ਆਤਿਸ਼ ਗੁਪਤਾ
ਚੰਡੀਗੜ੍ਹ, 26 ਮਾਰਚ
ਪੰਜਾਬ ਤੇ ਹਰਿਆਣਾ ਵਿੱਚ ਮਾਰਚ ਦੇ ਆਖੀਰਲੇ ਹਫ਼ਤੇ ਮੌਸਮ ਆਪਣਾ ਮਿਜਾਜ਼ ਬਦਲੇਗਾ, ਜਿਸ ਕਰਕੇ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕੀ ਕਿਣ-ਮਿਣ ਵੀ ਹੋ ਸਕਦੀ ਹੈ। ਉੱਧਰ ਮੌਸਮ ਵਿਭਾਗ ਨੇ 28, 29 ਤੇ 30 ਮਾਰਚ ਨੂੰ ਪੰਜਾਬ ਤੇ ਹਰਿਆਣਾ ਵਿੱਚ ਬੱਦਲਵਾਈ ਤੇ ਹਲਕੀ ਕਿਣ-ਮਿਣ ਪੈਣ ਦੀ ਪੇਸ਼ੀਨਗੋਈ ਕਰ ਦਿੱਤੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਪੰਜਾਬ ਵਿੱਚ ਮੌਸਮ ਵਿੱਚ ਅਚਾਨਕ ਆਉਣ ਵਾਲੀ ਤਬਦੀਲੀ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਦੂਜੇ ਪਾਸੇ ਬਦਲਦੇ ਮੌਸਮ ਨੇ ਸੂਬੇ ਦੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਪੰਜਾਬ ਵਿੱਚ ਕਣਕ ਦੀ ਫਸਲ ਤਿਆਰ ਖੜ੍ਹੀ ਹੈ, ਜਿਸ ਦੀ ਕਈ ਥਾਵਾਂ ’ਤੇ ਤਾਂ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਉੱਧਰ ਸੂਬੇ ਵਿੱਚ 1 ਅਪਰੈਲ ਤੋਂ ਕਣਕ ਦੀ ਖਰੀਦ ਵੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਮੌਸਮ ਦੇ ਖਰਾਬ ਹੋਣ ਦੀ ਪੇਸ਼ੀਨਗੋਈ ਨਾਲ ਹੀ ਕਿਸਾਨਾਂ ਦੇ ਫਿਕਰ ਵੱਧ ਗਏ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦਾ ਪਟਿਆਲਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
The post ਪੰਜਾਬ ਵਿੱਚ 28 ਮਾਰਚ ਤੋਂ ਬਦਲੇਗਾ ਮੌਸਮ ਦਾ ਮਿਜਾਜ਼ appeared first on Punjabi Tribune.
Source link
Asian Tribune Your Multilingual Newspaper covering World and local news News