Breaking News
Home / Punjabi News / ਮਨੀਪੁਰ ਘਟਨਾਵਾਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਜ਼ਾਹਰੇ

ਮਨੀਪੁਰ ਘਟਨਾਵਾਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਜ਼ਾਹਰੇ

ਪੱਤਰ ਪ੍ਰੇਰਕ
ਤਰਨ ਤਾਰਨ, 28 ਜੁਲਾਈ
ਮਨੀਪੁਰ ਘਟਨਾਵਾਂ ਖ਼ਿਲਾਫ਼ ਬੀਤੇ ਦਿਨ ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਕਾਲੇ ਬਿੱਲੇ ਅਤੇ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ ਅੱਜ ਇਥੇ ਦੱਸਿਆ ਕਿ ਜ਼ਿਲ੍ਹੇ ਦੇ ਅਲਾਦੀਨਪੁਰ, ਮਾਣੋਚਾਹਲ ਕਲਾਂ, ਚੋਹਲਾ ਸਾਹਿਬ, ਫਤਿਹਾਬਾਦ. ਤਰਨ ਤਾਰਨ, ਕਾਜੀਕੋਟ, ਮੀਆਵਿੰਡ, ਬਗਿਆੜੀ ਆਦਿ ਸਕੂਲਾਂ ਵਿੱਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਨੇ ਮਨੀਪੁਰ ਦੀਆਂ ਘਟਨਾਵਾਂ ਲਈ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨਿਖੇਧੀ ਕੀਤੀ। ਰਈਆ(ਪੱਤਰ ਪ੍ਰੇਰਕ): ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾਵੱਲੋਂ ਮਨੀਪੁਰ ਵਿਖੇ ਪਿਛਲੇ ਸਮੇਂ ਦੌਰਾਨ ਵਾਪਰੀ ਅਤਿ ਘਿਣਾਉਣੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਰੋਸ ਵਿਖਾਵਾ ਕੀਤਾ ਗਿਆ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ, ਸਬ ਡਿਵੀਜ਼ਨ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਮੈਡਮ ਅਲਕਾ ਕਾਲੀਆ ਨੂੰ ਸੌਂਪਿਆ ਗਿਆ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਨੇ ਸੰਬੋਧਨ ਕੀਤਾ।
ਫਿਲੌਰ (ਪੱਤਰ ਪ੍ਰੇਰਕ): ਮਨੀਪੁਰ ਵਿੱਚ ਵਾਪਰ ਰਹੀਆਂ ਘਟਨਾਵਾਂ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਿਰਮਲਜੀਤ ਕੌਰ ਗੁਰਦੇਵ ਸਿੰਘ, ਡਾਕਟਰ ਯੋਗੀਦੱਤ ਸ਼ਰਮਾ ਅਤੇ ਕਮਰੇਡ ਅਜਮੇਰ ਸਿੰਘ ਨੇ ਵੀ ਸੰਬੋਧਨ ਕੀਤਾ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਮਨੀਪੁਰ ਘਟਨਾ ਖ਼ਿਲਾਫ਼ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤਹਿਸੀਲਦਾਰ ਬਲਾਚੌਰ ਨੂੰ ਮੰਗ ਪੱਤਰ ਸੌਂਪਿਆ।
ਨਵਾਂਸ਼ਹਿਰ(ਪੱਤਰ ਪ੍ਰੇਰਕ): ਮਨੀਪੁਰ ’ਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਕੁਲਦੀਪ ਸਿੰਘ ਦੌੜਕਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਏਟਕ ਦੇ ਆਗੂ ਸੁਤੰਤਰ ਕੁਮਾਰ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ, ਸੋਹਨ ਸਿੰਘ ਸਲੇਮਪੁਰੀ ਨੇ ਸੰਬੋਧਨ ਕੀਤਾ।
ਸ਼ਾਹਕੋਟ( ਪੱਤਰ ਪ੍ਰੇਰਕ): ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਅਤੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨੇ ਸੰਯੁਕਤ ਰੂਪ ’ਚ ਮਨੀਪੁਰ ਵਿੱਚ ਵਾਪਰੀਆਂ ਅਪਮਾਨਜਨਕ ਘਟਨਾਵਾਂ ਖਿਲਾਫ ਮੁਜ਼ਾਹਰਾ ਕੀਤਾ। ਪਠਾਨਕੋਟ(ਪੱਤਰ ਪ੍ਰੇਰਕ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜ਼ਿਲ੍ਹਾ ਪਠਾਨਕੋਟ ਵੱਲੋਂ ਕੱਢੇ ਰੋਸ ਮਾਰਚ ਵਿੱਚ ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਪ੍ਰਧਾਨ ਸ਼ਿਵ ਕੁਮਾਰ, ਬਲਵੰਤ ਸਿੰਘ ਘੋਹ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਲਾ ਲਾਹੜੀ, ਬਲਕਾਰ ਚੰਦ ਭਰਿਆਲ ਲਾਹੜੀ, ਦੇਵ ਰਾਜ ਸ਼ਾਮਲ ਸਨ।

ਇਸਾਈ ਭਾਈਚਾਰੇ ਨੇ ਡੀਸੀ ਕਪੂਰਥਲਾ ਨੂੰ ਰੋਸ ਪੱਤਰ ਸੌਂਪਿਆ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਪੈਂਤੇਕਾਸਟਿਲ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਦਿ ਓਪਨ ਡੋਰ ਚਰਚ ਖੋਜੇਵਾਲਾ ਕਪੂਰਥਲਾ ਵਿੱਚ ਹੋਈ। ਇਸ ਵਿੱਚ ਪੰਜਾਬ ਭਰ ਵਿੱਚੋਂ ਪੀਸੀਪੀਸੀ ਦੇ ਅਹਿਮ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਮਨੀਪੁਰ ਵਿਚ ਘਟਨਾਵਾਂ ਵਿਰੁੱਧ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਕਪੂਰਥਲਾ ਵਿੱਚ ਕਮੇਟੀ ਵਲੋਂ ਸੈਂਕੜੇ ਸਾਥੀਆਂ ਦੀ ਹਾਜ਼ਰੀ ਚ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੂੰ ਇੱਕ ਰੋਸ ਪੱਤਰ ਸੌਂਪਿਆ ਗਿਆ।

ਫਗਵਾੜਾ ਵਿੱਚ ਬਸਪਾ ਨੇ ਮੋਮਬੱਤੀ ਮਾਰਚ ਕੱਢਿਆ
ਫਗਵਾੜਾ(ਪੱਤਰ ਪ੍ਰੇਰਕ): ਮਨੀਪੁਰ ’ਚ ਵਾਪਰੀ ਘਟਨਾ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਪ੍ਰਧਾਨ ਚਰੰਜੀ ਲਾਲ ਕਾਲਾ ਦੀ ਅਗਵਾਈ ਹੇਠ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਵਿੱਚ ਮੋਮਬੰਤੀ ਮਾਰਚ ਕਰ ਕੇ ਮਨੀਪੁਰ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਹਲਕਾ ਇੰਚਾਰਜ ਲੇਖ ਰਾਜ ਜਮਾਲਪੁਰ ਤੇ ਹਰਭਜਨ ਸੁਮਨ ਨੇ ਸੰਬੋਧਨ ਕੀਤਾ।

ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਅਰਥੀ ਫੂਕ ਮੁਜ਼ਾਹਰਾ
ਜਲੰਧਰ (ਪੱਤਰ ਪ੍ਰੇਰਕ): ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਜਲੰਧਰ ਦੇ ਮੁਲਾਜ਼ਮਾਂ ਵਲੋਂ ਮਨੀਪੁਰ ਵਿੱਚ ਵਾਪਰੀ ਘਟਨਾ ਵਿਰੁੱਧ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਪੁੱਡਾ ਗਰਾਉਂਡ ’ਚ ਰੋਸ ਮਾਰਚ ਕੀਤਾ ਤੇ ਕੇਂਦਰ ਤੇ ਮਨੀਪੁਰ ਦੀ ਸਰਕਾਰ ਦੀ ਅਰਥੀ ਫੂਕੀ। ਰੋਸ ਪ੍ਰਦਰਸ਼ਨ ਦੀ ਅਗਵਾਈ ਪੁਸ਼ਪਿੰਦਰ ਕੁਮਾਰ ਵਿਰਦੀ, ਹਰਿੰਦਰ ਦੋਸਾਂਝ,ਡਿੰਪਲ ਰਸੂਲਾਂ,ਪਰੇਮ ਲਾਲ, ਬਲਵਿੰਦਰ ਕੁਮਾਰ,ਅੰਮ੍ਰਿਤਪਾਲ ਨੁੱਸੀ, ਜਸਵਿੰਦਰ ਕੌਰ ਟਾਹਲੀ ਅਤੇ ਭਰਾਤਰੀ ਤੌਰ ’ਤੇ ਹੰਸ ਰਾਜ ਪੱਬਵਾਂ ਅਤੇ ਸੰਤੋਖ ਸਿੰਘ ਸੰਧੂ ਨੇ ਸਾਂਝੇ ਤੌਰ ’ਤੇ ਕੀਤੀ।

The post ਮਨੀਪੁਰ ਘਟਨਾਵਾਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਜ਼ਾਹਰੇ appeared first on punjabitribuneonline.com.


Source link

Check Also

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ

ਜੋਗਿੰਦਰ ਸਿੰਘ ਮਾਨ ਮਾਨਸਾ, 3 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਲੀਮੈਂਟ …