ਚੰਡੀਗੜ੍ਹ, 19 ਅਪਰੈਲ
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇੱਥੇ ਪੰਜਾਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐੱਫਪੀਆਈ) (ਲੜਕੇ) ਅਤੇ ਮਾਈ ਭਾਗੋ ਏਐੱਫਪੀਆਈ (ਲੜਕੀਆਂ) ਦੇ ਕੈਡਿਟਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਇਨ੍ਹਾਂ ਦੋ ਵੱਕਾਰੀ ਸੰਸਥਾਵਾਂ ਦਾ ਉਦੇਸ਼ ਰੱਖਿਆ ਸੇਵਾਵਾਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਲਈ ਪੰਜਾਬ ਦੇ ਚੁਣੇ ਹੋਏ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਿਖਲਾਈ ਦੇਣਾ ਹੈ।
ਇਨ੍ਹਾਂ ਨਾਮਵਰ ਅਦਾਰਿਆਂ ਦਾ ਹਿੱਸਾ ਬਣਨ ਲਈ ਕੈਡਿਟਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਰੋੜਾ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਦੀ ਪ੍ਰਾਪਤੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਕੈਡਿਟਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਰੱਖਿਆ ਸੇਵਾਵਾਂ ਦੇ ਬਹਾਦਰੀ ਅਤੇ ਅਨੁਸ਼ਾਸਨ ਵਾਲੇ ਖੇਤਰ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਸੰਜੋਇਆ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜੇਐੱਸ ਸੰਧੂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ ਇਸ ਇੰਸਟੀਚਿਊਟ ਦੀਆਂ 4 ਲੇਡੀ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਰੈਂਕ ਮਿਲਿਆ ਹੈ, ਦੋ ਲੇਡੀ ਕੈਡਿਟਾਂ ਨੇ ਓਟੀਏ/ਏਐੱਫਏ ਵਿੱਚ ਜੁਆਇਨ ਕੀਤਾ ਹੈ, ਇੱਕ ਲੇਡੀ ਕੈਡਿਟ ਨੇ ਐੱਨਡੀਏ ਵਿੱਚ ਜੁਆਇਨ ਕੀਤਾ ਹੈ ਅਤੇ 25 ਲੇਡੀ ਕੈਡਿਟਾਂ ਏਐੱਫਸੀਏਟੀ ਅਤੇ ਸੀਡੀਐੱਸ ਲਿਖਤੀ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਐੱਸਐੱਸਬੀ ਤੋਂ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ ਨੇ ਸ੍ਰੀ ਅਰੋੜਾ ਨੂੰ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ 18 ਕੈਡਿਟਾਂ ਨੇ ਐੱਨਡੀਏ/ਅਤੇ ਇਸਦੇ ਬਰਾਬਰ ਦੇ ਦਰਜੇ ਦੀਆਂ ਅਕੈਡਮੀਆਂ ਵਿੱਚ ਜੁਆਇਨ ਕੀਤਾ ਹੈ ਅਤੇ 22 ਕੈਡਿਟਾਂ ਨੇ ਭਾਰਤ ਦੇ ਰੱਖਿਆ ਬਲਾਂ ਵਿੱਚ ਅਫ਼ਸਰ ਰੈਂਕ ‘ਤੇ ਜੁਆਇੰਨ ਕੀਤਾ ਹੈ। 14 ਕੈਡਿਟਾਂ ਨੇ ਆਪਣੀ ਐੱਸਐੱਸਬੀ ਦੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਮੈਰਿਟ ਸੂਚੀ ਤੇ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ। ਇਸ ਮੌਕੇ ਸਕੱਤਰ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕੁਮਾਰ ਰਾਹੁਲ, ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Source link
Asian Tribune Your Multilingual Newspaper covering World and local news News