ਪਾਲ ਸਿੰਘ ਨੌਲੀ
ਜਲੰਧਰ, 5 ਜੂਨ
ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕੇ ਕਤਲ ਕੇਸ ਵਿੱਚ ਅੱਜ ਪੰਜਾਬ ਪੁਲੀਸ ਨੇ ਦੋ ਸ਼ਾਰਪ ਸ਼ੂਟਰਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਮੁੱਖ ਮੁਲਜ਼ਮ ਦੋ ਸ਼ਾਰਪ ਸ਼ੂਟਰਾਂ ਸਣੇ ਅੱਜ ਕੁੱਲ ਪੰਜ ਜਣੇ ਕਾਬੂ ਕੀਤੇ ਗਏ ਹਨ। ਮੁਲਜ਼ਮਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਵਾਰਦਾਤ ਵਿੱਚ ਵਰਤੇ ਗਏ 7 ਹਥਿਆਰ ਤੇ 3 ਵਾਹਨ ਵੀ ਜ਼ਬਤ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਪੁਲੀਸ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਇਸ ਕੇਸ ਵਿੱਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਫੌਜੀ ਵਾਸੀ ਬੁਲੰਦਸ਼ਹਿਰ, ਵਿਕਾਸ ਮਾਹਲੇ ਵਾਸੀ ਗੁਰੂਗ੍ਰਾਮ (ਹਰਿਆਣਾ), ਸਚਿਨ ਧੂਲੀਆ ਵਾਸੀ ਅਲਵਰ (ਰਾਜਸਥਾਨ) ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਪੰਜ ਵਿਦੇਸ਼ੀ 30 ਬੋਰ ਦੇ ਹਨ। ਮੁਲਜ਼ਮਾਂ ਕੋਲੋਂ 3 ਵਾਹਨ ਮਹਿੰਦਰਾ ਐੱਕਸਯੂਵੀ, ਟੋਇਟਾ ਈਟੀਓਸ ਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਨੇ ਦੱਸਿਆ ਕਿ ਯੂਪੀ ਦੇ ਬੁਲੰਦਸ਼ਹਿਰ ਤੋਂ ਫੜਿਆ ਗਿਆ ਹਰਵਿੰਦਰ ਸਿੰਘ ਉਰਫ਼ ਫੌਜੀ ਇਸ ਕਤਲ ਵਿੱਚ ਮੁੱਖ ਕੋਆਰਡੀਨੇਟਰ ਸੀ ਤੇ ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਵਾਹਨ, ਹਥਿਆਰ ਤੇ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਹਰਵਿੰਦਰ ਨੇ ਹੀ ਹਥਿਆਰ ਸੰਭਾਲਣ ਦੀ ਸਿਖਲਾਈ ਦਿੱਤੀ ਅਤੇ ਵਿੱਤੀ ਸਹਾਇਤਾ ਦੇ ਨਾਲ-ਨਾਲ ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਮੁੱਖ ਸ਼ੂਟਰ ਵਿਕਾਸ ਮਾਹਲੇ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ। ਬਾਅਦ ਵਿੱਚ ਉਸ ਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੇ ਕਤਲ ਵਿੱਚ ਭੂਮਿਕਾ ਨਿਭਾਈ। ਜਾਂਚ ਦੌਰਾਨ ਵਿਕਾਸ ਮਾਹਲੇ ਨੇ ਪੰਜਾਬ ਵਿੱਚ ਦੋ ਹੋਰ ਕਤਲ ਕੇਸਾਂ ਵਿੱਚ ਆਪਣੀ ਸ਼ਮੂਲੀਅਤ ਦੀ ਗੱਲ ਮੰਨੀ ਹੈ, ਜਿਨ੍ਹਾਂ ਬਾਰੇ ਪੁਲੀਸ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ।
ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਪਿੰਡ ਮੱਲੀਆਂ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਪੰਜ ਹਮਲਾਵਰਾਂ ਨੇ ਕੱਬਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
Source link
Asian Tribune Your Multilingual Newspaper covering World and local news News