ਕਾਂਥੀ (ਪੱਛਮੀ ਬੰਗਾਲ), 3 ਅਗਸਤ
ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ ਸੂਬੇ ਦੇ ਜੰਗਲਾਤ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੂੰ ਕਥਿਤ ਧਮਕਾਉਣ ਅਤੇ ਗਾਲ੍ਹਾਂ ਕੱਢਣ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਜੰਗਲਾਤ ਅਧਿਕਾਰੀ ਪੁਰਬਾ ਮੇਦਨੀਪੁਰ ਜ਼ਿਲ੍ਹੇ ’ਚ ਤਾਜਪੁਰ ’ਚ ਸਮੁੰਦਰ ਤੱਟ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾ ਰਹੇ ਸਨ। ਟੀਵੀ ਚੈਨਲਾਂ ’ਤੇ ਪ੍ਰਸਾਰਿਤ ਵੀਡੀਓ ’ਚ ਵਿਧਾਇਕ ਗਿਰੀ ਮਹਿਲਾ ਅਧਿਕਾਰੀ ਮਨੀਸ਼ਾ ਸਾਹੂ ਨੂੰ ਧਮਕਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਭਾਜਪਾ ਨੇ ਘਟਨਾ ਦੀ ਵੀਡੀਓ ਐਕਸ ’ਤੇ ਸਾਂਝੀ ਕਰਦਿਆਂ ਗਿਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜਦਕਿ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਪਾਰਟੀ ਅਜਿਹੇ ਵਿਹਾਰ ਦੀ ਹਮਾਇਤ ਨਹੀਂ ਕਰਦੀ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਤਾਜਪੁਰ ’ਚ ਸਮੁੰਦਰ ਤੱਟ ਨੇੜੇ ਬਣੀਆਂ ਦੁਕਾਨਾਂ ਸ਼ੁੁੱਕਰਵਾਰ ਰਾਤ ਨੂੰ ਢਾਹੀਆਂ ਗਈਆਂ। ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਪਤਾ ਲੱਗਣ ’ਤੇ ਗਿਰੀ ਮੌਕੇ ’ਤੇ ਪਹੁੰਚੇ ਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਵਿਧਾਇਕ ਗਿਰੀ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਈ ਕਬਜ਼ੇ ਹੋਏ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਪਰ ਇਨ੍ਹਾਂ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਸਬੰਧੀ ਸੰਪਰਕ ’ਤੇ ਮਨੀਸ਼ਾ ਸਾਹੂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਜੰਗਲਾਤ ਮੰਤਰੀ ਬੀਰਬਾਹਾ ਹੰਸਦਾ ਨੇ ਮਹਿਲਾ ਅਧਿਕਾਰੀ ਨਾਲ ਸੰਪਰਕ ਕਰਕੇ ਪੂਰੇ ਘਟਨਾਕ੍ਰਮ ਦਾ ਨੋਟਿਸ ਲਿਆ ਹੈ। -ਪੀਟੀਆਈ
The post ਪੱਛਮੀ ਬੰਗਾਲ ਦੇ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਧਮਕਾਇਆ appeared first on Punjabi Tribune.
Source link
Asian Tribune Your Multilingual Newspaper covering World and local news News