Home / World / ਕਾਂਗਰਸੀਆਂ ਦੇ ਚਿੱਟੇ ਰਾਵਣ ਤੋਂ ਅਕਾਲੀ ਭੜਕੇ, ਹੋਈ ਖੂਨੀ ਝੜਪ, ਕਈ ਜਖਮੀ

ਕਾਂਗਰਸੀਆਂ ਦੇ ਚਿੱਟੇ ਰਾਵਣ ਤੋਂ ਅਕਾਲੀ ਭੜਕੇ, ਹੋਈ ਖੂਨੀ ਝੜਪ, ਕਈ ਜਖਮੀ

3ਲੁਧਿਆਣਾ: ਕਾਂਗਰਸ ਸਾਂਸਦ ਰਵਨੀਤ ਬਿੱਟੂ ਸਮੇਤ ਹੋਰ ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਖੂਨੀ ਝੜਪ ਹੋਈ ਹੈ। ਦੋਨਾਂ ਧਿਰਾਂ ‘ਚ ਜੰਮ ਕੇ ਹੋਈ ਧੱਕਾ ਮੁੱਕੀ ਹੋਈ ਤੇ ਡਾਂਗਾ ਚੱਲੀਆਂ। ਘਟਨਾ ਸੋਮਵਾਰ ਰਾਤ ਨੂੰ ਲੁਧਿਆਣਾ ‘ਚ ਵਾਪਰੀ ਹੈ। ਦਰਅਸਲ, ਦੁਸ਼ਹਿਰੇ ਮੌਕੇ ਜਿੱਥੇ ਦੇਸ਼ ਭਰ ‘ਚ ਰਾਵਣ ਦੇ ਪੁਤਲੇ ਫੂਕੇ ਜਾਣੇ ਹਨ, ਪਰ ਲੁਧਿਆਣਾ ‘ਚ ਕਾਂਗਰਸ ਚਿੱਟੇ (ਨਸ਼ੇ) ਦਾ ਪੁਤਲਾ ਫੂਕਣਾ ਚਾਹੁੰਦੀ ਸੀ। ਇਸ ‘ਤੇ ਹੀ ਅਕਾਲੀ ਭੜਕੇ ਹੋਏ ਸਨ।
ਲੁਧਿਆਣੇ ‘ਚ ਚਿੱਟੇ ਰੂਪੀ ਨਸ਼ੇ ਦਾ ਰਾਵਣ ਬਣਾਉਣਾ ਪੰਜਾਬ ਕਾਂਗਰਸ ਨੂੰ ਪਹਿਲਾਂ ਹੀ ਮਹਿੰਗਾ ਪੈ ਰਿਹਾ ਸੀ, ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਰਾਵਣ ਦਹਿਨ ਦੀ ਇਜਾਜ਼ਤ ਵੀ ਨਹੀਂ ਮਿਲ ਪਾ ਰਹੀ ਸੀ। ਪਰ ਕਾਂਗਰਸ ਪਾਰਟੀ ਨੇ ਫਿਰ ਵੀ ਚਿੱਟਾ ਰਾਵਣ ਬਣਵਾਉਣਾ ਬੰਦ ਨਹੀਂ ਕੀਤਾ। ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਚੌਂਕ ਦੇ ਗਰਾਊਂਡ ‘ਚ ਸੋਮਵਾਰ ਦੇਰ ਰਾਤ ਜਦੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਸਮੇਤ ਕਈ ਕਾਂਗਰਸੀ ਵਰਕਰ ਮੌਜੂਦ ਸਨ, ਤਾਂ ਕਥਿਤ ਤੌਰ ਤੇ 200 ਤੋਂ ਵੱਧ ਅਕਾਲੀ ਵਰਕਰ ਇੱਥੇ ਪਹੁੰਚੇ। ਇਲਜ਼ਾਮ ਹਨ ਕਿ ਉਹਨਾਂ ਨੇ ਪਹਿਲਾਂ ਤਾਂ ਚਿੱਟਾ ਰਾਵਣ ਨਸ਼ਟ ਕੀਤਾ ਤੇ ਵਿਰੋਧ ਕੀਤੇ ਜਾਣ ‘ਤੇ ਕਾਂਗਰਸੀ ਵਰਕਰਾਂ ‘ਤੇ ਹਮਲਾ ਕਰ ਦਿਤਾ।
ਇਸ ਮਾਮਲੇ ‘ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਪੁਤਲਾ ਨਸ਼ੇ ਦਾ ਨਹੀਂ, ਬਲਕਿ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਦਾ ਫੂਕਿਆ ਜਾਣਾ ਸੀ, ਜਿਸ ਲਈ ਉਹ ਕਾਂਗਰਸੀ ਵਰਕਰਾਂ ਨੂੰ ਸਮਝਾਉਣ ਆਏ ਸਨ। ਪਰ ਗੁੱਸੇ ‘ਚ ਆਏ ਕਾਂਗਰਸੀਆਂ ਨੇ ਉਹਨਾਂ ‘ਤੇ ਹਮਲਾ ਕਰ ਦਿਤਾ। ਜਾਣਕਾਰੀ ਮੁਤਾਬਕ ਦੋਵੇਂ ਪਾਰਟੀਆਂ ਦੇ ਵਰਕਰਾਂ ਨੇ ਇਕ ਦੂਜੇ ‘ਤੇ ਇੱਟਾਂ-ਪੱਥਰ ਤੇ ਕੱਚ ਦੀਆਂ ਬੋਤਲਾਂ ਮਾਰੀਆਂ ਤੇ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਸਾਂਸਦ ਰਵਨੀਤ ਸਿੰਘ ਬਿੱਟੂ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ ਸਮੇਤ ਕਈ ਵਰਕਰ ਜਖਮੀ ਹੋ ਗਏ। ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਸਮੇਤ ਕਈ ਅਕਾਲੀ ਵਰਕਰ ਵੀ ਜ਼ਖਮੀ ਹੋਏ ਹਨ। ਹਮਲੇ ਨੂੰ ਲੈ ਕੇ ਦੋਵੇਂ ਧਿਰਾਂ ਇੱਕ ਦੂਜੇ ‘ਤੇ ਇਲਜ਼ਾਮ ਲਾ ਰਹੀਆਂ ਹਨ।
ਕਾਂਗਰਸੀ ਵਰਕਰਾਂ ਦਾ ਇਲਜ਼ਾਮ ਹੈ ਕਿ ਹਮਲੇ ਵੇਲੇ ਉਹ ਲਗਾਤਾਰ ਪੁਲਿਸ ਨੂੰ ਫੋਨ ਕਰਦੇ ਰਹੇ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ‘ਤੇ ਬਚਾਅ ‘ਚ ਉਹ ਤਰਸੇਮ ਭਿੰਡਰ ਸਮੇਤ ਤਿੰਨ ਹੋਰ ਅਕਾਲੀ ਵਰਕਰਾਂ ਨੂੰ ਕਾਬੂ ਕੇ ਪੁਲਿਸ ਕਮਿਸ਼ਨਰ ਦੀ ਕੋਠੀ ਲੈ ਗਏ। ਕਾਂਗਰਸੀਆਂ ਨੇ ਰਾਤ ਕਰੀਬ ਇੱਕ ਵਜੇ ਸੀਪੀ ਦੀ ਕੋਠੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਵੀ ਕੀਤੀ। ਵੱਟਸਐਪ ‘ਤੇ ਸੂਚਨਾ ਵਰਕਰਾਂ ਤੱਕ ਪਹੁੰਚਾਉਣ ‘ਤੇ ਰਾਤ ‘ਚ ਹੀ ਵੱਡੀ ਗਿਣਤੀ ਕਾਂਗਰਸੀ ਪੁਲਿਸ ਕਮਿਸ਼ਨਰ ਦੀ ਕੋਠੀ ਦੇ ਬਾਹਰ ਜਮਾਂ ਹੋ ਗਏ। ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੋਵੇਂ ਧਿਰਾਂ ਨੇ ਪੁਲਿਸ ਕੋਲ ਆਪੋ-ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਕਾਂਗਰਸ ਨੇ ਚਿੱਟਾ ਰਾਵਣ ਕਰੀਬ 70 ਫੁੱਟ ਉੱਚਾ ਤਿਆਰ ਕਰਵਾਇਆ ਸੀ, ਜਿਸ ਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈ। ਚੋਣਾਂ ਚ ਨਸ਼ਿਆਂ ਦਾ ਮੁੱਦਾ ਕਾਫੀ ਜ਼ੋਰ ਫੜ ਰਿਹਾ ਹੈ। ਪਰ ਹੁਣ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਰਾਜਨੀਤਕ ਲੜਾਈ ਖੂਨੀ ਰੂਪ ਧਾਰਨ ਕਰਦੀ ਨਜਰ ਆ ਰਹੀ ਹੈ।

Check Also

Guadeloupe Hurricane Maria

Hurricane Maria, month’s 2nd Cat 5 storm, lashes at Dominica

ROSEAU, Dominica (AP) – Hurricane Maria swept over the small island of Dominica with catastrophic …