Home / Punjabi News / ਪੰਜਾਬ ਸਰਕਾਰ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

ਜਲੰਧਰ/ਚੰਡੀਗੜ੍ਹ— ਪੰਜਾਬ ਨੇ ਹੜ੍ਹ ਪ੍ਰਭਾਵਿਤ ਸੂਬੇ ਕੇਰਲ ਦਾ ਪੱਲਾ ਫੜਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਲ ਲਈ 10 ਕਰੋੜ ਰੁਪਏ ਫੌਰਨ ਮਦਦ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 5 ਕਰੋੜ ਰੁਪਏ ਦੀ ਸਹਾਇਤਾ ਰਕਮ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਨਾਲ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ ਭੇਜੀ ਜਾ ਰਹੀ ਹੈ, ਜਦਕਿ ਬਾਕੀ 5 ਕਰੋੜ ਦੀ ਮਦਦ ਖੁਰਾਕ ਸਮੱਗਰੀ ਵਜੋਂ ਕੇਰਲ ਨੂੰ ਭੇਜਣ ਦਾ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰਾਲੇ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਖੁਰਾਕ ਸਮੱਗਰੀ ਕੇਰਲ ਪਹੁੰਚਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਕੱਲ ਲਗਭਗ 30 ਟਨ ਖੁਰਾਕ ਸਮੱਗਰੀ, ਜਿਸ ਵਿਚ ਬਿਸਕੁਟ, ਰਸ, ਪੀਣ ਦਾ ਸਾਫ-ਸੁਥਰਾ ਪਾਣੀ, ਦੁੱਧ ਪਾਊਡਰ ਅਤੇ ਹੋਰ ਖੁਰਾਕ ਸਮੱਗਰੀ ਸ਼ਾਮਲ ਹੈ, ਉਹ ਭੇਜੀ ਜਾ ਰਹੀ ਹੈ। ਪਹਿਲੀ ਖੇਪ ਵਿਚ ਲਗਭਗ 1 ਲੱਖ ਫੂਡ ਪੈਕੇਟ ਭੇਜਣ ਦਾ ਫੈਸਲਾ ਲਿਆ ਗਿਆ ਹੈ। ਬਾਕੀ ਕੇਰਲ ਸਰਕਾਰ ਦੀ ਮੰਗ ਆਉਣ ‘ਤੇ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲਗਭਗ 30 ਟਨ ਖੁਰਾਕ ਸਮੱਗਰੀ ਕੇਰਲ ਨੂੰ 4 ਹਿੱਸਿਆਂ ਵਿਚ ਭੇਜੀ ਜਾ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਸ਼ਕਿਲ ਵਿਚ ਫਸੇ ਕੇਰਲ ਸੂਬੇ ਨੂੰ ਰਾਹਤ ਸਮੱਗਰੀ ਦੇਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਪੰਜਾਬ ਦੇ ਵਿੱਤ ਕਮਿਸ਼ਨਰ (ਮਾਲੀਆ) ਨੇ ਇਸ ਸਬੰਧ ਵਿਚ ਪਹਿਲਾਂ ਹੀ ਕੇਰਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ‘ਤੇ ਵਿੱਤ ਕਮਿਸ਼ਨਰ ਨੇ ਕੇਰਲ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਮੁਸ਼ਕਿਲ ਵਿਚ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਨਾਲ ਹੈ। ਕੇਰਲ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਪੰਜਾਬ ਦੇ ਅਧਿਕਾਰੀਆਂ ਨੇ ਸੰਪਰਕ ਕੀਤਾ ਅਤੇ ਰਾਹਤ ਸਮੱਗਰੀ ਭੇਜਣ ਦਾ ਮਾਮਲਾ ਉਨ੍ਹਾਂ ਸਾਹਮਣੇ ਉਠਾਇਆ।
ਇਸੇ ਦੌਰਾਨ ਮੁੱਖ ਮੰਤਰੀ ਦੀ ਅਪੀਲ ਪੰਜਾਬ ਆਈ. ਏ. ਐੱਸ. ਅਧਿਕਾਰੀ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦੇਣਗੇ ਤਾਂ ਕਿ ਕੇਰਲ ਸਰਕਾਰ ਦੀ ਮਦਦ ਕੀਤੀ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਸਰਕਾਰੀ ਮੁਲਾਜ਼ਮਾਂ ਨੂੰ ਵੀ ਕੇਰਲ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਵੱਖ-ਵੱਖ ਸਵੈ ਸੇਵੀ ਸੰਗਠਨਾਂ ਨੂੰ ਵੀ ਕਿਹਾ ਹੈ ਕਿ ਉਹ ਕੇਰਲ ਦੀ ਮਦਦ ਲਈ ਅੱਗੇ ਆਉਣ। ਦੱਸ ਦਈਏ ਕਿ ਕੇਰਲ ‘ਚ ਆਏ ਜਬਰਦਸਤ ਹੜ੍ਹ ਕਾਰਨ ਪ੍ਰਦੇਸ਼ ‘ਚ 8 ਅਗਸਤ ਤੋਂ ਹੁਣ ਤਕ ਸੈਂਕੜੇ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ।

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …