
ਅਹਿਮਦਾਬਾਦ— ਭਾਰਤੀ ਜਨਤਾ ਪਾਰਟੀ ਦੇ ਚੇਅਰਮੈਨ ਅਮਿਤ ਸ਼ਾਹ ਆਉਣ ਵਾਲੀ 30 ਮਾਰਚ ਨੂੰ ਇੱਥੇ ਨਾਰਾਇਣਪੁਰਾ ਖੇਤਰ ਦੇ ਵਿਧਾਇਕ ਦੇ ਤੌਰ ‘ਤੇ ਕਰੀਬ 2 ਸਾਲ ਦੀ ਲੰਬੀ ਗੈਰ-ਹਾਜ਼ਰੀ ਤੋਂ ਬਾਅਦ ਗੁਜਰਾਤ ਵਿਧਾਨ ਸਭਾ ਦੀ ਕਾਰਵਾਈ ‘ਚ ਸ਼ਾਮਲ ਹੋਣਗੇ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਜੀਤੂ ਵਾਘਾਣੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੀ ਸ਼ਾਹ ਨੇ 16 ਮਾਰਚ 2015 ਨੂੰ ਵਿਧਾਨ ਸਭਾ ਦੇ 6ਵੇਂ ਸੈਸ਼ਨ ‘ਚ ਹਿੱਸਾ ਲਿਆ ਸੀ। ਹੁਣ ਉਹ 2 ਸਾਲ ਬਾਅਦ ਫਿਰ ਤੋਂ ਇਸ ‘ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ 20 ਫਰਵਰੀ ਤੋਂ ਸ਼ੁਰੂ ਹੋਇਆ ਬਜਟ ਸੈਸ਼ਨ 31 ਮਾਰਚ ਨੂੰ ਖਤਮ ਹੋ ਰਿਹਾ ਹੈ। ਵਿਧਾਨ ਸਭਾ ਦੇ ਸਕੱਤਰ ਡੀ.ਐੱਮ. ਪਟੇਲ ਨੇ ਦੱਸਿਆ ਕਿ ਨਿਯਮ ਅਨੁਸਾਰ ਇਕ ਮੈਂਬਰ 6 ਮਹੀਨੇ ਤੋਂ ਵਧ ਸਮੇਂ ਤਕੱ ਸਦਨ ‘ਚ ਹਾਜ਼ਰ ਨਹੀਂ ਰਹਿ ਸਕਦਾ ਪਰ ਸਦਨ ਦੀ ਛੁੱਟੀ ਸੰਬੰਧੀ ਕਮੇਟੀ ਤੋਂ ਮਨਜ਼ੂਰੀ ਮਿਲਣ ‘ਤੇ ਉਹ ਅਜਿਹਾ ਕਰ ਸਕਦਾ ਹੈ।
ਸ਼੍ਰੀ ਸ਼ਾਹ ਨੂੰ ਕਮੇਟੀ ਨੇ ਛੁੱਟੀ ਲਈ ਮਨਜ਼ੂਰੀ ਦੇ ਰੱਖੀ ਸੀ। ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਪ੍ਰਚੰਡ ਜਿੱਤ ਤੋਂ ਬਾਅਦ ਪਹਿਲੀ ਵਾਰ ਆਪਣੇ ਗ੍ਰਹਿ ਪ੍ਰਦੇਸ਼ ਗੁਜਰਾਤ ਆ ਰਹੇ ਸ਼੍ਰੀ ਸ਼ਾਹ ਬੁੱਧਵਾਰ ਨੂੰ ਇੱਥੇ ਪੁੱਜਣਗੇ। ਹਵਾਈ ਅੱਡੇ ‘ਤੇ ਉਨ੍ਹਾਂ ਨੇ ਸਵਾਗਤ ਲਈ ਮੁੱਖ ਮੰਤਰੀ ਵਿਜੇ ਰੂਪਾਨੀ, ਰਾਜ ਸਰਕਾਰ ਦੇ ਸਾਰੇ ਮੰਤਰੀ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਾਘਾਣੀ ਤੋਂ ਇਲਾਵਾ ਪਾਰਟੀ ਦੇ ਹੋਰ ਨੇਤਾ ਅਤੇ ਵਰਕਰ ਹਾਜ਼ਰ ਹੋਣਗੇ। ਸ਼੍ਰੀ ਸ਼ਾਹ ਇੱਥੇ ਸਾਬਰਮਤੀ ਰਿਵਰਫਰੰਟ ‘ਤੇ ਵਿਜੇ ਵਿਸ਼ਵਾਸ ਵਰਕਰ ਸੰਮੇਲਨ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਗੁਜਰਾਤ ‘ਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।