Home / Punjabi News / ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਕੋਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕੀਤਾ : ਬ੍ਰਹਮ ਮਹਿੰਦਰਾ
ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੌਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਖਤਮ ਕਰਕੇ ਸੂਬੇ ਨੂੰ ਕੌਰਨੀਅਲ ਅੰਨਾਪਣ ਮੁਕਤ ਰਾਜ ਕਰ ਦਿੱਤਾ ਹੈ।
ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਮੰਤਰੀ ਨੇ ਆਪਣੀ ਸੰਤੁਸ਼ਟੀ ਜਾਹਿਰ ਕਰਦੇ ਹੋਏ ਕਿਹਾ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਅਧੀਨ ਸੂਬੇ ਵਿੱਚ ਕੌਰਨੀਅਲ ਅੰਨਾਪਣ ਤੋਂ ਪੀੜਤ ਮਰੀਜ਼ਾਂ ਦਾ ਵਿਆਪਕ ਪੱਧਰ ਤੇ ਇਲਾਜ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨਾ ਕਿਹਾ ਕਿ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਹੁਣ ਸੂਬੇ ਵਿੱਚ ਇੱਕ ਵੀ ਕੌਰਨੀਅਲ ਅੰਨੇਪਣ ਦਾ ਪੁਰਾਣਾ ਮਾਮਲਾ ਬਕਾਇਆ ਨਹੀਂ ਹੈ।ਇਸ ਬਾਰੇ ਘੋਸ਼ਣਾ ਕਰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਸੱਤਾ ਸੰਭਾਲਣ ਤੋਂ ਬਾਅਦ ਮਿੱਥੇ ਸਮੇਂ ਵਿੱਚ ਸੂਬੇ ਨੂੰ ਕੌਰਨੀਅਲ ਅੰਨਾਪਣ ਮੁਕਤ ਰਾਜ ਬਣਾ ਦਿੱਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕੁੱਲ ਅੰਨੇਪਣ ਦੇ ਮਾਮਲਿਆਂ ਵਿੱਚ 0.90 ਪ੍ਰਤੀਸ਼ਤ ਮਾਮਲੇ ਕੌਰਨੀਅਲ ਅੰਨੇਪਣ ਦੇ ਹਨ ਅਤੇ ਸਿਹਤ ਵਿਭਾਗ ਪੰਜਾਬ ਨੇ ਉਪਰਾਲਾ ਕਰਦੇ ਹੋਏ ਸੂਬੇ ਨੂੰ ਕੌਰਨੀਅਲ ਅੰਨਾਪਣ ਬੈਕਲਾਗ ਮੁਕਤ ਸੂਬਾ ਬਣਾਉਣ ਦੀ ਯੋਜਨਾ ਬਣਾਈ ਜਿਸ ਅਧੀਨ ਹੁਣ ਤੱਕ 1350 ਤੋਂ ਵੱਧ ਕੌਰਨੀਅਲ ਅੰਨੇਪਣ ਤੋਂ ਪੀੜਤ ਮਰੀਜ਼ਾਂ ਦੀਆਂ ਪੁਤਲੀਆਂ ਬਦਲਣ ਦਾ ਅਪਰੇਸ਼ਨ (ਕੈਰਾਟੋਪਲਾਸਟੀਜ਼) ਕੀਤਾ ਗਿਆ। ਉਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਕੈਰਾਟੋਪਲਾਸਟੀਜ਼ ਕੇਂਦਰਾਂ ਵਿੱਚ ਮਾਰਚ 2017 ਤੋ ਅਪ੍ਰੈਲ 2018 ਤੱਕ ਲਏ ਗਏ 1119 ਕੌਰਨੀਅਜ਼ ਦੁਆਰਾ 735 ਕੌਰਨੀਅਲ ਟਰਾਂਸਪਲਾਂਟ ਅਪਰੇਸ਼ਨ ਕੀਤੇ ਗਏ।
ਉਨਾ ਅੱਗੇ ਕਿਹਾ ਇਹ ਇੱਕ ਮੁਸ਼ਕਿਲ ਭਰਿਆ ਟੀਚਾ ਸੀ ਕਿ ਸੂਬੇ ਵਿੱਚ ਵੱਖ-ਵੱਖ ਭਾਈਵਾਲਾਂ ਨਾਲ ਤਾਲਮੇਲ ਕਰਕੇ ਪੰਜਾਬ ਨੂੰ ਕੌਰਨੀਅਲ ਅੰਨਾਪਣ ਮੁਕਤ ਰਾਜ ਬਣਾਇਆ ਜਾ ਸਕੇ। ਉਨਾ ਕਿਹਾ ਕਿ ਭਾਈਵਾਲਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਆਪਣੀਆਂ ਜਿੰਮੇਵਾਰੀਆਂ ਨੂੰ ਮਿੱਥੇ ਸਮੇਂ ਵਿੱਚ ਨਿਭਾਇਆ ਗਿਆ ਜਿਸ ਸਦਕਾ ਪੰਜਾਬ ਨੂੰ ਇਹ ਮੁਕਾਮ ਹਾਸਲ ਹੋਇਆ ਹੈ।
ਡਾ. ਅਰੀਤ ਕੌਰ ਸਟੇਟ ਨੋਡਲ ਅਫਸਰ ਅੰਨਾਪਣ ਕੰਟਰੋਲ ਪ੍ਰੋਗਰਾਮ ਨੇ ਗੈਰ-ਸਰਕਾਰੀ ਸੰਸਥਾਵਾਂ ਵਿਸ਼ੇਸ਼ ਤੌਰ ‘ਤੇ ‘ਰੋਟਰੀ ਆਈ ਬੈਂਕ’ ਅਤੇ ਆਈ ਡੋਨੇਸ਼ਨ ਐਸੋਸੀਏਸ਼ਨ, ਹੁਸ਼ਿਆਰਪੁਰ ਦਾ ਮਿਆਰੀ ਤੇ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਨਾ ਅੱਗੇ ਅੰਮ੍ਰਿਤਸਰ ਦੇ ਡਾ. ਸ਼ਕੀਨ ਸਿੰਘ ਆਈ ਸਰਜ਼ਨ ਵੱਲੋਂ ਸਾਲ 2017 ਵਿੱਚ 219 ਮੁਫਤ ਕੈਰਾਟੋਪਲਾਸਟੀਜ਼ ਕਰਨ ਲਈ ਧੰਨਵਾਦ ਕੀਤਾ। ਉਨਾ ਕਿਹਾ ਕਿ ਅੱਖਾਂ ਦਾਨ ਕਰਨ ਲਈ ਸੂਬਾ ਪੱਧਰੀ ਮੁਹਿੰਮ ਨੂੰ ਹੋਰ ਵਿਆਪਕ ਪੱਧਰ ‘ਤੇ ਚਲਾਇਆ ਜਾਵੇਗਾ ਤਾਂ ਜੋ ਪੰਜਾਬ ਵਿੱਚ ਕੌਰਨੀਅਲ ਅੰਨਾਪਣ ਤੋਂ ਪੀੜ•ਤ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਉਡੀਕ ਨਾ ਕਰਨੀ ਪਵੇ।
ਡਾ. ਰਾਧੀਕਾ ਟੰਡਨ ਪ੍ਰੋਫੈਸਰ ਓਪਥਾਮੋਲੋਜੀ, ਆਰ.ਪੀ.ਸੈਂਟਰ, ਏਮਜ਼ ਨਵੀਂ ਦਿੱਲੀ ਤ ਕੋ-ਚੇਅਰਪਰਸਨ ਨੈਸ਼ਨਲ ਆਈ ਬੈਂਕ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇੱਕ ਵੀ ਕੈਰਾਟੋਪਲਾਸਟੀਜ਼ ਦੇ ਲਈ ਪੁਰਾਣਾ ਮਾਮਲਾ ਬਕਾਇਆ ਨਹੀਂ ਹੈ। ਹੁਣ ਕੇਵਲ 178 ਮਰੀਜ਼ਾਂ ਦੇ ਨਵੇਂ ਮਾਮਲੇ ਸਰਜ਼ਰੀ ਲਈ ਬਕਾਇਆ ਹਨ। ਉਨਾ ਸਿਹਤ ਵਿਭਾਗ ਪੰਜਾਬ ਦੀ ਅਣਥੱਕ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਲਈ ਪੰਜਾਬ ਰਾਜ ਦੇਸ਼ ਦੇ ਹੋਰ ਸੂਬਿਆਂ ਲਈ ਮਿਸਾਲ ਸਾਬਿਤ ਹੋਵੇਗਾ।

Check Also

ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਪੁਤਲਾ ਫੂਕਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 27 ਜੂਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ …