Breaking News
Home / Punjabi News / ਬੀਕੇਯੂ ਡਕੌਂਦਾ ਧਨੇਰ ਦੀ ਸੂਬਾ ਪੱਧਰੀ ਮੀਟਿੰਗ ਹੋਈ

ਬੀਕੇਯੂ ਡਕੌਂਦਾ ਧਨੇਰ ਦੀ ਸੂਬਾ ਪੱਧਰੀ ਮੀਟਿੰਗ ਹੋਈ

ਪਰਸ਼ੋਤਮ ਬੱਲੀ
ਬਰਨਾਲਾ,1 ਜੁਲਾਈ

ਇੱਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਹੋਈ। ਇਸ ਵਿੱਚ 14 ਜ਼ਿਲਿ੍ਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਕਾਰਵਾਈ ਤੇ ਹੋਏ ਫ਼ੈਸਲਿਆਂ ਸਬੰਧੀ ਸੂਬਾ ਪਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਲਈ 4 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਵੱਡਾ ਮਾਰਚ ਕੀਤਾ ਜਾਵੇਗਾ। ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਹੋਇਆ ਤਾਂ 9 ਜੁਲਾਈ ਨੂੰ ਐੱਸਐੱਸਪੀ ਫਿਰੋਜ਼ਪੁਰ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵਾਲੇ ਮਾਰਚ ਵਿੱਚ ਪਿੰਡ ਕੁੱਲਰੀਆਂ ਦੇ ਪੀੜਤ ਕਿਸਾਨਾਂ ਦੇ ਜ਼ਮੀਨੀ ਹੱਕ ਬਹਾਲ ਕਰਨ ਅਤੇ ਕਿਸਾਨਾਂ ‘ਤੇ ਹਮਲੇ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਣ ਦੀ ਮੰਗ ਵੀ ਉਠਾਈ ਜਾਵੇਗੀ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਹਰੀਸ਼ ਨੱਢਾ ਨੇ ਕਿਹਾ ਕਿ ਭਾਜਪਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 9 ਮਈ ਤੋਂ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕੀਤਾ ਹੋਇਆ ਹੈ। ਇਸ ਸਬੰਧੀ ਫਿਰੋਜ਼ਪੁਰ ਦਾ ਪੁਲੀਸ ਆਪਣੇ ਵਾਅਦਿਆਂ ਦੇ ਉਲਟ ਅਦਾਲਤ ਵਿੱਚ ਝੂਠੇ ਤੱਥ ਪੇਸ਼ ਕਰਕੇ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਨੂੰ ਰੋਕ ਰਿਹਾ ਹੈ।ਉਨ੍ਹਾਂ ਕਿਹਾ ਕਿ ਆਗੂ ਮਹਿਮਾ ਨੂੰ ਜੇਲ੍ਹ ਵਿੱਚ ਡੱਕ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਜੇਕਰ ਮਸਲਾ 09 ਜੁਲਾਈ ਤੱਕ ਹੱਲ ਨਹੀਂ ਹੁੰਦਾ ਤਾਂ ਘੋਲ ਨੂੰ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੱਲਰੀਆਂ ਦੇ ਜ਼ਮੀਨੀ ਘੋਲ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ, ਜਲਦ ਹੀ ਫ਼ੈਸਲਾਕੁਨ ਸੰਘਰਸ਼ ਵਿੱਢਿਆ ਜਾਵੇਗਾ।

ਇਸ ਦੌਰਾਨ ਜਥੇਬੰਦੀ ਦੇ ਮਰਹੂਮ ਸੂਬਾ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ 13 ਜੁਲਾਈ ਨੂੰ ਜ਼ਿਲ੍ਹਾ ਪੱਧਰ ‘ਤੇ ਮਨਾਉਣ ਦਾ ਫ਼ੈਸਲਾ ਕੀਤਾ। ਜੁਲਾਈ ਮਹੀਨੇ ਵਿੱਚ ਸਾਰੇ ਜ਼ਿਲਿ੍ਹਆਂ ਦੀਆਂ ਜਥੇਬੰਦਕ ਚੋਣਾਂ ਮੁਕੰਮਲ ਕਰਕੇ ਸੂਬਾਈ ਇਜਲਾਸ ਕਰਨ ਦੀਆਾਂ ਤਿਆਰੀਆਂ ਵੀ ਕੀਤੀਆਂ ਗਈਆਂ।
ਮੀਟਿੰਗ ਦੌਰਾਨ 1 ਜੁਲਾਈ ਤੋਂ ਲਾਗੂ ਹੋਣ ਵਾਲੇ ਤਿੰਨ ਫ਼ੌਜਦਾਰੀ ਕਨੂੰਨਾਂ ਨੂੰ ਫੌਰੀ ਰੱਦ ਕਰਨ ਤੇ ਲੇਖਿਕਾ ਅਰੁੰਧਤੀ ਰੌਇ ਤੇ ਪ੍ਰੋ. ਸ਼ੌਕਤ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਅੰਗਰੇਜ਼ ਸਿੰਘ ਭਦੌੜ, ਸਾਹਿਬ ਸਿੰਘ ਬਡਬਰ ਤੇ ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਤੇ ਅਤੇ ਜਨਰਲ ਸਕੱਤਰ ਹਾਜਰ ਸਨ।

The post ਬੀਕੇਯੂ ਡਕੌਂਦਾ ਧਨੇਰ ਦੀ ਸੂਬਾ ਪੱਧਰੀ ਮੀਟਿੰਗ ਹੋਈ appeared first on Punjabi Tribune.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …