Home / Punjabi News / ਬ੍ਰਹਮਪੁਰਾ ਵਲੋਂ ਕੈਪਟਨ ਸਰਕਾਰ ਅਤੇ ਬਾਦਲ ਪਰਿਵਾਰ ਦੀ ਆਲੋਚਨਾ

ਬ੍ਰਹਮਪੁਰਾ ਵਲੋਂ ਕੈਪਟਨ ਸਰਕਾਰ ਅਤੇ ਬਾਦਲ ਪਰਿਵਾਰ ਦੀ ਆਲੋਚਨਾ

ਬ੍ਰਹਮਪੁਰਾ ਵਲੋਂ ਕੈਪਟਨ ਸਰਕਾਰ ਅਤੇ ਬਾਦਲ ਪਰਿਵਾਰ ਦੀ ਆਲੋਚਨਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੋ ਸਿੰਘਾਪੁਰ ਦੇ ਦੌਰੇ ਤੇ ਹਨ ਜਿੰਨ੍ਹਾਂ ਦਾ ਉਥੋਂ ਦੀ ਸਿੱਖ ਸੰਗਤ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਨਮਾਨ ਕੀਤਾ ਅਤੇ ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਦੇ ਹੰਕਾਰੀ ਤੇ ਤਾਨਾਸ਼ਾਹੀ ਰਵੱਈਏ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਘਰ ਦੀ ਜਾਇਦਾਦ ਬਣਾ ਲਿਆ ਹੈ ਅਤੇ ਆਪਣੇ ਨਿੱਜੀ ਸਵਾਰਥਾਂ ਲਈ ਇਸ ਮਹਾਨ ਸੰਸਥਾ ਦਾ ਪੂਰੀ ਤਰ੍ਹਾਂ ਨਾਲ ਰਾਜਸੀਕਰਨ ਕਰ ਦਿੱਤਾ ਜਿਸ ਨਾਲ ਪੂਰੀ ਸਿੱਖ ਕੌਮ ਅਤੇ ਪੰਥ ਨੂੰ ਵੱਡੀ ਢਾਹ ਲੱਗੀ ਹੈ ਇਸ ਕਾਰਨ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਬਾਦਲ ਪਰਿਵਾਰ ਦੇ ਲਿਫਾਫਿਆਂ ਵਿੱਚੋਂ ਹੀ ਨਿਕਲਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਵੀ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਘਰ ਸੱਦਕੇ “ਪਖੰਡੀ ਸਾਧ ਰਾਮ ਰਹੀਮ” ਨੂੰ ਬਿਨਾਂ ਮੰਗਿਆਂ ਮਾਫ਼ੀ ਦਵਾ ਦਿੱਤੀ ਫਿਰ ਸਿੱਖ ਕੌਮ ਦੇ ਭਾਰੀ ਰੋਹ ਅਤੇ ਗੁੱਸੇ ਨੂੰ ਵੇਖਦਿਆਂ ਸਿੰਘ ਸਹਿਬਾਨਾਂ ਨੇ ਆਪਣੇ ਜਾਰੀ ਕੀਤੇ ਫੁਰਮਾਨ ਨੂੰ ਵਾਪਸ ਲੈ ਲਿਆ ਅਤੇ ਪੰਥਕ ਮਹਾਨ ਸੰਸਥਾ ਸ੍ਰੋਮਣੀ ਕਮੇਟੀ ਅਤੇ ਸਿੱਖ ਸਿਧਾਂਤਾਂ ਦਾ ਘਾਣ ਕਰ ਦਿੱਤਾ ਜਿਸ ਨਾਲ ਸਿੱਖ ਕੌਮ ਦੀ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕੌਣ ਸਨ? ਇਹ ਉਹ ਲੋਕ ਸਨ ਜਿੰਨ੍ਹਾਂ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੇ ਆਲੇ-ਦੁਆਲੇ ਦੇ ਸੈਂਕੜੇ ਪਿੰਡਾਂ ਵਿੱਚ ਇਸ਼ਤਿਹਾਰ ਲਾਏ ਸਨ। ਪਖੰਡੀ ਸਾਧ ਦੇ ਚੇਲਿਆਂ ਨੇ ਕਿਹਾ ਸੀ ਕਿ ਜੇਕਰ ਸਾਡੇ ਗੁਰੂ ਰਹੀਮ ਦੀ ਫਿਲਮ ਨਾ ਚਲਾਈ ਗਈ ਤਾਂ ਅਸੀਂ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਾਂਗੇ। ਉਸ ਸਮੇਂ ਬਾਦਲ ਸਰਕਾਰ ਨੂੰ ਚਾਹੀਦਾ ਸੀ ਕਿ ਉਹ “ਪਖੰਡੀ ਸਾਧ ਰਾਮ ਰਹੀਮ” ਨੂੰ ਅਤੇ ਉਸਦੇ ਇਸ਼ਤਿਹਾਰ ਲਾਉਣ ਵਾਲੇ ਪੈਰੋਕਾਰਾਂ ਨੂੰ ਜੇਲ੍ਹਾਂ ਅੰਦਰ ਬਾਦਲ ਸਰਕਾਰ ਡੱਕਦੀ ਪਰ ਬਾਦਲ ਸਰਕਾਰ ਨੇ ਇਹਨਾਂ ਵਿਰੁੱਧ ਕਾਰਵਾਈ ਕੀ ਕਰਨੀ ਸੀ ਸਗੋਂ ਇਸਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਪੁਰ ਅਮਨ ਢੰਗ ਨਾਲ ਪਸ਼ਚਾਤਾਪ ਅਤੇ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਨਿਹਥੇ ਸਿੰਘਾਂ ਤੇ ਲਾਠੀਆਂ ਵਰ੍ਹਾਈਆਂ ਅਤੇ ਗੋਲੀਆਂ ਚਲਾਈਆਂ ਜਿਸ ਨਾਲ ਕਈ ਸਿੰਘ ਜ਼ਖ਼ਮੀ ਕਰਤੇ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਇਸ ਘਟਨਾਕ੍ਰਮ ਦਾ ਮੁੱਖ ਦੋਸ਼ੀ ਬਾਦਲ ਪਰਿਵਾਰ ਹੈ ਜਿੰਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਪੰਜਾਬ ਦੀ ਕੈਪਟਨ ਸਰਕਾਰ ਤੇ ਵੀ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਟਾਲਮਟੋਲ ਦੀ ਨੀਤੀ ਤੇ ਕੰਮ ਕਰ ਰਹੀ ਹੈ ਜੋ ਕਿ ਸਿੱਖ ਕੌਮ ਨਾਲ ਖਿਲਵਾੜ ਹੈ। ਉਨ੍ਹਾਂ ਆਖਿਰ ਵਿੱਚ ਸਿੰਗਾਪੁਰ ਦੀ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋਣ ਲਈ ਖੁਲਾ ਸਦਾ ਦਿੱਤਾ ਜਿਸਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।

Check Also

ਪਾਕਿਸਤਾਨ ’ਚ ਬੈਠੇ ਅਤਿਵਾਦੀ ਨੇ ਕਰਵਾਈ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਬੱਗਾ ਦੀ ਹੱਤਿਆ, 2 ਮੁਲਜ਼ਮ ਗ੍ਰਿਫ਼ਤਾਰ

ਜਗਮੋਹਨ ਸਿੰਘ ਘਨੌਲੀ ਰੂਪਨਗਰ, 16 ਅਪਰੈਲ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਹੱਤਿਆ …