ਸ਼ਿਕਾਇਤਕਰਤਾ ਕੋਲੋਂ ‘ਗ਼ਲਤੀ’ ਨਾਲ ਕੀਤੀ ਗਈ WhatsApp call ਦੌਰਾਨ ਹੋਈ ਤਕਰਾਰ ਬਣੀ ਰਾਜੇਸ਼ ਅੱਤਰੀ ਦੀ ਗ੍ਰਿਫ਼ਤਾਰੀ ਦਾ ਕਾਰਨ; ਬਿੱਟੂ ਨੇ ਲਾਏ ਮੁੱਖ ਮੰਤਰੀ ’ਤੇ ਆਪਣੇ ‘ਨਿਰਦੋਸ਼’ ਸਾਥੀਆਂ ਨੂੰ ਗ੍ਰਿਫ਼ਤਾਰ ਕਰਾਉਣ ਦੇ ਦੋਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਫਰਵਰੀ
Punjab News: ਪਟਿਆਲਾ ਦੇ ਲਾਹੌਰੀ ਗੇਟ ਦੇ ਵਾਸੀ ਦੀ ਸ਼ਿਕਾਇਤ ਉਤੇ ਪਟਿਆਲਾ ਸਿਵਲ ਲਾਈਨਜ਼ ਪੁਲੀਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (MoS Ravneet Bittu) ਦੇ ਕਰੀਬੀ ਸਹਿਯੋਗੀ ਰਾਜੇਸ਼ ਅੱਤਰੀ ਨੂੰ ਐਸਸੀ/ਐਸਟੀ ਐਕਟ (SC/ST Act) ਤਹਿਤ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਦਾ ਦੋ-ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ।
ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਐਤਵਾਰ ਸ਼ਾਮ ਨੂੰ ਵਟਸਐਪ ‘ਤੇ ਗਲਤੀ ਨਾਲ ਹੋਈ ਕਾਲ ਦੌਰਾਨ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਡੀਐਸਪੀ ਸਤਨਾਮ ਸਿੰਘ ਨੇ ਕਿਹਾ, “ਸ਼ਿਕਾਇਤਕਰਤਾ ਨੇ ਵਟਸਐਪ ‘ਤੇ ਗ਼ਲਤੀ ਨਾਲ ਅੱਤਰੀ ਦਾ ਨੰਬਰ ਡਾਇਲ ਕੀਤਾ ਅਤੇ ਉਸ ਗੱਲਬਾਤ ਦੌਰਾਨ, ਉਸ (ਅੱਤਰੀ) ਨੇ ਉਸ (ਸ਼ਿਕਾਇਤਕਰਤਾ) ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।” ਅੱਤਰੀ ਪਟਿਆਲਾ ਦਾ ਰਹਿਣ ਵਾਲਾ ਹੈ।
ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਕਰਦਿਆਂ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੱਤਾ ਤੇ ‘ਨਸ਼ੇ ਵਿਚ ਚੂਰ’ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਬਹੁਤ ਹੀ ਕਰੀਬੀ ਸਾਥੀ ਰਾਜੇਸ਼ ਅੱਤਰੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਰਿਸ਼ਤਾ ਹੈ।
ਮੇਰੇ ਬਹੁਤ ਹੀ ਨਜ਼ਦੀਕੀ ਸਾਥੀ ਜਿਸ ਨਾਲ ਮੇਰੇ ਪਰਿਵਾਰ ਦਾ ਪੀੜ੍ਹੀ ਵਾਰ ਰਿਸ਼ਤਾ ਹੈ, ਰਾਜੇਸ਼ ਅੱਤਰੀ ਨੂੰ ਵੀ ਅੱਜ ਸਵੇਰੇ ਗਿਰਫ਼ਤਾਰ ਕਰ ਲਿਆ ਗਿਆ ਹੈ। ਤਾਕਤ ਦੇ ਨਸ਼ੇ ਵਿੱਚ ਚੂਰ ਭਗਵੰਤ ਮਾਨ ਨੇ ਮੇਰੇ 2 ਨਿਰਦੋਸ਼ ਸਾਥੀ ਗਿਰਫ਼ਤਾਰ ਕਰ ਲਏ ਹਨ ਤੇ ਹੋਰ ਸਾਥੀਆਂ ਦੇ ਘਰਾਂ ਤੇ ਰੇਡਾਂ ਕਰਵਾ ਰਿਹਾ ਹੈ। pic.twitter.com/hJ3Cs1OYUE
— Ravneet Singh Bittu (@RavneetBittu) February 10, 2025
ਪੰਜਾਬੀ ਵਿਚ ਕੀਤੀ ਇਸ ਟਵੀਟ ਵਿਚ ਉਨ੍ਹਾਂ ਲਿਖਿਆ ਹੈ, ‘‘ਮੇਰੇ ਬਹੁਤ ਹੀ ਨਜ਼ਦੀਕੀ ਸਾਥੀ, ਜਿਸ ਨਾਲ ਮੇਰੇ ਪਰਿਵਾਰ ਦਾ ਪੀੜ੍ਹੀ ਵਾਰ ਰਿਸ਼ਤਾ ਹੈ, ਰਾਜੇਸ਼ ਅੱਤਰੀ ਨੂੰ ਵੀ ਅੱਜ ਸਵੇਰੇ ਗਿਰਫ਼ਤਾਰ ਕਰ ਲਿਆ ਗਿਆ ਹੈ। ਤਾਕਤ ਦੇ ਨਸ਼ੇ ਵਿੱਚ ਚੂਰ ਭਗਵੰਤ ਮਾਨ ਨੇ ਮੇਰੇ 2 ਨਿਰਦੋਸ਼ ਸਾਥੀ ਗਿਰਫ਼ਤਾਰ ਕਰ ਲਏ ਹਨ ਤੇ ਹੋਰ ਸਾਥੀਆਂ ਦੇ ਘਰਾਂ ’ਤੇ ਰੇਡਾਂ ਕਰਵਾ ਰਿਹਾ ਹੈ।’’
ਬਿੱਟੂ ਨੇ ਇਸ ਸਬੰਧੀ ਇਕ ਵੀਡੀਓ ਮੈਸੇਜ ਵੀ ਜਾਰੀ ਕੀਤਾ ਹੈ। ਇਸ ਵਿਚ ਬਿੱਟੂ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਨੂੰ ਲੰਮੇ ਹੱਥੀ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਪੰਜਾਬ ਸਰਕਾਰ ਬੁਖਲਾ ਗਈ ਹੈ ਤੇ ਇਸੇ ਕਰ ਕੇ ਉਨ੍ਹਾਂ ਦੇ ਹਮਾਇਤੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੂਕਾ ਤੇ ਸਾਬਕਾ ਮੇਹਰ ਸੰਜੀਵ ਬਿੱਟੂ ਦੀ ਅਗਵਾਈ ਹੇਠ ਇੱਕ ਵੀ ਵਫਦ ਨੇ ਐਸਐਸਪੀ ਨਾਲ ਵੀ ਮੁਲਾਕਾਤ ਕੀਤੀ। ਭਾਜਪਾ ਦਾ ਕਹਿਣਾ ਹੈ ਕਿ ਰਾਜੇਸ਼ ਅੱਤਰੀ ‘ਤੇ ਦਰਜ ਕੀਤਾ ਗਿਆ ਇਹ ਕੇਸ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ।