Home / Punjabi News / ਅਗਨੀਪਥ ਸਕੀਮ ਰਾਸ਼ਟਰ ਵਿਰੋਧੀ:ਰਾਜੇਵਾਲ

ਅਗਨੀਪਥ ਸਕੀਮ ਰਾਸ਼ਟਰ ਵਿਰੋਧੀ:ਰਾਜੇਵਾਲ

ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 25 ਜੂਨ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਅੱਜ ਆਪਣੇ ਸਾਥੀਆਂ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਕਰਕੇ ਵੱਖ ਵੱਖ ਮਤੇ ਪਾਸ ਕੀਤੇ ਗਏ।

ਇਸ ਮੀਟਿੰਗ ਬਾਅਦ ਸ੍ਰੀ ਰਾਜੇਵਾਲ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਕੇਂਦਰ ਦੀ ਅਗਨੀਪਥ ਸਕੀਮ ਨੂੰ ਰਾਸ਼ਟਰ ਵਿਰੋਧੀ ਸਕੀਮ ਕਰਾਰ ਦਿੱਤਾ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਹ ਸਕੀਮ ਵਾਪਸ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕਿਸੇ ਦਾ ਵੀ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਪਾਣੀ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦੇ ਲਈ ਇਕ ਵਿਸ਼ੇਸ਼ ਅੰਦੋਲਨ ਸ਼ੁਰੂ ਕੀਤਾ ਜਾਵੇ, ਜਿਸ ਲਈ ਪੰਜ ਅਗਸਤ ਨੂੰ ਮੁਹਾਲੀ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਇਸ ਅੰਦੋਲਨ ਦੀ ਸ਼ੁਰੂਆਤ ਮੌਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦੋ ਵੱਖ-ਵੱਖ ਨੋਟਿਸ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਨੋਟਿਸ ਦੇ ਜ਼ਰੀਏ ਮੰਗ ਕੀਤੀ ਜਾਵੇਗੀ ਕਿ ਜਿੰਨਾ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਉਸ ਦੀ ਪੂਰਤੀ ਪੰਜਾਬ ਸਰਕਾਰ ਦੁਆਰਾ ਅਸਲ ਮਾਇਨੇ ਵਿੱਚ ਕਰਵਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਦੇ ਲਈ ਕੇਵਲ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਦੂਜੇ ਸੈਕਟਰਾਂ ਦੇ ਵਿਚ ਕਿਸ ਤਰ੍ਹਾਂ ਪਾਣੀ ਦੀ ਵਰਤੋਂ ਅੰਨ੍ਹੇਵਾਹ ਕੀਤੀ ਜਾ ਰਹੀ ਹੈ ਉਸ ਸਬੰਧੀ ਵੀ ਮੁਲਾਂਕਣ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ 10 ਤੋਂ 31 ਜੁਲਾਈ ਤਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪੌਦੇ ਲਾਏ ਜਾਣਗੇ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਸਮੁੱਚੀ ਟੀਮ ਦੀ ਹੋਵੇਗੀ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਜੋ ਹਾਲਾਤ ਹਨ ਉਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਵੱਡੀ ਹੈ ਅਤੇ ਆਰਥਿਕ ਤੌਰ ‘ਤੇ ਦੇਸ਼ ਬਹੁਤ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। 2024ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਰਾਜਨੀਤਕ ਤੌਰ ‘ਤੇ ਲੜਾਈ ਜਾਰੀ ਰਹੇਗੀ। ਇਸ ਮੌਕੇ ਕਮਲਪ੍ਰੀਤ ਸਿੰਘ ਪੰਨੂ, ਡਾ. ਅਰਸ਼ਦੀਪ ਸਿੰਘ, ਸ਼ਮਸ਼ੇਰ ਸਿਘ ਸ਼ੇਰਾ, ਐਡਵੋਕੇਟ ਜੈਮਲ ਸਿੰਘ ਭੜੀ ਅਤੇ ਦਵਿੰਦਰ ਸਿੰਘ ਬਾਜਵਾ ਹਾਜ਼ਰ ਸਨ।


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …