Home / Punjabi News / ਸਜੀਲੀ ਤੇ ਮਿਕਨਾਤੀਸੀ ਸਖ਼ਸ਼ੀਅਤ ਮਨੋਹਰ ਕੌਰ

ਸਜੀਲੀ ਤੇ ਮਿਕਨਾਤੀਸੀ ਸਖ਼ਸ਼ੀਅਤ ਮਨੋਹਰ ਕੌਰ

ਸਜੀਲੀ ਤੇ ਮਿਕਨਾਤੀਸੀ ਸਖ਼ਸ਼ੀਅਤ ਮਨੋਹਰ ਕੌਰ

ਸਜੀਲੀ ਤੇ ਮਿਕਨਾਤੀਸੀ ਸਖ਼ਸ਼ੀਅਤ ਮਨੋਹਰ ਕੌਰ

ਮਨੋਹਰ ਕੌਰ ਭੈਣ ਜੀ 03 ਨਵੰਬਰ 2020 ਨੂੰ ਆਪਣੀ ਜ਼ਿੰਦਗੀ ਦਾ 89 ਸਾਲ ਦਾ ਲੰਮਾ ਸਫ਼ਰ ਸੰਪੂਰਨ ਕਰ ਇਸ ਦੁਨੀਆਂ ਤੋਂ ਚਲਾਣਾ ਕਰ ਗਏ। ਉਹਨਾਂ ਦਾ ਜਨਮ ਸੰਨ 1931 ਨੂੰ ਪੰਜਾਬ, ਭਾਰਤ ਵਿੱਖੇ ਹੋਇਆ। ਚੜ੍ਹਦੀ ਜਵਾਨੀ ਵਿੱਚ ਉਹਨਾਂ ਆਪਣਾ ਗ੍ਰਹਿਸਥ ਜੀਵਨ ਸ੍ਰ: ਦਵਿੰਦਰ ਸਿੰਘ ਜੀ ਨਾਲ ਸੰਨ 1949 ਵਿੱਚ ਸ਼ੁਰੂ ਕੀਤਾ ਅਤੇ ਭਰੇ-ਪੂਰੇ ਖੁਸ਼ਹਾਲ ਪ੍ਰਵਾਰ ਵਿੱਚ ਵਿਚਰੇ। ਆਪ ਜੀ ਦੇ ਵੱਡੇ ਪੁੱਤਰ ਆਸਟ੍ਰੇਲੀਆ ਵਿੱਖੇ ਹਨ, ਛੋਟੇ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਕੈਲਗਰੀ ਵਿਖੇ ਰਹਿ ਰਹੇ ਹਨ ਅਤੇ ਆਪ ਜੀ ਦੀ ਬੇਟੀ ਜਲੰਧਰ, ਪੰਜਾਬ ਵਿੱਚ ਹਨ। ਇਹ ਸੱਤ ਪੋਤਰੇ ਪੋਤਰੀਆਂ ਦੀ ਮਾਣ-ਮੱਤੀ ਦਾਦੀ ਸਨ। ਆਪ ਖੁਦ ਸਾਰੀ ਉਮਰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੇ ਚਾਹਵਾਨ ਰਹੇ, ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਯਕੀਨੀ ਬਣਾਈ ਅਤੇ ਅਗਲੀ ਪੀੜ੍ਹੀ ਨੂੰ ਹਰ ਪਖੋਂ ਉਤਸ਼ਾਹਿਤ ਕਰਦੇ ਰਹੇ ਅਤੇ ਖੁਦ ਪ੍ਰੇਰਨਾ ਸ੍ਰੋਤ ਬਣੇ। 80 ਸਾਲ ਦੀ ਉਮਰ ਵਿੱਚ ਉਹ ਆਈ-ਪੈਡ, ਸੈੱਲ ਫੋਨ ਅਤੇ ਕੰਮਪਿਊਟਰ ਦੀ ਵਰਤੋਂ ਕਰਦੇ ਅਤੇ ਆਪਣੀਆਂ ਪੋਤਰੀਆਂ ਕੋਲੋਂ ਹੋਰ ਨਵੀਂ ਜਾਣਕਾਰੀ ਲੈਂਦੇ ਰਹੇ।
ਮਨੋਹਰ ਭੈਣ ਜੀ ਸੰਨ 1991 ਵਿੱਚ ਆਪਣੇ ਵੱਡੇ ਪੁੱਤਰ ਕੋਲ ਕੈਲਗਰੀ ਆ ਗਏ। ਉਹਨਾਂ ਨੂੰ ਆਪਣੇ ਜਜ਼ਬਾਤ ਕਵਿਤਾ ਵਿੱਚ ਪ੍ਰਗਟ ਕਰਨ ਦਾ ਵਧੀਆ ਵਲ ਆਉਂਦਾ ਸੀ। ਕੈਲਗਰੀ ਵਿੱਖੇ ਉਹ ਕਈ ਸਭਾ ਸੋਸਾਇਟੀਆਂ ਦੇ ਮੈਂਬਰ ਹੋਣ ਕਰਕੇ ਇਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਸਨ। ਕਵਿਤਾ ਲਿਖਦੇ ਹੀਂ ਨਹੀਂ ਉਹ ਖੂਬਸੂਰਤ ਅੰਦਾਜ਼ ਵਿੱਚ ਕਵਿਤਾ ਸੁਣਾਉਂਦੇ ਵੀ ਸਨ।ਆਪਣੇ ਸਮੇਂ ਵਿੱਚ ਪੰਜਾਬੀ ਰੇਡੀਓ ਦੇ ਸ੍ਰੋਤਿਆਂ ਲਈ ਜਾਣੀ -ਪਛਾਣੀ ਆਵਾਜ਼ ਸਨ। ਰੇਡੀਓ ਤੇ ਉਹ ਵਿਚਾਰ ਵਟਾਂਦਰਿਆਂ ਵਿੱਚ ਭਾਗ ਲੈਂਦੇ ਅਤੇ ਆਪਣੀਆਂ ਕਵਿਤਾਵਾਂ ਪੇਸ਼ ਕਰਦੇ ਸਨ। ਉਹ ਕਵਿਤਾ ਦੀਆਂ ਦੋ ਕਿਤਾਬਾਂ ਦੀ ਲੇਖਕਾ ਹਨ। ਸ਼ਾਦੀ ਦੇ 55 ਸਾਲ ਬਾਦ 2004 ਵਿੱਚ ਇਨ੍ਹਾਂ ਦੇ ਪਤੀ ਇਨ੍ਹਾਂ ਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਤਾਂ ਜ਼ਿੰਦਗੀ ਦੇ ਬਾਕੀ ਵਰ੍ਹੇ ਉਹਨਾਂ ਬੜੀ ਜ਼ਿੰਦਾਦਿਲੀ ਨਾਲ ਬਿਤਾਏ। ਕਿਸੇ ਵੀ ਪਾ੍ਰਪਤੀ ਲਈ ਔਰਤ ਹੋਣਾ ਜਾਂ ਉਮਰ ਵੱਡੀ ਹੋਣਾ ਉਹਨਾਂ ਲਈ ਕੋਈ ਬਹਾਨਾ ਜਾਂ ਰੁਕਾਵਟ ਨਹੀਂ ਬਣਿਆ।
ਉਹ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ ਅਤੇ ਦੋ ਸਾਲ ਲਈ ਸਭਾ ਦੇ ਐਗਜ਼ੈਕਟਿਵ ਮੈਂਬਰ ਰਹੇ। ਉਹ ਬੇਹੱਦ ਸਲੀਕੇ, ਸੰਜਮ, ਸਹਿਜ ਤੇ ਚੜ੍ਹਦੀ ਕਲਾ ਵਾਲੀ ਸਖ਼ਸ਼ੀਅਤ ਸਨ ਜਿਹਨਾਂ ਦੀ ਆਮਦ ਹਮੇਸ਼ਾਂ ਖੁਸ਼ਗਵਾਰ ਲਗਦੀ। ਉਹ ਪ੍ਰਵਾਰ ਦੀ ਸੁਘੜ ਗ੍ਰਹਿਣੀ, ਮਾਣ-ਮੱਤੀ ਮਾਂ ਅਤੇ ਪੋਤੇ ਪੋਤਰੀਆਂ ਦੀ ਹਰਮਨ ਪਿਆਰੀ ਦਾਦੀ ਦੇ ਨਾਲ ਨਾਲ ਇੱਕ ਬਹੁਤ ਹਲੀਮੇ ਸੁਭਾਅ ਵਾਲੀ ਦੋਸਤ ਅਤੇ ਇੱਕ ਉਦਮੀ, ਕਾਬਲ ਤੇ ਸਸ਼ਕੱਤ ਔਰਤ ਸੀ ਜਿਸਨੇ ਸੁਪਨੇ ਵੇਖੇ ਹੀ ਨਹੀਂ ਆਪਣੇ ਸੁਪਨੇ ਸਾਕਾਰ ਵੀ ਕੀਤੇ।

ਗੁਰਚਰਨ ਕੌਰ ਥਿੰਦ,
403-402-9635(ਸੈੱਲ)

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …