ਹਰਦੀਪ ਸਿੰਘ
ਧਰਮਕੋਟ, 29 ਜਨਵਰੀ
Punjab News: ਕੋਟ ਈਸੇ ਖਾਂ ਨਜ਼ਦੀਕ ਪਿੰਡ ਮਹਿਲ ਤੋਂ ਲੰਘੇ ਕੱਲ੍ਹ ਕਾਰ ਖੋਹੇ ਜਾਣ ਦੀ ਵਾਰਦਾਤ ਸਬੰਧੀ ਪੰਜ ਮੈਂਬਰੀ ਲੁਟੇਰਾ ਗਰੋਹ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਲੁਟੇਰਾ ਗਰੋਹ ਪਿਛਲੇ ਕੁਝ ਦਿਨਾਂ ਵਿਚ ਹੀ ਵੱਖ ਵੱਖ ਥਾਈਂ ਲੁੱਟ ਦੀਆਂ ਅੱਧੀ ਦਰਜਨ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲੀਸ ਇਸ ਗਰੋਹ ਨੂੰ ਕਾਬੂ ਕਰਨ ਲਈ ਪੱਬਾਂ ਭਾਰ ਹੋ ਗਈ ਹੈ।
ਇਹ ਖੁਲਾਸਾ ਕਰਦਿਆਂ ਉਪ ਪੁਲੀਸ ਕਪਤਾਨ (ਡੀ) ਲਵਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਕਾਰ ਖੋਹਣ ਦੀ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਪੁਲੀਸ ਮੁਖੀ ਅਜੇ ਗਾਂਧੀ ਨੇ ਉਨ੍ਹਾਂ ਦੀ ਮਾਮਲੇ ਦੀ ਤਰੁੰਤ ਜਾਂਚ ਕਰਨ ਦੀ ਡਿਊਟੀ ਲਗਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ’ਤੇ ਪੁੱਜ ਕੇ ਲੁਟੇਰਿਆਂ ਦੀ ਹਾਦਸਾਗ੍ਰਸਤ ਆਈ20 ਕਾਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਨਕਲੀ ਪਿਸਤੌਲ ਬਰਾਮਦ ਹੋਇਆ।
ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਲੁਟੇਰੇ ਕੱਲ੍ਹ ਸਵੇਰੇ ਹੀ ਮੁਦਕੀ ਦੇ ਆੜ੍ਹਤੀਏ ਤੋਂ ਤਿੰਨ ਲੱਖ ਰੁਪਏ ਖੋਹ ਕੇ ਫ਼ਰਾਰ ਹੋਏ ਸਨ ਅਤੇ ਇਸੇ ਸਬੰਧ ਵਿੱਚ ਹੀ ਕੋਟ ਈਸੇ ਖਾਂ ਲੱਗੇ ਪੁਲੀਸ ਨਾਕੇ ਤੋਂ ਬਚਦੇ ਜਦੋਂ ਆਪਣੀ ਤੇਜ਼ ਰਫ਼ਤਾਰ ਕਾਰ ਲੈ ਕੇ ਮਹਿਲ ਪਿੰਡ ਪਾਸ ਪੁੱਜੇ ਤਾਂ ਕਾਰ ਹਾਦਸਾਗ੍ਰਸਤ ਹੋ ਗਈ। ਇਸੇ ਦੌਰਾਨ ਹੀ ਐਨਆਰਆਈ ਗੁਰਮੀਤ ਸਿੰਘ ਆਪਣੀ ਕੀਆ ਕਾਰ ਰਾਹੀਂ ਉੱਥੇ ਆਣ ਪੁੱਜਾ।
ਲੁਟੇਰਿਆਂ ਨੇ ਬਿਨਾਂ ਮੌਕੇ ਗਵਾਏ ਗੁਰਮੀਤ ਸਿੰਘ ਤੋਂ ਜਿੱਥੇ ਪਿਸਤੌਲ ਦੀ ਨੋਕ ’ਤੇ ਕਾਰ ਖੋਹ ਲਈ, ਉੱਥੇ ਢਾਈ ਤੋਲੇ ਸੋਨੇ ਦਾ ਕੜਾ, 7 ਤੋਲੇ ਚਾਂਦੀ ਅਤੇ 17 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਫੋਨ ਵੀ ਖੋਹੇ ਹਨ। ਉਪ ਪੁਲੀਸ ਕਪਤਾਨ ਮੁਤਾਬਕ ਐਨਆਈਆਰ ਦੀ ਕਾਰ ਵਿੱਚ ਰਹਿ ਗਏ ਮੋਬਾਈਲ ਫੋਨਾਂ ਤੋਂ ਹੀ ਲੁਟੇਰਿਆਂ ਦੀ ਲੋਕੇਸ਼ਨ ਅਤੇ ਹੋਰ ਵੀ ਕਈ ਸਬੂਤ ਪੁਲੀਸ ਦੇ ਹੱਥ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੇ ਪਹਿਲਾਂ 15 ਜਨਵਰੀ ਨੂੰ ਇਹ ਹਾਦਸਾਗ੍ਰਸਤ ਕਾਰ ਕਪੂਰਥਲਾ ਦੇ ਸੁਭਾਨਪੁਰ ਤੋਂ ਖੋਹੀ ਸੀ। ਇਸ ਤੋਂ ਬਾਅਦ ਤਰਨ ਤਰਨ, ਫਿਰੋਜ਼ਪੁਰ ਅਤੇ ਮੁੱਲਾਂਪੁਰ ਵਿੱਚ ਇਸੇ ਕਾਰ ’ਤੇ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਕੇਸ ਵੀ ਦਰਜ ਹੈ।
ਇਸ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੇ 27 ਜਨਵਰੀ ਨੂੰ ਕੋਟ ਈਸੇ ਖਾਂ ਨੇੜੇ ਇੱਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟੀ ਸੀ। ਪੁਲੀਸ ਨੇ ਲੁਟੇਰਾ ਗਰੋਹ ਨੂੰ ਕਾਬੂ ਕਰਨ ਲਈ ਜਾਲ ਵਿਛਾ ਦਿੱਤਾ ਹੈ ਅਤੇ ਉਹ ਜਲਦ ਹੀ ਕਾਬੂ ਕਰ ਲਏ ਜਾਣਗੇ।
Source link