Home / Punjabi News / ਕੋਵਿਡ-19 ਟੀਕਾਕਰਨ: ਸ਼ੰਕੇ ਤੇ ਵਿਗਿਆਨਕ ਤੱਥ

ਕੋਵਿਡ-19 ਟੀਕਾਕਰਨ: ਸ਼ੰਕੇ ਤੇ ਵਿਗਿਆਨਕ ਤੱਥ

ਕੋਵਿਡ-19 ਟੀਕਾਕਰਨ: ਸ਼ੰਕੇ ਤੇ ਵਿਗਿਆਨਕ ਤੱਥ

ਡਾ. ਪਿਆਰਾ ਲਾਲ ਗਰਗ

ਸੰਸਾਰ ਭਰ ਵਿਚ ਕੋਵਿਡ ਦੀ ਦੂਜੀ ਤੇ ਤੀਜੀ ਲਹਿਰ ਦਾ ਤਾਂਡਵ ਚੱਲ ਰਿਹਾ ਹੈ। ਭਾਰਤ ਵਿਚ ਤਾਂ ਹਾਲਾਤ ਬਹੁਤ ਬਦਤਰ ਹਨ। ਲੋਕ ਡਰੇ ਤੇ ਸਹਿਮੇ ਹੋਏ ਹਨ। ਜਿਹੜੇ ਪਹਿਲਾਂ ਕੋਰੋਨਾ ਦੇ ਵੈਕਸੀਨ ਉੱਪਰ ਨੱਕ ਬੁੱਲ੍ਹ ਕੱਢ ਰਹੇ ਸਨ, ਅੱਜ ਉਹ ਟੀਕਾਕਰਨ ਲਈ ਵਹੀਰਾਂ ਘੱਤ ਰਹੇ ਹਨ, ਪਰ ਲੋਕਾਂ ਦੇ ਮਨਾਂ ਵਿਚ ਟੀਕਾਕਰਨ ਸਬੰਧੀ ਬਹੁਤ ਸਾਰੇ ਪ੍ਰਸ਼ਨ ਤੇ ਸ਼ੰਕੇ ਹਨ ਜਿਨ੍ਹਾਂ ਦੀ ਨਵਿਰਤੀ ਜ਼ਰੂਰੀ ਹੈ।

ਕਰੋਨਾ ਵਿਰੁੱਧ ਟੀਕਾਕਰਨ ਕਿਉਂ ਕੀਤਾ ਜਾ ਰਿਹਾ ਹੈ?

ਸੰਕਰਮਣ ਵਾਲੀਆਂ ਮਹਾਂਮਾਰੀਆਂ ਦਾ ਸਮੂਹਿਕ ਹੱਲ ਬਹੁਤ ਵਾਰੀ ਸਰਬਵਿਆਪੀ ਟੀਕਾਕਰਨ ਵਿਚ ਹੀ ਪਾਇਆ ਗਿਆ ਹੈ ਨਾ ਕਿ ਕੇਵਲ ਇਲਾਜ ਰਾਹੀਂ। ਚੇਚਕ ਅਤੇ ਪੋਲੀਓ ਦੀਆਂ ਉਦਹਾਰਨਾਂ ਸਾਡੇ ਸਾਹਮਣੇ ਹਨ। ਕੋਵਿਡ-19 ਤੋਂ ਬਚਾਅ ਲਈ ਵੀ ਇਸ ਵਿਰੁੱਧ ਸਮੂਹਿਕ ਰੋਗ ਰੋਧਕਤਾ ਵਿਕਸਤ ਕਰਨਾ ਵਿਆਪਕ ਪੱਧਰ ਦਾ ਇਕੋ ਇਕ ਹੱਲ ਹੈ। ਇਸੇ ਕਰਕੇ ਕੋਵਿਡ ਦੀ ਰੋਕਥਾਮ ਲਈ ਸਮੂਹਿਕ ਰੋਗ ਰੋਧਕਤਾ (ਹਰਡ ਇਮਿਊਨਿਟੀ) ਪੈਦਾ ਕਰਨ ਦੇ ਮੰਤਵ ਨਾਲ ਵਿਸ਼ਵ ਭਰ ਵਿਚ ਕੋਵਿਡ ਦੇ ਟੀਕਾਕਰਨ ਉੱਪਰ ਮੁਹਿੰਮ ਚਲਾਈ ਜਾ ਰਹੀ ਹੈ। ਅਮਰੀਕਾ ਦੀ ਤਾਂ 50 % ਆਬਾਦੀ ਨੂੰ ਟੀਕਾ ਲੱਗ ਚੁੱਕਿਆ ਹੈ। ਇਹੀ ਹੈ ਕੋਵਿਡ ਟੀਕਾਕਰਨ ਦਾ ਵਿਗਿਆਨਕ ਮੰਤਵ ਯਾਨੀ ਸਮੂਹਿਕ ਰੋਗ ਰੋਧਕਤਾ ਪੈਦਾ ਕਰਨਾ ਤਾਂ ਕਿ ਇਹ ਵਾਇਰਸ ਤੁਹਾਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ।

ਕਰੋਨਾ ਖਿਲਾਫ਼ ਇਹ ਟੀਕਾ ਹੈ ਕੀ?

ਇਹ ਟੀਕਾ ਆਰਐੱਨਏ ਵਾਇਰਸ ਜਾਂ ਐਡੀਨੋਵਾਇਰਸ, ਰੋਗ ਵਾਹਕ ਵਾਇਰਸ ਜਾਂ ਨਿਸ਼ਕਿਰਿਆ ਕੀਤਾ ਵਾਇਰਸ ਜਾਂ ਵਾਇਰਸ ਦਾ ਕੋਈ ਹਿੱਸਾ ਜਿਵੇਂ ਕਿ ਵਾਇਰਸ ਦੇ ਗਜਾਂ ਦੀ ਪ੍ਰੋਟੀਨ ਆਦਿ ਹੁੰਦਾ ਹੈ।

ਕੋਵਿਡ ਦਾ ਟੀਕਾ ਸਰੀਰ ਵਿਚ ਜਾ ਕੇ ਕੀ ਕਰਦਾ ਹੈ?

ਟੀਕਾ ਲਗਵਾਉਣ ਤੋਂ ਬਾਅਦ ਮਨੁੱਖੀ ਸਰੀਰ ਉਸ ਟੀਕੇ ਦੀ ਸਮੱਗਰੀ ਜਾਂ ਵਾਇਰਸ ਜੋ ਵੀ ਹੈ, ਉਸ ਵਿਰੁੱਧ ਪ੍ਰਤੀਕਿਰਿਆ ਕਰਦਾ ਹੈ ਜਿਸ ਨਾਲ ਸਰੀਰ ਇਸ ਵਾਇਰਸ ਦੀ ਪਛਾਣ ਕਰਕੇ, ਇਸ ਵਿਰੁੱਧ ਲੜਨ ਲਈ ਸਰੀਰ ਵਿਚ ਵਿਸ਼ੇਸ਼ ਐਂਟੀਬਾਡੀ ਯਾਨੀ ਲੜਾਕੂ ਫ਼ੌਜ ਵਿਕਸਤ ਕਰ ਲੈਂਦਾ ਹੈ। ਇਸ ਨੂੰ ਅਸੀਂ ਵਿਸ਼ੇਸ਼ ਕਿਰਿਆਸ਼ੀਲ ਰੋਗ ਰੋਧਕਤਾ ਕਹਿੰਦੇ ਹਾਂ।

ਇਹ ਟੀਕਾ ਕੋਵਿਡ ਰੋਗ ਤੋਂ ਬਚਾਅ ਕਿਵੇਂ ਕਰਦਾ ਹੈ?

ਟੀਕੇ ਵੱਲੋਂ ਸਿਰਜੀ ਫ਼ੌਜ ਜਦੋਂ ਪੂਰੇ ਸਮੇਂ ’ਤੇ ਤਿਆਰ ਬਰ ਤਿਆਰ ਹੋ ਜਾਂਦੀ ਹੈ ਤਾਂ ਇਹ ਰੋਗ ਨੂੰ ਰੋਕਦੀ ਹੈ। ਪਰ ਟੀਕਾ ਕੋਵਿਡ ਰੋਕਣ ਦੀ ਕੋਈ ਪੱਕੀ ਗਾਰੰਟੀ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਟੀਕਾ ਸੰਕਰਮਣ ਦੇ ਬਾਵਜੂਦ ਕੋਵਿਡ ਬਿਮਾਰੀ ਰੋਕ ਦੇਵੇਗਾ, ਜੇ ਨਾ ਰੋਕ ਸਕੇ ਤਾਂ ਬਿਮਾਰੀ ਮਾਮੂਲੀ ਹੋਵੇਗੀ, ਜਾਂ ਫਿਰ ਜਟਿਲਤਾਵਾਂ ਨਹੀਂ ਹੋਣਗੀਆਂ ਅਤੇ ਮੌਤ ਹੋਣ ਦਾ ਖ਼ਤਰਾ ਬਹੁਤ ਘਟ ਜਾਵੇਗਾ।

ਇਹ ਟੀਕਾ ਕਿਵੇਂ ਤੇ ਕਿੱਥੇ ਲੱਗਦਾ ਹੈ?

ਇਸ ਸਬੰਧੀ ਟੀਕਾਕਰਨ ਹੁਣ ਤਕ ਭਾਰਤ ਸਰਕਾਰ ਵੱਲੋਂ ਚਲਾਈ ਜਾਂਦੀ ਮੁਹਿੰਮ ਤਹਿਤ ਕੀਤਾ ਜਾ ਰਿਹਾ ਹੈ ਜੋ ਖ਼ਤਰੇ ਵਾਲੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਲਗਾਇਆ ਜਾਂਦਾ ਹੈ। ਇਸ ਲਈ ਆਨਲਾਈਨ ਜਾਂ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ। ਸਰਕਾਰੀ ਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਅਤੇ ਵਿਸ਼ੇਸ਼ ਥਾਵਾਂ ਜਿਵੇਂ ਸਕੂਲਾਂ, ਕਮਿਊਨਿਟੀ ਸੈਂਟਰਾਂ ਆਦਿ ’ਤੇ ਬਣਾੲੇ ਟੀਕਾ ਕੇਂਦਰਾਂ ਵਿਚ ਟੀਕਾ ਲੱਗਦਾ ਹੈ। ਟੀਕਾ ਲਗਾਉਣ ਤੋਂ ਪਹਿਲਾਂ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ, ਫਿਰ ਟੀਕਾ ਲਗਾਉਣ ਤੋਂ ਬਾਅਦ ਉਸ ਦੀ ਕੁਝ ਦੇਰ ਲਈ ਨਿਗਰਾਨੀ ਰੱਖੀ ਜਾਂਦੀ ਹੈ ਤਾਂ ਕਿ ਜੇਕਰ ਟੀਕੇ ਤੋਂ ਕੋਈ ਪ੍ਰਤੀਕਿਰਿਆ ਹੁੰਦੀ ਹੈ ਤਾਂ ਉਸ ਨੂੰ ਸੰਭਾਲਿਆ ਜਾ ਸਕੇ।

ਇਹ ਟੀਕਾ ਕਿਨ੍ਹਾਂ ਨੂੰ ਲਾਇਆ ਜਾ ਸਕਦਾ ਹੈ?

ਇਸ ਟੀਕੇ ਦੀ ਐਂਮਰਜੈਂਸੀ ਵਰਤੋਂ ਦਾ ਅਧਿਕਾਰ ਕੇਵਲ ਬਾਲਗਾਂ ਲਈ ਯਾਨੀ 18 ਸਾਲ ਜਾਂ ਉਸ ਤੋਂ ਵੱਧ ਉਮਰ ਵਾਲਿਆਂ ਲਈ ਹੀ ਹੈ।

ਕੀ ਇਹ ਬੱਚਿਆਂ ਨੂੰ ਲਗਵਾਇਆ ਜਾ ਸਕਦਾ ਹੈ?

ਸਰਕਾਰ ਵੱਲੋਂ ਅਜੇ ਤਕ 18 ਸਾਲ ਤੋਂ ਘੱਟ ਉਮਰ ਸਮੂਹ ਵਾਸਤੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਬੱਚਿਆਂ ਉੱਪਰ ਇਸ ਦਾ ਨਿਰੀਖਣ ਵੀ ਨਹੀਂ ਕੀਤਾ ਗਿਆ। ਉਂਜ ਬੱਚਿਆਂ ਵਿਚ ਕੋਵਿਡ-19 ਮੌਤ ਦਰ ਬਹੁਤ ਘੱਟ ਹੈ।

ਇਹ ਕਿਨ੍ਹਾਂ ਨੂੰ ਨਹੀਂ ਲਗਵਾਉਣਾ ਚਾਹੀਦਾ?

ਗਰਭਵਤੀ ਔਰਤਾਂ, ਦੁੱਧ ਚੁੰਘਾਉਂਦੀਆਂ ਔਰਤਾਂ, ਜਿਨ੍ਹਾਂ ਨੂੰ ਦਵਾਈਆਂ, ਟੀਕਿਆਂ ਜਾਂ ਹੋਰ ਭੋਜਨ ਪਦਾਰਥਾਂ ਨਾਲ ਅਲਰਜੀ ਹੋਵੇ ਜਾਂ ਪਹਿਲੀ ਖੁਰਾਕ ਉਪਰੰਤ ਅਲਰਜਿਕ ਰਿਐਕਸ਼ਨ ਹੋਇਆ ਹੋਵੇ। ਕੋਵਿਡ ਬਿਮਾਰੀ ਦੌਰਾਨ ਅਤੇ ਕਿਸੇ ਹੋਰ ਗੰਭੀਰ ਬਿਮਾਰੀ ਦੌਰਾਨ ਵੀ ਇਸ ਨੂੰ ਅੱਗੇ ਪਾ ਦਿੱਤਾ ਜਾਵੇ। ਐੱਚਆਈਵੀ, ਏਡਜ਼, ਖੂਨ ਜੰਮਣ ਦੇ ਨੁਕਸਾਂ ਵਾਲਿਆਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ, ਪਰ ਧਿਆਨ ਨਾਲ ਲਾਇਆ ਜਾਵੇ।

ਕੀ ਇਸ ਨੂੰ ਬਾਕੀ ਹੋਰ ਕਿਸੇ ਵੈਕਸੀਨ ਨਾਲ ਲਗਵਾਇਆ ਜਾ ਸਕਦਾ ਹੈ?

ਨਹੀਂ! ਟੈਟਨਸ ਜਾਂ ਕੋਈ ਵੀ ਹੋਰ ਵੈਕਸੀਨੇਸ਼ਨ ਅਤੇ ਕੋਵਿਡ ਵੈਕਸੀਨ ਵਿਚ 15 ਦਿਨ ਦਾ ਵਕਫ਼ਾ ਜ਼ਰੂਰ ਰੱਖਿਆ ਜਾਵੇ।

ਇਸ ਟੀਕੇ ਨੂੰ ਕਿੱਥੇ ਲਗਵਾਇਆ ਜਾਵੇ?

ਇਹ ਪੱਠਿਆਂ ਵਿਚ ਲੱਗਦਾ ਹੈ। ਇਸ ਨੂੰ ਮੋਢੇ ਜਾਂ ਕੁਲੇ ਜਾਂ ਕਿਤੇ ਹੋਰ ਪੱਠਿਆਂ ਵਿਚ ਲਗਾਇਆ ਜਾ ਸਕਦਾ ਹੈ।

ਵੈਕਸੀਨ ਦੀ ਵਰਤੋਂ ਤੇ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ?

ਕੋਵੀਸ਼ੀਲਡ ਦੀ ਸ਼ੀਸ਼ੀ ਵਿਚ 10 ਖੁਰਾਕਾਂ ਅਤੇ ਕੋਵੈਕਸਿਨ ਵਿਚ 20 ਖੁਰਾਕਾਂ ਹੁੰਦੀਆਂ ਹਨ। ਇਨ੍ਹਾਂ ਦੋਹਾਂ ਨੂੰ 20 ਸੈਲਸੀਅਸ ਤੋਂ 80 ਸੈਲਸੀਅਸ ਤਕ ਦੇ ਤਾਪਮਾਨ ’ਤੇ ਰੱਖਣਾ ਹੁੰਦਾ ਹੈ। ਸ਼ੀਸ਼ੀ ਖੋਲ੍ਹਣ ਤੋਂ ਚਾਰ ਘੰਟੇ ਬਾਅਦ ਸੁੱਟ ਦੇਣੀ ਹੈ। ਜੇਕਰ ਇਸ ਵਿਚ ਕੋਈ ਵਾਧੂ ਚੀਜ਼ ਦਿਖਾਏ ਦੇਵੇ ਜਾਂ ਇਸ ਦਾ ਰੰਗ ਬਦਲ ਜਾਵੇ, ਤਾਂ ਇਸ ਨੂੰ ਸੁੱਟ ਦਿੱਤਾ ਜਾਂਦਾ ਹੈ।

ਵੈਕਸੀਨ ਦੇਣ ਵਿਚ ਕਿਨ੍ਹਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ?

ਇਕ ਕਰੋੜ ਸਿਹਤ ਕਾਮਿਆਂ ਨੂੰ ਪਹਿਲੇ ਗੇੜ, ਦੋ ਕਰੋੜ ਕਰੋਨਾ ਯੋਧਿਆਂ ਨੂੰ ਦੂਜੇ ਗੇੜ, 60 ਸਾਲ ਤੋਂ ਉੱਪਰ ਵਾਲਿਆਂ ਨੂੰ ਤੀਜੇ ਗੇੜ, ਜ਼ਿਆਦਾ ਸੰਕਰਮਣ ਵਾਲੇ ਖੇਤਰਾਂ ਵਿਚ ਅਤੇ ਹੋਰ ਬਿਮਾਰੀਆਂ ਜਿਵੇਂ ਬਲੱਡ ਪ੍ਰੈੱਸ਼ਰ, ਦਿਲ, ਗੁਰਦੇ, ਜਿਗਰ ਦੇ ਰੋਗ, ਸਾਹ ਦੀ ਬਿਮਾਰੀ, ਸ਼ੂਗਰ, ਕੈਂਸਰ ਤੇ ਕਾਲਾ ਪੀਲੀਆ ਆਦਿ ਵਾਲਿਆਂ ਲਈ ਅਤੇ 45 ਸਾਲ ਤੋਂ ਉੱਪਰ ਉਮਰ ਵਰਗ ਲਈ ਚੌਥੇ ਗੇੜ ਵਿਚ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਪਹਿਲੀ ਮਈ ਤੋਂ ਸਾਰੀ ਬਾਲਗ ਵਸੋਂ ਲਈ ਟੀਕਾਕਰਨ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਨੂੰ ਅਜੇ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਭਾਰਤ ਵਿਚ ਹਰ ਮਹੀਨੇ 8 ਕਰੋੜ ਖੁਰਾਕਾਂ ਬਣਾਉਣ ਦੀ ਸਮਰੱਥਾ ਹੈ। ਕੁਝ ਕੁ ਸੂਬਿਆਂ ਨੂੰ ਛੱਡ ਕੇ ਬਾਕੀ ਵਿਚ ਟੀਕੇ ਦੀ ਥੁੜ੍ਹ ਹੈ। ਇਸੇ ਕਾਰਨ ਪਹਿਲੀ ਮਈ ਤੋਂ 18 ਤੋਂ 45 ਸਾਲ ਦਾ ਟੀਕਾਕਰਨ ਬਹੁਤ ਥਾਵਾਂ ’ਤੇ ਸ਼ੁਰੂ ਨਹੀਂ ਹੋ ਸਕਿਆ।

ਵੈਕਸੀਨ ਦੀਆਂ ਕਿੰਨੀਆਂ ਖੁਰਾਕਾਂ ਹਨ ਅਤੇ ਕਿਵੇਂ ਦਿੱਤੀਆਂ ਜਾਂਦੀਆਂ ਹਨ?

ਟੀਕੇ ਦੀਆਂ ਦੋ ਖੁਰਾਕਾਂ ਲੱਗਦੀਆਂ ਹਨ। ਭਾਰਤ ਵਿਚ ਲਗਾਏ ਜਾ ਰਹੇ ਟੀਕੇ ਦੋ ਪ੍ਰਕਾਰ ਦੇ ਹਨ-ਕੋਵੀਸ਼ੀਲਡ ਅਤੇ ਕੋਵੈਕਸਿਨ। ਕੋਵੀਸ਼ੀਲਡ ਦੀ ਦੂਜੀ ਖੁਰਾਕ 6-8 ਹਫ਼ਤੇ ਬਾਅਦ ਅਤੇ ਕੋਵੈਕਸਿਨ ਦੀ ਚਾਰ ਹਫ਼ਤੇ ਬਾਅਦ ਲੱਗਦੀ ਹੈ। ਧਿਆਨ ਰੱਖਿਆ ਜਾਵੇ ਕਿ ਦੂਜੀ ਖੁਰਾਕ ਉਸੇ ਟੀਕੇ ਦੀ ਲਗਵਾਈ ਜਾਵੇ ਜਿਸ ਦੀ ਪਹਿਲੀ ਖੁਰਾਕ ਲਈ ਸੀ। ਇਨ੍ਹਾਂ ਨੂੰ ਬਦਲ ਕੇ ਨਹੀਂ ਲਵਾਇਆ ਜਾ ਸਕਦਾ ਕਿਉਂਕਿ ਟੀਕੇ ਵੱਖ ਵੱਖ ਸਮੱਗਰੀ ਤੋਂ ਬਣੇ ਹਨ ਤੇ ਸਰੀਰ ਦੀ ਪ੍ਰਤੀਕਿਰਿਆ ਦਾ ਤਰੀਕਾ ਵੀ ਵੱਖਰਾ ਵੱਖਰਾ ਹੈ।

ਕੀ ਟੀਕੇ ਦਾ ਕੋਈ ਮਾੜਾ ਅਸਰ ਜਾਂ ਰਿਐਕਸ਼ਨ ਵੀ ਹੋ ਸਕਦਾ ਹੈ?

ਆਮ ਟੀਕਾਕਰਨ ਦੀ ਤਰ੍ਹਾਂ ਹੀ ਇਸ ਨਾਲ ਵੀ ਹਲਕਾ ਬੁਖਾਰ ਜਾਂ ਦਰਦ ਜਾਂ ਟੀਕਾ ਲਗਾਉਣ ਦੀ ਥਾਂ ’ਤੇ ਸੋਜ ਆ ਸਕਦੀ ਹੈ। ਤਕਲੀਫ਼ ਵਿਚ ਪੈਰਾਸੀਟਾਮੋਲ ਆਦਿ ਲਈ ਜਾ ਸਕਦੀ ਹੈ, ਪਰ ਟੀਕੇ ਤੋਂ ਪਹਿਲਾਂ ਅਜਿਹੀ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਕਿਉਂਕਿ ਉਸ ਨਾਲ ਟੀਕੇ ਦਾ ਪ੍ਰਭਾਵ ਘਟ ਸਕਦਾ ਹੈ। ਮੁਕੰਮਲ ਟੀਕਾਕਰਨ ਤੋਂ ਬਾਅਦ 0.04 % ਨੂੰ ਰੋਗ ਵੀ ਹੋ ਸਕਦਾ ਹੈ, ਪਰ ਉਸ ਰੋਗ ਦਾ ਪ੍ਰਭਾਵ ਘੱਟ ਹੋਣ ਦੀ ਸੰਭਾਵਨਾ ਹੈ।

ਕੀ ਇਕ ਖੁਰਾਕ ਨਾਲ ਰੋਗ ਰੋਧਕਤਾ ਪੈਦਾ ਹੋ ਜਾਂਦੀ ਹੈ?

ਪਹਿਲੀ ਖੁਰਾਕ ਤੋਂ ਬਾਅਦ ਜਦੋਂ ਸਰੀਰ ਰੋਗ ਰੋਧਕਤਾ ਪੈਦਾ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਕਰੋਨਾ ਵਿਰੁੱਧ ਲੜਾਈ ਵਿਚ ਸਰੀਰ ਕਮਜ਼ੋਰ ਹੁੰਦਾ ਹੈ। ਇਸ ਸਮੇਂ ਰੋਗ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ ਜਿਸ ਕਰਕੇ ਸਾਵਧਾਨੀ ਵਰਤਣੀ ਜ਼ਰੂਰੀ ਹੈ। ਪੂਰੀ ਰੋਗ ਰੋਧਕਤਾ ਦੋ ਖੁਰਾਕਾਂ ਮਿਲਣ ਨਾਲ ਹੀ ਹੁੰਦੀ ਹੈ ਅਤੇ ਦੂਜੀ ਖੁਰਾਕ ਮਿਲਣ ਤੋਂ ਬਾਅਦ ਇਸ ਨੂੰ ਵਿਕਸਤ ਹੋਣ ਲਈ ਦੋ ਹਫ਼ਤੇ ਲੱਗਦੇ ਹਨ ਯਾਨੀ ਰੋਗ ਰੋਧਕਤਾ ਟੀਕਾਕਰਨ ਦੀ ਸ਼ੁਰੂਆਤ ਦੇ 8-10 ਹਫ਼ਤੇ ਬਾਅਦ ਹੀ ਬਣਦੀ ਹੈ।

ਟੀਕੇ ਦੀ ਕੀਮਤ ਕੌਣ ਅਦਾ ਕਰਦਾ ਹੈ?

ਕੇਂਦਰ ਸਰਕਾਰ ਇਸ ਦੀ ਕੀਮਤ ਅਦਾ ਕਰਦੀ ਸੀ ਜੋ 150 ਰੁਪਏ ਪ੍ਰਤੀ ਖੁਰਾਕ ਹੈ, ਪਰ ਹੁਣ ਕੇਂਦਰ ਨੇ ਪਿਛਲੇ 7 ਦਹਾਕਿਆਂ ਤੋਂ ਚੱਲਦੇ ਰਾਸ਼ਟਰੀ ਟੀਕਾਕਰਨ ਤੋਂ ਪੈਰ ਪਿੱਛੇ ਖਿੱਚ ਕੇ ਖਰੀਦ ਦੀ ਜ਼ਿੰਮੇਵਾਰੀ ਸੂਬਿਆਂ ’ਤੇ ਪਾ ਦਿੱਤੀ ਹੈ। ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਉਹ ਸੂਬਿਆਂ ਨੂੰ 300 ਰੁਪਏ ਖੁਰਾਕ ਵੇਚਣ। ਨਿੱਜੀ ਕੰਪਨੀਆਂ ਨੂੰ ਖੁੱਲ੍ਹੇ ਬਾਜ਼ਾਰ ਵਿਚ ਮਨ ਮਰਜ਼ੀ ਦਾ ਮੁੱਲ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ।

ਕੀ ਟੀਕੇ ਸਬੰਧੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ?

ਹਾਂ, ਕੁਝ ਡਾਕਟਰ, ਮਾਹਰ ਜਾਂ ਗੈਰ ਸਰਕਾਰੀ ਸੰਗਠਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਵਿਡ-19 ਦਾ ਟੀਕਾ ਲੋਕਾਂ ਦੇ ਜੀਨ ਬਦਲ ਦੇਵੇਗਾ। ਕਿਹਾ ਜਾ ਰਿਹਾ ਹੈ ਕਿ ਕਰੋਨਾ ਆਮ ਜ਼ੁਕਾਮ ਵਰਗਾ ਵਾਇਰਸ ਹੈ, ਇਸ ਤੋਂ ਕਿਸੇ ਰੋਕਥਾਮ ਜਾਂ ਟੀਕਾ ਲਵਾਉਣ ਦੀ ਲੋੜ ਨਹੀਂ ਹੈ। ਬਿਮਾਰਾਂ ਅਤੇ ਮੌਤਾਂ ਦੇ ਅੰਕੜੇ ਝੂਠੇ ਹਨ। ਅਜਿਹੇ ਤੱਥਹੀਣ ਪ੍ਰਚਾਰ ’ਤੇ ਚਰਚਾ ਕਰਨ ਤੋਂ ਪਹਿਲਾਂ ਕਰੋਨਾ, ਕੋਵਿਡ -19 ਅਤੇ ਕੋਵਿਡ ਟੀਕਾਕਰਨ ਦੇ ਪਿਛੋਕੜ, ਤੱਥਾਂ ਤੇ ਹਕੀਕਤਾਂ ਸਬੰਧੀ ਸਭ ਕੁਝ ਜਾਣਨਾ/ਸਮਝਣਾ ਜ਼ਰੂਰੀ ਹੈ।

ਅਜਿਹੇ ਅਫ਼ਵਾਹਾਂ ਦੇ ਦੌਰ ਵਿਚ ਕੀ ਕੀਤਾ ਜਾਵੇ?

ਇਨ੍ਹਾਂ ਅਫ਼ਵਾਹਾਂ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ ਵਿਗਿਆਨਕ ਸੋਚ ਦਾ ਪੱਲਾ ਫੜਨਾ, ਤੱਥਾਂ ਅਤੇ ਹਕੀਕਤਾਂ ਦਾ ਮੁਲਾਂਕਣ ਕਰਨਾ। ਬਿਨਾਂ ਸਿਰ ਪੈਰ ਤੋਂ ਘੁੰਮ ਰਹੀਆਂ ਅਫ਼ਵਾਹਾਂ ਤੋਂ ਦੂਰੀ ਬਣਾ ਕੇ ਤੱਥਾਂ ਦੀ ਪੈਰਵੀ ਕਰਨਾ ਹੀ ਇਸ ਦਾ ਸਭ ਤੋਂ ਵਧੀਆ ਉਪਾਅ ਹੈ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …