ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੂਨ
ਪੰਜਾਬ ਪੁਲੀਸ ਦੇ ਏਡੀਜੀਪੀ ਟਰੈਫਿਕ ਤੇ ਸੜਕ ਸੁਰੱਖਿਆ ਏਐੱਸ ਰਾਏ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਟਰੈਫਿਕ ਪੁਲੀਸ ਨੂੰ ਆਵਾਜਾਈ ਪ੍ਰਬੰਧਨ ਵਿੱਚ ਮਿਆਰੀ ਸੁਧਾਰਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਏਡੀਜੀਪੀ ਨੇ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਹਿਲ, ਐੱਸਪੀ ਟਰੈਫਿਕ ਨਵਰੀਤ ਸਿੰਘ ਵਿਰਕ ਤੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਵਾਜਾਈ ਪ੍ਰਬੰਧਨ ਵਿੱਚ ਨਿਰੰਤਰ ਸੁਧਾਰਾਂ ਤੇ ਸੈਮੀਨਾਰਾਂ ਨਾਲ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੀ। ਏਡੀਜੀਪੀ ਨੇ ਜ਼ਿਲ੍ਹਾ ਟਰੈਫਿਕ ਇੰਚਾਰਜ ਐੱਸਆਈ ਪਵਨ ਕੁਮਾਰ, ਏਐੱਸਆਈ ਬਲਵਿੰਦਰ ਸਿੰਘ, ਹੈੱਡ ਕਾਂਸਟੇਬਲ ਬੇਅੰਤ ਸਿੰਘ, ਪੀਐੱਚਸੀ ਮਨਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਏਡੀਜੀਪੀ ਵਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਨਾਲ ਜੁੜੇ ਅਪਰਾਧ ਦੀਆਂ ਸੰਭਾਵਨਾਵਾਂ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਸੰਗਰੂਰ ਟਰੈਫਿਕ ਪੁਲੀਸ ਨੇ ਵਧੀਆ ਉਪਰਾਲਾ ਕੀਤਾ ਹੈ, ਜਿਸ ਤਹਿਤ ਹਰੇਕ ਈ-ਰਿਕਸ਼ਾ ਤੇ ਆਟੋ ਰਿਕਸ਼ਾ ਮਾਲਕ ਦਾ ਨਾਮ, ਡਰਾਈਵਰ ਦਾ ਨਾਮ, ਪਤਾ, ਫੋਟੋ ਲੈ ਕੇ ਰਜਿਸਟਰ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਤੇ ਵਿਦਿਅਕ ਅਦਾਰਿਆਂ ਵਿੱਚ ਟਰੈਫਿਕ ਪੁਲੀਸ ਦੀਆਂ ਟੀਮਾਂ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਹਿੱਤ 150 ਦੇ ਕਰੀਬ ਸੈਮੀਨਾਰ ਲਗਵਾ ਚੁੱਕੀਆਂ ਹਨ।
The post ਏਡੀਜੀਪੀ ਨੇ ਜ਼ਿਲ੍ਹਾ ਸੰਗਰੂਰ ਦੀ ਟਰੈਫ਼ਿਕ ਪੁਲੀਸ ਨੂੰ ਸਨਮਾਨਿਤ ਕੀਤਾ appeared first on Punjabi Tribune.
Source link
Asian Tribune Your Multilingual Newspaper covering World and local news News