Home / Punjabi News / ਬੀਕੇਯੂ ਵੱਲੋਂ ਅਣਅਧਿਕਾਰਤ ਟੌਲ ਪਲਾਜ਼ਾ ਹਟਾਉਣ ਲਈ ਧਰਨਾ ਸ਼ੁਰੂ

ਬੀਕੇਯੂ ਵੱਲੋਂ ਅਣਅਧਿਕਾਰਤ ਟੌਲ ਪਲਾਜ਼ਾ ਹਟਾਉਣ ਲਈ ਧਰਨਾ ਸ਼ੁਰੂ

ਕਰਨ ਭੀਖੀ
ਭੀਖੀ, 21 ਦਸੰਬਰ

ਨੇੜਲੇ ਪਿੰਡ ਹਮੀਰਗੜ੍ਹ ਢੈਪਈ ਨੇੜੇ ਅਣਅਧਿਕਾਰਤ ਖੰਡਰ ਟੌਲ ਪਲਾਜ਼ੇ ਨੂੰ ਹਟਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਕਤ ਟੌਲ ਪਲਾਜ਼ੇ ਨੂੰ ਹਟਾਉਣ ਲਈ ਜੇਸੀਬੀ ਮਸ਼ੀਨ ਨਾਲ ਭੰਨ੍ਹ ਤੋੜ ਦਾ ਕੰਮ ਸ਼ੁਰੂ ਕੀਤਾ। ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਪੁੱਜਣ ਤੋਂ ਪਹਿਲਾਂ ਹੀ ਟੌਲ ਪਲਾਜ਼ੇ ਦੀ ਬਹੁਤ ਸਾਰੀ ਇਮਾਰਤ ਢਾਹ ਦਿੱਤੀ। ਇਸ ਮੌਕੇ ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀ ਸੇਰ ਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਹ ਟੌਲ-ਪਲਾਜ਼ਾ ਗੈਰ ਸਮਾਜੀ ਅਨਸਰਾਂ ਦਾ ਅੱਡਾ ਬਣ ਰਿਹਾ ਸੀ ਅਤੇ ਇਮਾਰਤਾਂ ਦੁਆਲੇ ਤੰਗ ਸੜਕਾਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਇਹਨਾਂ ਸਮੱਸਿਆਵਾਂ ਨੂੰ ਲੈ ਕੇ ਜੱਥੇਬੰਦੀ ਵੱਲੋਂ ਇੱਥੇ ਕਈ ਵਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰਅ ਨਹੀਂ ਸਰਕੀ, ਉਲਟਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਪੱਲਾ ਝਾੜ ਲੈਂਦੇ ਸਨ, ਪਰ ਇੱਥੇ ਨਿੱਤ ਵਾਪਰਦੇ ਹਾਦਸਿਆਂ ਵਿੱਚ ਜਾਂਦੀਆਂ ਜਾਨਾਂ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਗੈਰ-ਮਨੁੱਖੀ ਤੇ ਗੈਰ-ਜ਼ਿੰਮੇਵਰਾਨਾ ਸੀ ਜਿਸ ਤੋਂ ਅੱਕ ਕੇ ਇੱਥੇ ਜੱਥੇਬੰਦੀ ਨੇ ਇਸ ਟੌਲ ਪਲਾਜ਼ੇ ਨੂੰ ਖੁਦ ਹਟਾਉਣ ਦਾ ਫੈਸਲਾ ਲਿਆ। ਆਗੂਆਂ ਨੇ ਕਿਹਾ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ ਦੇ ਅਹਿਦ ਤਹਿਤ ਇਹ ਟੌਲ ਪਲਾਜ਼ਾ ਖੁਦ ਹਟਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਅਤੇ ਇਹਨਾਂ ਕੋਲ ਬਹਾਨੇਬਾਜ਼ੀ ਅਤੇ ਲਾਅਰੇਬਾਜ਼ੀ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ। ਉਨ੍ਹਾਂ ਇਸ ਮੁੱਦੇ ’ਤੇ ਵਿਧਾਨ ਸਭਾ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕਰਦੇ ਕਿਹਾ ਕਿ ਮੰਤਰੀ ਦਾ ਵਿਧਾਨ ਸਭਾ ਵਿੱਚ ਦਿੱਤਾ ਬਿਆਨ ਗੁਮਰਾਹਕੁੰਨ ਤੇ ਝੂਠਾ ਸੀ ਜਦੋਂ ਕਿ ਜ਼ਮੀਨੀ ਪੱਧਰ ਤੇ ਇੱਥੇ ਕੁਝ ਵੀ ਨਹੀਂ। ਧਰਨੇ ’ਚ ਰਾਜ ਸਿੰਘ ਅਲੀਸ਼ੇਰ, ਹਰਦੇਵ ਸਿੰਘ, ਧੰਨਜੀਤ ਸਿੰਘ ਢੈਪਈ, ਜਗਜੀਤ ਸਿੰਘ ਧਲੇਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੱਥੇਬੰਦੀ ਜਨਤਕ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਟੌਲ ਪਲਾਜ਼ੇ ਨੂੰ ਹਟਾਉਣ ਲਈ ਸੰਘਰਸ਼ ਜਾਰੀ ਰੱਖੇਗੀ ਅਤੇ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਮਾਓਂ, ਅਜੈਬ ਸਿੰਘ, ਜੱਗਾ ਸਿੰਘ, ਬੂਟਾ ਸਿੰਘ ਨਥਾਣਾ, ਰਾਜ ਸਿੰਘ ਅਕਲੀਆ, ਲਛਮਣ ਸਿੰਘ, ਹਰਦੇਵ ਸਿੰਘ ਰਾਠੀ ਅਤੇ ਅ੍ਰਮਿਤਪਾਲ ਕੌਰ ਤੋਂ ਇਲਾਵਾ ਸਿਰਕੱਢ ਕਿਸਾਨ ਆਗੂ ਮੋਜੂਦ ਸਨ। ਉੱਧਰ ਪ੍ਰਸ਼ਾਸਨ ਵੱਲੋਂ ਸ਼ਖਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਡੀਐਸਪੀ ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਪ੍ਰਿਤਪਾਲ ਸਿੰਘ, ਡੀਐਸਪੀ ਜਗਦੀਸ਼ ਸ਼ਰਮਾ, ਥਾਣਾ ਮੁਖੀ ਭੀਖੀ ਕੇਵਲ ਸਿੰਘ, ਥਾਣਾ ਮੁਖੀ ਬੁਢਲਾਡਾ ਸਦਰ ਮੇਲਾ ਸਿੰਘ, ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਹਾਲਾਤਾਂ ਤੇ ਨਿਗਾਹ ਰੱਖ ਰਹੇ ਸਨ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹੋਂਦ ਵਿੱਚ ਆਉਂਦਿਆਂ ਸਰਕਾਰ ਵੱਲੋਂ ਉਕਤ ਟੌਲ-ਪਲਾਜ਼ਾ ਹਟਾਉਣ ਲਈ ਨੋਟਿਸ ਜਾਰੀ ਕੀਤਾ ਸੀ ਪਰ ਨਿਰਮਾਣ ਏਜੰਸੀ ਪ੍ਰਕਾਸ਼ ਐਂਪਲਾਇੰਟਿੰਗ ਅਤੇ ਟੌਲ ਹਾਈਵੇ ਮਹੂ (ਮੱਧ ਪ੍ਰਦੇਸ਼) ਨੂੰ 4 ਜਨਵਰੀ ਤੱਕ ਸਮਾਂ ਦਿੱਤਾ ਸੀ ਪ੍ਰੰਤੂ ਨਿਰਮਾਣ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੀ ਅਗਲੀ ਸੁਣਵਾਈ 12 ਫਰਵਰੀ 2024 ਹੋਣੀ ਹੈ।

The post ਬੀਕੇਯੂ ਵੱਲੋਂ ਅਣਅਧਿਕਾਰਤ ਟੌਲ ਪਲਾਜ਼ਾ ਹਟਾਉਣ ਲਈ ਧਰਨਾ ਸ਼ੁਰੂ appeared first on punjabitribuneonline.com.


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …