ਤਿਰੂਵਰੂਰ (ਤਾਮਿਲ ਨਾਡੂ), 5 ਨਵੰਬਰ
ਤਿਰੂਵਰੂਰ ਜ਼ਿਲ੍ਹੇ ਦੇ ਥੁਲਸੇਂਦਰਪੁਰਮ ਪਿੰਡ ਵਿੱਚ ਉਤਸ਼ਾਹ ਅਤੇ ਉਮੀਦ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਹਾਸਲ ਕਰੇਗੀ।
ਹੈਰਿਸ ਦੇ ਜੱਦੀ ਪਿੰਡ ਥੁਲਸੇਂਦਰਪੁਰਮ ਵਿੱਚ ਪਿੰਡ ਵਾਸੀਆਂ ਨੇ ਸ੍ਰੀ ਧਰਮ ਸੰਸਥਾ ਮੰਦਰ ਵਿੱਚ ਇਸ ਉਮੀਦ ਨਾਲ ਵਿਸ਼ੇਸ਼ ਪ੍ਰਾਰਥਨਾ ਕੀਤੀ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਕੇ ਜੇਤੂ ਰਹੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵੋਟਰ ਆਪਣਾ ਅਗਲਾ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾ ਰਹੇ ਹਨ। ਥੁਲਸੇਂਦਰਪੁਰਮ ਕਮਲਾ ਦੇ ਨਾਨਾ ਤੇ ਪੀਵੀ ਗੋਪਾਲਨ ਦਾ ਜੱਦੀ ਪਿੰਡ ਹੈ ਜੋ ਬਰਤਾਨਵੀ ਸਰਕਾਰ ਦੌਰਾਨ ਸਿਵਲ ਸੇਵਾਵਾਂ ਵਿੱਚ ਸਨ। ਕਮਲਾ ਦੀ ਮਾਤਾ ਸ਼ਿਆਮਲਾ ਉਨ੍ਹਾਂ ਦੀ ਧੀ ਸੀ।
ਇਹ ਪਿੰਡ ਅਗਸਤ 2020 ਵਿੱਚ ਉਸ ਸਮੇਂ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਕਮਲਾ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਪਿੰਡ ਵਿੱਚ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ।
ਕੌਂਸਲਰ ਅਰੁਲਮੋਝੀ ਨੇ ਕਿਹਾ, ‘‘ਸਾਡੀ ਸੱਚੀ ਪ੍ਰਾਰਥਨਾ ਹੈ ਕਿ ਅਮਰੀਕੀ ਚੋਣ ਵਿੱਚ ਇਸ ਧਰਤੀ ਦੀ ਧੀ ਦੀ ਜਿੱਤ ਹੋਵੇ ਅਤੇ ਉਹ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਦੀ ਰਾਸ਼ਟਰਪਤੀ ਬਣੇ।
ਅਰੁਲਮੋਝੀ ਅਤੇ ਉਨ੍ਹਾਂ ਦੇ ਪਤੀ ਟੀ. ਸੁਧਾਕਰ ਨੇ ਸ੍ਰੀ ਧਰਮ ਸੰਸਥਾ ਮੰਦਰ ਦੇ ਮੂਲ ਦੇਵਤਾ ਲਈ ਵਿਸ਼ੇਸ਼ ਪੂਜਾ ਅਰਚਨਾ ਕਰਵਾਈ। ਮੰਦਰ ਦੇ ਮੂਲ ਦੇਵਤਾ ਕਮਲਾ ਦੇ ਪੂਰਵਜਾਂ ਦਾ ਕੁਲਦੇਵਤਾ ਹੈ। ਪਿੰਡ ਵਾਸੀਆਂ ਨੇ ਇੱਕ ਵੱਡਾ ਬੈਨਰ ਵੀ ਲਾਇਆ ਹੈ ਜਿਸ ’ਤੇ ਕਮਲਾ ਦੀ ਤਸਵੀਰ ਹੈ। ਇਸ ਬੈਨਰ ’ਤੇ ਕਮਲਾ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ। ਮਦੁਰਾਈ ਵਿੱਚ ਵੀ ਉਨ੍ਹਾਂ ਦੀ ਜਿੱਤ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। -ਪੀਟੀਆਈ
Source link