ਚੰਡੀਗੜ੍ਹ : ਮੋਦੀ ਹਕੂਮਤ ਨੇ ਕਸ਼ਮੀਰੀ ਦੀ ਅਵਾਮ ਨੂੰ ਬੰਦੂਕ ਦੀ ਨੋਕ ‘ਤੇ ਉਨ੍ਹਾਂ ਦੇ ਹੀ ਮੁਲਕ ਅੰਦਰ ਕੈਦੀ ਬਣਾ ਕੇ ਰੱਖਿਆ ਹੈ, ਇਹ ਕਹਿਣਾ ਹੈ ਦਲ ਖਾਲਸਾ ਦਾ। ਜਥੇਬੰਦੀ ਦਾ ਮੰਨਣਾ ਹੈ ਕਿ ਹਾਲਾਤ ਦੇ ਹੋਰ ਵਿਗੜਣ ਨਾਲ ਇਹ ਖਿੱਤਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਪੰਜਾਬ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਦਾ ਕਿਉਂਕਿ ਪੰਜਾਬ ਭਾਰਤ, ਪਾਕਿਸਤਾਨ ਅਤੇ ਕਸ਼ਮੀਰ ਦੇ ਵਿਚਾਲੇ ਵਸਦਾ ਹੈ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ, ਦਾ ਹਵਾਲਾ ਦਿੰਦਿਆਂ ਕਿਹਾ ਕਿ ਐੱਲ. ਕੇ. ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰ੍ਹਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ‘ਚ ਆਨੰਦਪੁਰ ਸਾਹਿਬ ਮਤੇ ਨੂੰ ਵੱਖਵਾਦੀ ਦਸਤਾਵੇਜ਼ ਲਿਖਿਆ ਸੀ।
ਉਨ੍ਹਾਂ ਕਿਹਾ ਕਿ ਮੋਦੀ ਅਤੇ ਅਡਵਾਨੀ ਦੇ ਵਿਚਾਰ ਅਸਲ ‘ਚ ਆਰ. ਐੱਸ. ਐੱਸ. ਦੀ ਸੋਚ ਦੀ ਤਰਜਮਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਸਾਂਝੇ ਤੌਰ ‘ਤੇ 14 ਅਗਸਤ ਦੀ ਸ਼ਾਮ ਨੂੰ ਚੰਡੀਗੜ੍ਹ ਵਿਖੇ ਅਤੇ 15 ਅਗਸਤ ਨੂੰ ਸੂਬੇ ਦੇ 15 ਜ਼ਿਲਿਆਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਪਾਲ ਸਿੰਘ ਬਲੇਰ, ਦਲ ਖਾਲਸਾ ਦੇ ਹਰਪ੍ਰੀਤ ਸਿੰਘ, ਸਤਨਾਮ ਸਿੰਘ ਪੱਟੀ ਵੀ ਹਾਜ਼ਰ ਸਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …