ਸਵੇਰੇ ਪੰਜ ਵਜੇ ਘਰੋਂ ਲਾਪਤਾ ਹੋਇਆ ਦਵਿੰਦਰਜੀਤ; ਦੁਬਈ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਜਾਣ ਪਿੱਛੋਂ 13 ਦਿਨ ਅਮਰੀਕੀ ਪੁਲੀਸ ਦੀ ਹਿਰਾਸਤ ਵਿਚ ਰਹਿਣ ਤੋਂ ਬਾਅਦ ਪਰਤਿਆ ਸੀ ਵਤਨ
ਸਰਬਜੀਤ ਗਿੱਲ
ਫਿਲੌਰ, 6 ਫਰਵਰੀ
Punjab News: ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲਾਂਦੜਾ ਦਾ ਇੱਕ ਨੌਜਵਾਨ ਵੀਰਵਾਰ ਸਵੇਰੇ ਪੰਜ ਵਜੇ ਘਰੋਂ ਗ਼ਾਇਬ ਹੋ ਗਿਆ ਹੈ। ਦਵਿੰਦਰਜੀਤ ਨਾਮੀ ਇਹ ਨੌਜਵਾਨ ਬੀਤੇ ਦਿਨ ਕੁਝ ਭਾਰਤੀਆਂ ਸਮੇਤ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ ਅਤੇ ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਪਿੰਡ ਲਾਂਦੜਾ ਵਿਖੇ ਆਪਣੇ ਘਰ ਪੁੱਜਾ ਸੀ।
ਲੰਘੀ ਰਾਤ ਲਾਂਦੜਾ ਵਿਖੇ ਪਟਵਾਰੀ ਅਤੇ ਕੁਝ ਪੁਲੀਸ ਮੁਲਾਜ਼ਮ ਉਸ ਨੂੰ ਘਰ ਛੱਡ ਕੇ ਗਏ ਸਨ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਉਸ ਬਾਰੇ ਜਾਨਣ ਲਈ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਘਰ ਵਿੱਚ ਮੌਜੂਦ ਨਹੀਂ ਸੀ। ਉਸ ਦੀ ਮਾਤਾ ਨੇ ਦੱਸਿਆ ਉਸ ਨੂੰ ਘਰੋਂ ਗ਼ਾਇਬ ਹੋਣ ਬਾਰੇ ਕੋਈ ਪਤਾ ਨਹੀਂ, ਕਿਉਂਕਿ ਉਹ ਉਸ ਵੇਲੇ ਸੁੱਤੀ ਪਈ ਸੀ।
ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਰਾਤ 9 ਵਜੇ ਦੇ ਕਰੀਬ ਕੁਝ ਮੁਲਾਜ਼ਮ ਤੇ ਪਟਵਾਰੀ ਘਰ ਛੱਡ ਕੇ ਗਏ ਸਨ ਅਤੇ ਸਾਰੀ ਰਾਤ ਉਹ ਟੈਨਸ਼ਨ ਵਿੱਚ ਰਿਹਾ। ਸਵੇਰ ਵੇਲੇ ਉਹ ਆਪਣੇ ਘਰੋਂ ਮੋਟਰਸਾਈਕਲ ਲੈ ਕੇ ਚਲਾ ਗਿਆ, ਜਿਸ ਬਾਰੇ ਉਨ੍ਹਾਂ ਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਹੈ। ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕਰੀਬ ਡੇਢ ਮਹੀਨਾ ਪਹਿਲਾਂ ਦੁਬਈ ਨੂੰ ਗਿਆ ਸੀ ਅਤੇ ਉਦੋਂ ਕਦੋਂ ਉਹ ਅਮਰੀਕਾ ਗਿਆ, ਇਸਸ ਬਾਰੇ ਉਸ ਨੂੰ ਕੁਝ ਨਹੀਂ ਪਤਾ।
ਜਾਣਕਾਰੀ ਮੁਤਾਬਿਕ ਉਸ ਨੂੰ 13 ਦਿਨ ਪਹਿਲਾਂ ਅਮਰੀਕਾ ਦੀ ਪੁਲੀਸ ਨੇ ਕਾਬੂ ਕਰ ਕਰ ਲਿਆ ਸੀ। ਇਸ ਦੌਰਾਨ ਉਸ ਦਾ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਮੁਤਾਬਿਕ ਦਵਿੰਦਰਜੀਤ ਨੇ ਰਾਤੀ ਘਰਦਿਆਂ ਨੂੰ ਦੱਸਿਆ ਸੀ ਕਿ ਉਹ ਅਮਰੀਕਾ ਚਲਾ ਗਿਆ ਸੀ ਅਤੇ ਤੇਰਾਂ ਦਿਨ ਉੱਥੇ ਰਿਹਾ।
ਉਸ ਨੂੰ ਉਥੋਂ ਦੀ ਪੁਲੀਸ ਨੇ ਫੜ ਕੇ ਭਾਰਤ ਲਿਆਂਦਾ ਹੈ। ਦਵਿੰਦਰਜੀਤ ਦੀ ਉਮਰ 40 ਸਾਲ ਹੈ ਅਤੇ ਇਹ ਦੋ ਭਰਾ ਅਤੇ ਦੋ ਭੈਣਾਂ ਹਨ, ਜੋ ਕਿ ਵਿਆਹੇ ਹੋਏ ਹਨ ਪਰ ਉਹ ਅਜੇ ਕੁਵਾਰਾ ਹੈ। ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਦੁਬਈ ਤੋਂ ਅਮਰੀਕਾ ਚਲਾ ਗਿਆ ਸੀ।
ਪਿੰਡ ਵਾਸੀਆਂ ਨੇ ਵੀ ਭਾਰਤ ਸਰਕਾਰ ਅੱਗੇ ਅਰਜ਼ ਗੁਜ਼ਾਰੀ ਹੈ ਕਿ ਡਿਪੋਰਟ ਹੋ ਕੇ ਆਏ ਇਸ ਵੌਜਵਾਨ ਦਾ ਭਾਰਤ ਸਰਕਾਰ ਜ਼ਰੂਰ ਸਾਥ ਦੇਵੇ। ਇਸ ਸਬੰਧੀ ਫਿਲੌਰ ਦੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੇ ਦੱਸਿਆ ਕਿ ਰਾਤੀਂ ਉਨ੍ਹਾਂ ਦੇ ਵਿਭਾਗ ਦਾ ਸਟਾਫ਼ ਅਤੇ ਪੁਲੀਸ ਮੁਲਾਜ਼ਮ ਉਸ ਨੂੰ ਘਰ ਛੱਡ ਕੇ ਗਏ ਸਨ, ਜਿਸ ਉਪਰੰਤ ਜਦੋਂ ਉਹ ਅੱਜ ਹਾਲ-ਚਾਲ ਪੁੱਛਣ ਘਰ ਗਏ ਤਾਂ ਪਤਾ ਲੱਗਾ ਕਿ ਉਹ ਘਰ ਨਹੀਂ ਮਿਲਿਆ।
Source link