Home / Punjabi News / ਸੰਯੁਕਤ ਕਿਸਾਨ ਮੋਰਚੇ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਐੱਸਜੀਪੀਸੀ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਐੱਸਜੀਪੀਸੀ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਗੁਰਦੀਪ ਸਿੰਘ ਲਾਲੀ

ਸੰਗਰੂਰ, 11 ਮਈ

ਸੰਯੁਕਤ ਕਿਸਾਨ ਮੋਰਚਾ ਸੰਗਰੂਰ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਹੋਈ। ਮੀਟਿੰਗ ਵਿਚ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਸੰਤ ਅਤਰ ਸਿੰਘ ਮੈਡੀਕਲ ਕਾਲਜ ਦੀ ਉਸਾਰੀ ‘ਤੇ ਲੱਗੀ ਰੋਕ ਹਟਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਲਿਖਤੀ ਸਹਿਮਤੀ ਦੇਣ ਅਤੇ ਮਤਾ ਪਾਉਣ ਤੋਂ ਬਾਅਦ ਹਾਈ ਕੋਰਟ ਵਿਚ ਸੁਣਵਾਈ ਮੌਕੇ ਸਹਿਮਤੀ ਤੋਂ ਕਥਿਤ ਤੌਰ ‘ਤੇ ਪਿੱਛੇ ਹਟਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਇਲਾਕੇ ਦੇ ਲੋਕਾਂ ਨਾਲ ਵਿਸ਼ਵਾਸ-ਘਾਤ ਕਰਾਰ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਤੋਂ ਬਿਨਾਂ ਦਿੱਲੀ ਜੰਤਰ ਮੰਤਰ ਤੇ ਜਿਨਸੀ ਸੋਸ਼ਣ ਖਿਲਾਫ਼ ਸੰਘਰਸ਼ ਕਰ ਰਹੇ ਪਹਿਲਵਾਨਾਂ ਦੀ ਹਮਾਇਤ ‘ਚ 17 ਮਈ ਨੂੰ ਸੰਗਰੂਰ ਵਿਖੇ ਮੁਜ਼ਾਹਰਾ ਕਰਨ ਦਾ ਵੀ ਫ਼ੈਸਲਾ ਕੀਤਾ। ਮੀਟਿੰਗ ਮਗਰੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਕੁੰਨਰਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਮੇਵਾ ਸਿੰਘ ਦੁੱਗਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਮੈਡੀਕਲ ਕਾਲਜ ਦੀ ਉਸਾਰੀ ‘ਤੇ ਲੱਗੀ ਰੋਕ ਹਟਵਾਉਣ ਲਈ ਸੰਯਕਤ ਕਿਸਾਨ ਮੋਰਚੇ ਵੱਲੋਂ ਕਈ ਮਹੀਨਿਆਂ ਤੋਂ ਸਬੰਧਤ ਧਿਰਾਂ ਨਾਲ ਦਰਜਨ ਤੋਂ ਵੱਧ ਮੀਟਿੰਗਾਂ ਕੀਤੀਆਂ ਅਤੇ ਜਲੰਧਰ, ਚੰਡੀਗੜ੍ਹ ਜਾ ਕੇ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ, ਜਿਸ ਤੋਂ ਬਾਅਦ 21 ਫਰਵਰੀ ਨੂੰ ਡੀਸੀ ਸੰਗਰੂਰ ਨੂੰ ਸਹਿਮਤੀ ਪੱਤਰ ਦਿੱਤਾ ਪਰ ਕੱਲ੍ਹ ਹਾਈ ਕੋਰਟ ਵਿੱਚ ਸੁਣਵਾਈ ਸਮੇਂ ਜਿਥੇ ਗੁਰਸਾਗਰ ਟਰੱਸਟ ਦੇ ਵਕੀਲ ਵੱਲੋਂ ਅਰਜ਼ੀ ਦੇ ਕੇ 25 ਏਕੜ ਜ਼ਮੀਨ ਕਾਲਜ ਲਈ ਛੱਡਣ ਦੀ ਸਹਿਮਤੀ ਦਿੱਤੀ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਇਸ ਦਾ ਕਥਿਤ ਵਿਰੋਧ ਕਰਦਿਆਂ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਾਰਾ ਘਟਨਾਕ੍ਰਮ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਦੀ ਕਥਿਤ ਸਹਿਮਤੀ ਨਾਲ ਵਾਪਰਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਖਿਲਾਫ਼ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …