
ਨਵੀਂ ਦਿੱਲੀ : ਪੁਰਾਣੀ ਦਿੱਲੀ ਦੇ ਭੀੜ ਵਾਲੇ ਇਲਾਕੇ ਨਵਾਂ ਬਾਜ਼ਾਰ ‘ਚ ਮੰਗਲਵਾਰ ਦੀ ਸਵੇਰ ਧਮਾਕੇ ਦੀ ਇਕ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਟੀਮ ਨਾਲ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਪੁੱਜੇ ਸੰਯੁਕਤ ਪੁਲਸ ਕਮਿਸ਼ਨਰ ਵੀਰੇਂਦਰ ਸਿੰਘ ਚਹਿਲ ਨੇ ਦੱਸਿਆ ਕਿ ਧਮਾਕੇ ਦੀ ਇਹਘਟਨਾ ਸਵੇਰੇ ਕਰੀਬ 10.30 ਵਜੇ ਹੋਈ। ਸ਼ੁਰੂਆਤੀ ਜਾਂਚ ਅਨੁਸਾਰ ਧਮਾਕਾ ਜੂਟ ਦੇ ਇਕ ਬੋਰੇ ‘ਚ ਹੋਇਆ, ਜਿਸ ਨੂੰ ਇਕ ਵਿਅਕਤੀ ਆਪਣੇ ਪਿੱਠ ‘ਤੇ ਲਿਜਾ ਰਿਹਾ ਸੀ। ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੋਲ ਮੌਜੂਦ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ।
ਇਸ ਦੇ ਪ੍ਰਭਾਵ ਨਾਲ ਨੇੜੇ-ਤੇੜੇ ਦੀਆਂ ਇਮਾਰਤਾਂ ਅਤੇ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਸ਼ੁਰੂਆਤੀ ਜਾਂਚ ਅਨੁਸਾਰ ਜਿਸ ਬੋਰੇ ‘ਚ ਧਮਾਕਾ ਹੋਇਆ ਉਸ ‘ਚ ਪਟਾਕੇ ਰੱਖੇ ਹੋਏ ਸਨ, ਹਾਲਾਂਕਿ ਸ਼੍ਰੀ ਚਹਿਲ ਨੇ ਕਿਹਾ ਕਿ ਇਸ ਬੇਰ ਅਜੇ ਯਕੀਨੀ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੋਰੇ ‘ਚ ਕਿਸ ਕਿਸਮ ਦਾ ਵਿਸਫੋਟਕ ਪਦਾਰਥ ਰੱਖਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਨੂੰ ਘੇਰ ਲਿਆ ਗਿਆ ਹੈ ਅਤੇ ਉੱਥੇ ਵਾਹਨਾਂ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਉੱਤਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਮਧੁਰ ਵਰਮਾ ਆਪਣੀ ਟੀਮ ਨਾਲ ਮੌਕੇ ‘ਤੇ ਮੌਜੂਦ ਹਨ ਅਤੇ ਜਾਂਚ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ।