Home / Punjabi News / ਭਾਰਤ ਭੂਸ਼ਨ ਦੀ ਮੰਤਰੀ ਮੰਡਲ ਚੋਂ ਬਰਖ਼ਾਸਤ ਦੀ ਮੰਗ ਨੂੰ ਲੈ ਕੇ ‘ਆਪ’ ਦੀ ਰਾਜਪਾਲ ਨਾਲ ਮੁਲਾਕਾਤ

ਭਾਰਤ ਭੂਸ਼ਨ ਦੀ ਮੰਤਰੀ ਮੰਡਲ ਚੋਂ ਬਰਖ਼ਾਸਤ ਦੀ ਮੰਗ ਨੂੰ ਲੈ ਕੇ ‘ਆਪ’ ਦੀ ਰਾਜਪਾਲ ਨਾਲ ਮੁਲਾਕਾਤ

ਭਾਰਤ ਭੂਸ਼ਨ ਦੀ ਮੰਤਰੀ ਮੰਡਲ ਚੋਂ ਬਰਖ਼ਾਸਤ ਦੀ ਮੰਗ ਨੂੰ ਲੈ ਕੇ ‘ਆਪ’ ਦੀ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ – ਲੁਧਿਆਣਾ ਪੱਛਮੀ ਤੋਂ ਵਿਧਾਇਕ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਨੂੰ ਮੰਤਰੀ ਮੰਡਲ ‘ਚ ਬਰਖ਼ਾਸਤ ਕਰਕੇ ਬਹੁ-ਕਰੋੜੀ ਜ਼ਮੀਨ ਘੁਟਾਲੇ ‘ਚ ਸ਼ਾਮਲ ਅਫ਼ਸਰਾਂ ਅਤੇ ਹੋਰਨਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ‘ਚ ਹੋਇਆ ਜ਼ਮੀਨ ਘੋਟਾਲਾ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਹੋਈਆ ਹੈ ਅਤੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਦੌਰਾਨ ਹੋਏ ਸੈਸ਼ਨ ‘ਚ ਵੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਉਠਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਬਾਰੇ ਜਾਂਚ ਰਿਪੋਰਟ ‘ਚ ਦੋਸ਼ੀ ਮੰਨੇ ਗਏ ਮੰਤਰੀ ਭਾਰਤ ਭੂਸ਼ਨ ਆਸ਼ੂ, ਆਤਮ ਨਗਰ (ਲੁਧਿਆਣਾ) ਤੋਂ ਕਾਂਗਰਸੀ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ, ਤਿੰਨ ਉੱਚ ਅਧਿਕਾਰੀਆਂ ਦੇ ਨਾਮ ਆਏ ਹਨ ਅਤੇ ਇਸ ਰਿਪੋਰਟ ਦੇ ਕਈ ਹਿੱਸੇ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਵੀ ਆ ਚੁੱਕੇ ਹਨ, ਜਿਸ ਵਿੱਚ ਮੰਤਰੀ ਅਤੇ ਕਈ ਅਧਿਕਾਰੀਆਂ ਦੀ ਮਿਲੀਭੁਗਤ ਦੇ ਸੰਕੇਤ ਮਿਲੇ ਹਨ । ਇਸ ਲਈ ਕੈਪਟਨ ਸਰਕਾਰ ਇਨ੍ਹਾਂ ਸਮੇਤ ਲੈਂਡ ਮਾਫ਼ੀਆ ਚਲਾਉਂਦੇ ਸਾਰੇ ਲੋਕਾਂ ਵਿਰੁੱਧ ਐਫ.ਆਈ.ਆਰ ਕਰਕੇ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
ਚੀਮਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦੇ ਹਾਂ ਕਿ ਗਰੈਂਡ ਮੈਨਰ ਹੋਮਜ਼ ਜ਼ਮੀਨ ਘੋਟਾਲੇ ਦੇ ਮਾਸਟਰ ਮਾਇੰਡ ਲੁਧਿਆਣਾ ਪੱਛਮੀ ਤੋਂ ਕਾਂਗਰਸੀ ਵਿਧਾਇਕ ਅਤੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਨੂੰ ਮੰਤਰੀ ਮੰਡਲ ‘ਚ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਨਾਲ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਘੁਟਾਲੇ ਬਾਰੇ ਕਰਵਾਈ ਗਈ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਕਿਉਂਕਿ ਜਦੋਂ ਇਸ ਰਿਪੋਰਟ ਦੇ ਕਈ ਅਹਿਮ ਹਿੱਸੇ ਮੀਡੀਆ ‘ਚ ਪ੍ਰਕਾਸ਼ਿਤ ਹੋਏ ਸਨ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਮੀਡੀਆ ਰਿਪੋਰਟਾਂ ਨੂੰ ਸਦਨ ‘ਚ ਝੁਠਲਾ ਨਹੀਂ ਸਕੇ, ਬਲਕਿ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਸਿੱਧੂ ਨੇ ਕਿਹਾ ਸੀ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਸੰਤਰੀ ਉਹ ਬਖ਼ਸ਼ੇ ਨਹੀਂ ਜਾਣਗੇ, ਪਰੰਤੂ ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਕਿਸੇ ‘ਤੇ ਕੋਈ ਕਾਰਵਾਈ ਨਾ ਕਰਨਾ ਕਈ ਕਿਸਮ ਦੇ ਸ਼ੰਕੇ ਪੈਦਾ ਕਰਦਾ ਹੈ। ਜਦੋਂਕਿ ਜ਼ਮੀਨ ਦੇ ਸੀ.ਐਸ.ਯੂ ਅਤੇ ਰਜਿਸਟਰੀ ਦੇ ਫ਼ਰਜ਼ੀ ਵਾੜੇ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਅਧਿਕਾਰੀਆਂ ਨੂੰ ਧਮਕਾਉਣ ਅਤੇ ਮਾਨਯੋਗ ਹਾਈ ਕੋਰਟ ਪ੍ਰਤੀ ਅਪਮਾਨ ਯੋਗ ਟਿੱਪਣੀਆਂ ਵਾਇਰਲ ਹੋ ਚੁੱਕੀਆਂ ਹਨ।
ਚੀਮਾ ਨੇ ਕਿਹਾ ਕਿ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਸਰਕਾਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਕਾਂਗਰਸ ਹਾਈਕਮਾਨ ਖ਼ਾਸ ਕਰਕੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਭਾਰੀ ਦਬਾਅ ਥੱਲੇ ਕੰਮ ਕਰ ਰਹੀ ਹੈ, ਜਿਸ ਵੱਲੋਂ ਪੰਜਾਬ ਅੰਦਰ ਵੀ ਲੈਂਡ ਮਾਫ਼ੀਆ ਦੇ ਆਸ਼ੂ ਵਰਗੇ ‘ਰਾਬਰਟ ਵਾਡਰਾ’ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਅਤੇ ਆਮ ਲੋਕਾਂ ਨੂੰ ਜੋਕ ਵਾਂਗ ਚੂਸ ਰਹੇ ਇਸ ਲੈਂਡ ਮਾਫ਼ੀਆ ਨੂੰ ਜੇਕਰ ਹੁਣ ਵੀ ਨੱਥ ਨਾ ਪਾਈ ਗਈ ਤਾਂ ਇਹ ਮਾਫ਼ੀਆ ਪੰਜਾਬ ਅਤੇ ਲੋਕਾਂ ਦੇ ਹਿਤਾਂ ਲਈ ਬੇਹੱਦ ਘਾਤਕ ਸਾਬਤ ਹੋਵੇਗਾ। ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕੀਤੇ ਜਾਣ ਕਾਰਨ ਲੈਂਡ ਮਾਫ਼ੀਆ ਦੇ ਹੌਸਲੇ ਵਧਣਗੇ ਅਤੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਦੀ ਸੁਰੱਖਿਆ ਦਾ ਪੁਖ਼ਤਾ ਬੰਦੋਬਸਤ ਕੀਤਾ ਜਾਵੇ।
ਇਸ ਮੌਕੇ ਸਰਬਜੀਤ ਕੌਰ ਮਾਣੂੰਕੇ (ਉਪ ਨੇਤਾ ਵਿਰੋਧੀ ਧਿਰ), ਕੁਲਤਾਰ ਸਿੰਘ ਸੰਧਵਾਂ (ਵਿਧਾਇਕ), ਜੈ ਕਿਸ਼ਨ ਸਿੰਘ ਰੋੜੀ (ਵਿਧਾਇਕ), ਕੁਲਵੰਤ ਸਿੰਘ ਪੰਡੋਰੀ (ਵਿਧਾਇਕ), ਦਲਬੀਰ ਸਿੰਘ ਢਿੱਲੋਂ (ਵਿਧਾਇਕ), ਡਾ. ਬਲਬੀਰ ਸਿੰਘ, ਸੁਖਵਿੰਦਰ ਪਾਲ ਸਿੰਘ ਸੁੱਖੀ (ਕੋਰ ਕਮੇਟੀ ਮੈਂਬਰ), ਨਵਦੀਪ ਸਿੰਘ ਸੰਘਾ (ਸੰਗਠਨ ਇੰਚਾਰਜ), ਨਰਿੰਦਰ ਸਿੰਘ ਸ਼ੇਰਗਿੱਲ (ਲੋਕ ਸਭਾ ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ), ਡਾ. ਰਵਜੋਤ ਸਿੰਘ (ਲੋਕ ਸਭਾ ਉਮੀਦਵਾਰ ਹੁਸ਼ਿਆਰਪੁਰ), ਰਾਜ ਲਾਲੀ ਗਿੱਲ (ਪ੍ਰਧਾਨ ਮਹਿਲਾ ਵਿੰਗ), ਮਨਜੀਤ ਸਿੰਘ ਸਿੱਧੂ (ਕੋਰ ਕਮੇਟੀ ਮੈਂਬਰ), ਬਲਜਿੰਦਰ ਸਿੰਘ ਚੌਂਦਾ (ਜਨਰਲ ਸਕੱਤਰ) ਮੌਜੂਦ ਸਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …