Home / Punjabi News / ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਦਾਖਲ ਹੋ ਸਕਦੇ ਹਨ ਵੱਡੀ ਗਿਣਤੀ ‘ਚ ਅੱਤਵਾਦੀ

ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਦਾਖਲ ਹੋ ਸਕਦੇ ਹਨ ਵੱਡੀ ਗਿਣਤੀ ‘ਚ ਅੱਤਵਾਦੀ

ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਦਾਖਲ ਹੋ ਸਕਦੇ ਹਨ ਵੱਡੀ ਗਿਣਤੀ ‘ਚ ਅੱਤਵਾਦੀ

ਜਲੰਧਰ —ਘਾਟੀ ਦੀਆਂ ਸੜਕਾਂ ‘ਤੇ ਅੱਜ ਲੋਕ ਘੱਟ ਸੁਰੱਖਿਆ ਬਲਾਂ ਦੇ ਜਵਾਨ ਜ਼ਿਆਦਾ ਨਜ਼ਰ ਆ ਰਹੇ ਹਨ। ਜੋ ਲੋਕ ਨਜ਼ਰ ਆ ਰਹੇ ਹਨ ਉਹ ਸਹਿਮੇ ਹੋਏ ਹਨ ਅਤੇ ਇਸ ਗੱਲ ਨੂੰ ਲੈ ਕੇ ਬੇਚੈਨ ਹਨ ਕਿ ਕੁਝ ਵੱਡਾ ਵਾਪਰਨ ਵਾਲਾ ਹੈ। ਕੀ ਹੋਣ ਵਾਲਾ ਹੈ ਫਿਲਹਾਲ ਇਸ ‘ਤੇ ਸਸਪੈਂਸ ਬਰਕਰਾਰ ਹੈ। ਜੋ ਵੀ ਹੋਵੇਗਾ ਉਸ ਦਾ ਅਸਰ ਪੰਜਾਬ ‘ਤੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖੁਫੀਆ ਏਜੰਸੀਆਂ ਅਨੁਸਾਰ ਜੰਮੂ-ਕਸ਼ਮੀਰ ਵਿਚ ਵੱਡੇ ਪੈਮਾਨੇ ‘ਤੇ ਪਾਕਿਸਤਾਨ ਤੋਂ ਟਰੇਨਿੰਗ ਲੈ ਕੇ ਅੱਤਵਾਦੀ ਦਾਖਲ ਹੋ ਚੁੱਕੇ ਹਨ ਅਤੇ ਜੰਮੂ-ਕਸ਼ਮੀਰ ਵਿਚ ਮੌਜੂਦ ਅੱਤਵਾਦੀਆਂ ਨਾਲ ਮਿਲ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਬੀਤੇ ਦਿਨੀਂ ਘਾਟੀ ਵਿਚ ਅੱਤਵਾਦੀਆਂ ਤੋਂ ਸਨਾਈਪਰ ਰਾਈਫਲ ਮਿਲਣ ਅਤੇ ਮਾਈਨ ਮਿਲਣ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਘਾਟੀ ਵਿਚ ਭਾਰੀ ਗਿਣਤੀ ਵਿਚ ਅੱਤਵਾਦੀ ਮੌਜੂਦ ਹਨ ਅਤੇ ਉਨ੍ਹਾਂ ਕੋਲ ਖਤਰਨਾਕ ਹਥਿਆਰ ਹਨ।
ਸ਼ੁੱਕਰਵਾਰ ਬਾਅਦ ਦੁਪਹਿਰ ਅਚਾਨਕ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ ਕਰ ਕੇ 15 ਅਗਸਤ ਨੂੰ ਖਤਮ ਹੋਣ ਵਾਲੀ ਅਮਰਨਾਥ ਯਾਤਰਾ ਨੂੰ 2 ਹਫਤੇ ਪਹਿਲਾਂ ਹੀ ਰੋਕ ਕੇ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਆਪਣੇ ਘਰਾਂ ਨੂੰ ਪਰਤਣ ਲਈ ਕਹਿ ਦਿੱਤਾ ਗਿਆ ਹੈ। ਘਾਟੀ ਵਿਚ ਸਥਿਤੀ ਇਹ ਹੈ ਕਿ ਯਾਤਰੀਆਂ ਨੂੰ ਜੋ ਸਾਧਨ ਮਿਲ ਰਹੇ ਹਨ, ਨਾਲ ਉਹ ਜਲਦੀ ਤੋਂ ਜਲਦੀ ਘਾਟੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਈ ਸੜਕ ਅਤੇ ਰੇਲ ਮਾਰਗ ਤੋਂ ਤਾਂ ਕੋਈ ਹਵਾਈ ਮਾਰਗ ਤੋਂ ਘਾਟੀ ਛੱਡ ਰਿਹਾ ਹੈ। ਇਸ ਦੌਰਾਨ ਖਬਰ ਇਹ ਵੀ ਆਈ ਹੈ ਕਿ ਯਾਤਰੀਆਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲਿਆ ਜਾਣ ਵਾਲਾ ਹੈ। ਡੀ. ਜੀ. ਸੀ. ਏ. (ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ) ਦੇ ਨਿਰਦੇਸ਼ ‘ਤੇ ਯਾਤਰੀਆਂ ਨੂੰ ਹਵਾਈ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਏਅਰਲਾਈਨਜ਼ ਅਧਿਕਾਰੀਆਂ ਅਤੇ ਏਅਰਪੋਰਟ ਅਥਾਰਿਟੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਤਕ ਲਈ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਜੋ ਸੀਟਾਂ ਬਚੀਆਂ ਹਨ ਉਨ੍ਹਾਂ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ।
ਅੱਤਵਾਦੀ ਘੁਸਪੈਠ ਦਾ ਸਮਾਂ ਹੈ ਇਹ
ਬਰਸਾਤ ਵਿਚ ਨਦੀਆਂ-ਨਾਲਿਆਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਇਸੇ ਦਾ ਫਾਇਦਾ ਉਠ ਕੇ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਵਿਚ ਘੁਸਪੈਠ ਦੀ ਸੰਭਾਵਨਾ ਰਹਿੰਦੀ ਹੈ। ਖੁਫੀਆ ਏਜੰਸੀਆਂ ਮੁਤਾਬਕ ਜ਼ਿਆਦਾਤਰ ਘੁਸਪੈਠ ਦੀ ਸੰਭਾਵਨਾ ਮਈ ਤੋਂ ਲੈ ਕੇ ਅਕਤੂਬਰ ਮਹੀਨੇ ਵਿਚ ਹੁੰਦੀ ਹੈ। ਉਥੇ ਸੁਰੱਖਿਆ ਏਜੰਸੀਆਂ ਨੂੰ ਕਈ ਅਜਿਹੇ ਖੁਫੀਆ ਇਨਪੁਟ ਮਿਲੇ ਸ ਕਿ ਪਾਕਿਸਤਾਨ ਵਿਚ ਮੌਜੂਦ ਜੈਸ਼-ਏ-ਮੁਹੰਮਦ ਜੰਮੂ-ਕਸ਼ਮੀਰ ਵਿਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਪੁਲਸ ਜਾਣਕਾਰੀ ਦੇ ਮੁਤਾਬਕ ਪੀ. ਓ. ਕੇ. ਵਿਚ ਬੈਠਾ ਜੈਸ਼ ਸਰਗਨਾ ਮਸੂਦ ਅਜ਼ਹਰ ਦਾ ਭਰਾ ਇਬਰਾਹਿਮ ਅਜ਼ਹਰ ਜੰਮੂ-ਕਸ਼ਮੀਰ ਵਿਚ ਖੂੰਖਾਰ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਫਿਰਾਕ ਵਿਚ ਹੈ ਜਦ ਕਿ ਇਸ ਸਮੇਂ ਘਾਟੀ ਵਿਚ ਕਰੀਬ 270-275 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿਚੋਂ 115 ਵਿਦੇਸ਼ੀ ਅੱਤਵਾਦੀ ਹਨ ਅਤੇ ਕਰੀਬ 162 ਸਥਾਨਕ ਅੱਤਵਾਦੀ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ 14 ਤੋਂ 16 ਲਾਂਚ ਪੈਡ ਹਨ ਜਿਸ ਨਾਲ ਅੱਤਵਾਦੀ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। 2 ਦਿਨ ਪਹਿਲਾਂ ਹੀ ਆਰਮੀ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। 3 ਦਿਨ ਪਹਿਲਾਂ ਜਦ ਪਾਕਿਸਤਾਨ ਵਲੋਂ ਸੀਜ਼ ਫਾਇਰ ਦੇ ਉਲੰਘਣ ਵਿਚ ਇਕ ਦਮ ਤੇਜ਼ੀ ਆਈ। ਉਸ ਸਮੇਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਜਦ ਵੀ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰਦੇ ਹਨ ਤਾਂ ਪਾਕਿਸਤਾਨ ਦੀ ਫੌਜ ਉਨ੍ਹਾਂ ਨੂੰ ਕਵਰ ਫਾਇਰ ਦਿੰਦੀ ਹੈ।
ਪੰਜਾਬ ‘ਚ ਘੁਸਪੈਠ ਕਦੋਂ ਅਤੇ ਕਿਵੇਂ?
ਖੁਫੀਆ ਸੂਤਰਾਂ ਅਨੁਸਾਰ ਸਰਦੀ ਦੇ ਮੌਸਮ ਵਿਚ ਘਾਟੀ ਵਿਚ ਬਰਫ ਪੈ ਜਾਂਦੀ ਹੈ ਜਿਸ ਕਾਰਨ ਕਸ਼ਮੀਰ ਵਿਚ ਅੱਤਵਾਦੀ ਘੁਸਪੈਠ ਦੀ ਸੰੰਭਾਵਨਾ ਘੱਟ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਅੱਤਵਾਦੀਆਂ ਦੇ ਪੰਜਾਬ ਵਿਚ ਦਾਖਲ ਹੋਣ ਦੀ ਸੰਭਾਵਨਾ ਰਹਿੰਦੀ ਹੈ। ਮਿਸਾਲ ਦੇ ਤੌਰ ‘ਤੇ ਜਨਵਰੀ 2016 ਵਿਚ ਪਠਾਨਕੋਟ ਏਅਰਬੇਸ ‘ਤੇ ਹਮਲੇ ਦੀ ਘਟਨਾ। ਉਥੇ ਜੰਮੂ-ਕਸ਼ਮੀਰ ਵਿਚ ਪੈਦਾ ਹਾਲਾਤ ਦੇ ਮੱਦੇਨਜ਼ਰ ਕਾਰਵਾਈ ਦੌਰਾਨ ਅੱਤਵਾਦੀਆਂ ਵਲੋਂ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕੀਤੇ ਜਾਣ ਦੌਰਾਨ ਇਹ ਅੱਤਵਾਦੀ ਪੰਜਾਬ ਵਿਚ ਦਾਖਲ ਹੋ ਸਕਦੇ ਹਨ ਕਿਉਂਕਿ ਸੂਚਨਾ ਦੇ ਅਨੁਸਾਰ ਇਸ ਸਮੇਂ ਜੰਮੂ-ਕਸ਼ਮੀਰ ਵਿਚ 40 ਹਜ਼ਾਰ ਦੇ ਕਰੀਬ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।
ਟਰੰਪ-ਇਮਰਾਨ ਮੁਲਾਕਾਤ ਤੋਂ ਬਾਅਦ ਸਰਹੱਦ ‘ਤੇ ਅੱਤਵਾਦੀ ਸਰਗਰਮ
ਖੁਫੀਆ ਰਿਪੋਰਟ ਅਤੇ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਕੰਟਰੋਲ ਰੇਖਾ (ਐੱਲ. ਓ. ਸੀ.) ਕੋਲ ਮੌਜੂਦ ਲਾਂਚ ਪੈਡ ਵਿਚ ਅੱਤਵਾਦੀ ਵਾਪਸ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਰਮਿਆਨ ਵਾਸ਼ਿੰਗਟਨ ਵਿਚ ਪਿਛਲੇ ਹਫਤੇ ਹੋਈ ਬੈਠਕ ਤੋਂ ਪਹਿਲਾਂ ਇਹ ਅੱਤਵਾਦੀ ਐੱਲ. ਓ. ਸੀ. ਤੋਂ ਚਲੇ ਗਏ ਸਨ। ਪਾਕਿਸਤਾਨ ਨੇ ਕਿਹਾ ਸੀ ਕਿ ਉਸ ਦੇ ਦੇਸ਼ ਨੇ ਅੱਤਵਾਦੀਆਂ ਦੇ ਸਾਰੇ ਲਾਂਚ ਪੈਡ ਨੂੰ ਹਟਾ ਦਿੱਤਾ ਹੈ ਜਦ ਕਿ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਕੁਝ ਦਿਨਾਂ ਤੋਂ ਸਾਨੂੰ ਅਜਿਹੀਆਂ ਰਿਪੋਰਟਾਂ ਮਿਲੀਆਂ ਸਨ ਕਿ ਲਾਂਚ ਪੈਡ ਵਿਚ ਭਾਰਤ ਅੰਦਰ ਘੁਸਪੈਠ ਦੀ ਤਿਆਰੀ ਕਰਨ ਵਾਲਾ ਕੋਈ ਅੱਤਵਾਦੀ ਮੌਜੂਦ ਨਹੀਂ ਹੈ। ਇਹ ਬਹੁਤ ਹੈਰਾਨ ਵਾਲਾ ਸੀ ਕਿਉੇਂਕਿ ਮਈ ਤੋਂ ਅਕਤੂਬਰ ਅਜਿਹਾ ਸਮਾਂ ਹੈ ਜਦ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।’ ਖਾਨ ਨੇ 22 ਜੁਲਾਈ ਨੂੰ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਪਹਿਲੀ ਵਾਰ ਪਾਕਿਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨਾਲ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਮੁਖੀ ਫੈਜ ਹਮੀਦ ਨਾਲ ਸਨ। ਤਾਜ਼ਾ ਖੁਫੀਆ ਰਿਪੋਰਟ ਅਨੁਸਾਰ ਐੱਲ. ਓ. ਸੀ. ਦੇ ਲਾਂਚ ਪੈਡ ‘ਤੇ 200 ਤੋਂ 250 ਅੱਤਵਾਦੀ ਵਾਪਸ ਪਰਤ ਆਏ ਹਨ ਜੋ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਫੌਜ ਦੇ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਘਾਟੀ ਦੇ ਗੁਰੇਜ ਸੈਕਟਰ ਵਿਚ ਹੋਈ ਜੰਗਬੰਦੀ ਦੀ ਉਲੰਘਣਾ ਇਕ ਘੁਸਪੈਠ ਦੀ ਕੋਸ਼ਿਸ਼ ਸੀ। ਅਸੀਂ ਉਥੇ 2 ਅੱਤਵਾਦੀਆਂ ਦੀਆਂ ਲਾਸ਼ਾਂ ਦੇਖੀਆਂ ਸਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …