ਚੰਡੀਗੜ੍ਹ/ਜਲੰਧਰ : ਦੇਸ਼ ‘ਚ ਪਾਣੀ ਦੀ ਨਿੱਘਰ ਰਹੀ ਸਥਿਤੀ ਨਾਲ ਨਿਪਟਣ ਵਾਸਤੇ ਆਮ ਸਹਿਮਤੀ ਪੈਦਾ ਕਰਨ ਅਤੇ ਰਾਸ਼ਟਰ ਵਿਆਪੀ ਨੀਤੀ ਤਿਆਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਸਰਵ-ਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਸੁਝਾਅ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਇਕ ਮੀਟਿੰਗ ਦੌਰਾਨ ਦਿੱਤਾ। ਸ਼ੇਖਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਇਕ ਗੈਰ-ਰਸਮੀ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪਾਣੀ ਇਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨੂੰ ਰਾਸ਼ਟਰੀ ਪੱਧਰ ‘ਤੇ ਵਿਚਾਰੇ ਅਤੇ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਵ-ਪਾਰਟੀ ਮੀਟਿੰਗ ਖੇਤਰ ਵਾਰ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਇਸ ਸਬੰਧੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵੀ ਅਤੇ ਅਸਰਦਾਇਕ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਹਰੇਕ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਅਨਮੋਲ ਕੁਦਰਤੀ ਸ੍ਰੋਤ ਨੂੰ ਬਚਾਉਣ ਦੇ ਵਾਸਤੇ ਇਹ ਮੀਟਿੰਗਾਂ ਆਮ ਸਹਿਮਤੀ ਪੈਦਾ ਕਰਨ ‘ਚ ਮਦਦਗਾਰ ਹੋਣਗੀਆਂ।
ਇਕ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਐੱਸ. ਵਾਈ. ਐੱਲ. ਮੁੱਦੇ ‘ਤੇ ਕੋਈ ਵੀ ਵਿਚਾਰ ਨਹੀਂ ਹੋਇਆ ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਦੇ ਬੁੱਢੇ ਨਾਲੇ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸ਼ੇਖਾਵਤ ਨੂੰ ਭਰੋਸਾ ਦਿਵਾਇਆ ਕਿ ਇਸ ਦੀ ਸਫਾਈ ਦੇ ਕੰਮ ਦੀ ਪ੍ਰਕਿਰਿਆ ਚਲ ਰਹੀ ਹੈ। ਸੂਬਾ ਸਰਕਾਰ ਨੇ ਇਸ ਕੰਮ ਵਾਸਤੇ 2 ਸਾਲ ਦੀ ਸਮਾਂ ਹੱਦ ਨਿਰਧਾਰਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਵੱਖ-ਵੱਖ ਉਦਯੋਗਾਂ ਦੇ ਗੰਦੇ ਪਾਣੀ ਨਾਲ ਅੱਗੇ ਹੋਰ ਬੁੱਢਾ ਨਾਲਾ ਪ੍ਰਭਾਵਤ ਹੋਣ ਤੋਂ ਰੋਕਣ ਨੂੰ ਯਕੀਨੀ ਬਣਾਉਣ ਵਾਸਤੇ ਐੱਸ.ਟੀ.ਪੀਜ਼ ਨੂੰ ਕਾਰਜ਼ਸ਼ੀਲ ਕੀਤਾ ਜਾ ਰਿਹਾ ਹੈ।
Check Also
ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ
Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …
Asian Tribune Your Multilingual Newspaper covering World and local news News