ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 24 ਅਗਸਤ
ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਅੱਜ ਇਕ ਅਣਪਛਾਤੇ ਵਿਅਕਤੀ ਵੱਲੋਂ ਗੁਰਦੁਆਰੇ ਵਿੱਚ ਦਾਖ਼ਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਤੌਰ ‘ਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸ਼ੱਕੀ ਵਿਅਕਤੀ ਨੂੰ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ। ਪੁਲੀਸ ਨੇ ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਵੱਲੋਂ ਦਿੱਤੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਜਿਉਂ ਹੀ ਪੁਲੀਸ ਚੌਕੀ ਬਡਰੁੱਖਾਂ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਤਾਂ ਇਲਾਕੇ ਦੇ ਲੋਕ ਪੁਲੀਸ ਚੌਕੀ ਅੱਗੇ ਇਕੱਠੇ ਹੋ ਗਏ। ਪ੍ਰਬੰਧਕਾਂ ਮੁਤਾਬਕ ਇਕ ਅਣਪਛਾਤਾ ਵਿਅਕਤੀ ਅੱਜ ਸਵੇਰੇ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਅੰਦਰ ਜਾਣ ਲੱਗਾ ਤਾਂ ਗੇਟ ‘ਤੇ ਖੜ੍ਹੇ ਸਕਿਓਰਿਟੀ ਗਾਰਡ ਨੇ ਉਸ ਨੂੰ ਰੋਕਿਆ ਪਰ ਇਹ ਵਿਅਕਤੀ ਧੱਕੇ ਨਾਲ ਗੁਰਦੁਆਰੇ ਅੰਦਰ ਦਾਖ਼ਲ ਹੋ ਗਿਆ। ਸੇਵਾਦਾਰਾਂ ਨੇ ਦੱਸਿਆ ਕਿ ਸਵੇਰੇ 5 ਵਜੇ ਇਕ ਵਿਅਕਤੀ ਗੁਰਦੁਆਰੇ ਅੰਦਰ ਆ ਕੇ ਗੋਲਕ ਨੇੜੇ ਪਏ ਜੰਗਲੇ ਨੂੰ ਚਿੰਬੜ ਗਿਆ। ਜਦੋਂ ਸ਼ਰਧਾਲੂ ਉਸ ਨੂੰ ਜੰਗਲੇ ਤੋਂ ਹਟਾਉਣ ਲੱਗੇ ਤਾਂ ਜੰਗਲਾ ਕਮਜ਼ੋਰ ਹੋਣ ਕਾਰਨ ਟੁੱਟ ਗਿਆ। ਸੰਗਤਾਂ ਨੇ ਛਿੱਤਰ ਪਰੇਡ ਕਰਕੇ ਇਸ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Source link
Asian Tribune Your Multilingual Newspaper covering World and local news News