੀਮੇਸ਼ਨ ਫਿਲਮਾਂ ਬਣਾਉਣ ਬਾਰੇ ਵੀ ਚਰਚਾ ਹੋਈ। ਅੰਤ ਵਿੱਚ ਸ. ਸਿੱਧੂ ਨੇ ਕਿਹਾ ਕਿ ਇਨ੍ਹਾਂ ਸਾਰੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਿਖਤੀ ਯੋਜਨਾ ਸੌਂਪੀ ਜਾਵੇ ਤਾਂ ਜੋ ਇਨ੍ਹਾਂ ਨੂੰ ਸੱਭਿਆਚਾਰ ਨੀਤੀ ਦਾ ਹਿੱਸਾ ਬਣਾਇਆ ਜਾ ਸਕੇ।
ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਪਦਮ ਸ੍ਰੀ ਡਾ. ਸੁਰਜੀਤ ਪਾਤਰ, ਸਤਵਿੰਦਰ ਬਿੱਟੀ, ਪੰਮੀ ਬਾਈ, ਡਾ.ਸੁਨੀਤਾ ਧੀਰ, ਨਿੰਦਰ ਘੁਗਿਆਣਵੀ, ਗੁਰਮੀਤ ਬਾਵਾ, ਡਾ.ਲਖਵਿੰਦਰ ਜੌਹਲ, ਮਨਮੋਹਨ ਸਿੰਘ, ਪ੍ਰੋ. ਰਾਜਪਾਲ ਸਿੰਘ, ਡਾ.ਦੀਪਕ ਮਨਮੋਹਨ ਸਿੰਘ, ਦਰਸ਼ਨ ਔਲਖ, ਕੇਵਲ ਧਾਲੀਵਾਲ, ਦੀਵਾਨ ਮੰਨਾ, ਜੰਗ ਬਹਾਦਰ ਗੋਇਲ, ਸੁੱਖੀ ਬਰਾੜ, ਡਾ.ਸੁਰਜੀਤ, ਡਾ. ਬਲਦੇਵ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ, ਮਨਪਾਲ ਟਿਵਾਣਾ ਤੇ ਤਾਰਾ ਸਿੰਘ ਸੰਧੂ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …