ਨਵੀਂ ਦਿੱਲੀ, 9 ਦਸੰਬਰ
Jagdish Tytler: ਦਿੱਲੀ ਦੀ ਇੱਕ ਅਦਾਲਤ ਨੇ ਸੀਬੀਆਈ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਗਵਾਹ ਨੂੰ ਮੁੜ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਸੀਬੀਆਈ ਨੂੰ ਕਿਹਾ ਕਿ ਉਹ ਇਕ ਵਾਰ ਹੋਰ ਮਨਮੋਹਨ ਕੌਰ ਨੂੰ ਲੱਭਣ ਦਾ ਯਤਨ ਕਰੇ ਅਤੇ ਉਸ ਨੂੰ ਸੰਮਨ ਕਰੇ। ਜ਼ਿਕਰਯੋਗ ਹੈ ਕਿ ਮਨਮੋਹਨ ਕੌਰ ਇਸ ਕੇਸ ਵਿੱਚ ਟਾਈਟਲਰ ਖ਼ਿਲਾਫ਼ ਸਰਕਾਰੀ ਗਵਾਹ ਹੈ। ਇਸ ਮਾਮਲੇ ਵਿਚ ਅਦਾਲਤ ਨੇ ਮਨਮੋਹਨ ਕੌਰ ਨੂੰ ਪਹਿਲਾਂ ਵੀ ਤਲਬ ਕੀਤਾ ਸੀ। ਸੀਬੀਆਈ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਮਨਮੋਹਨ ਕੌਰ ਦਾ ਅਤਾ ਪਤਾ ਨਹੀਂ ਮਿਲ ਰਿਹਾ। ਅਦਾਲਤ ਨੇ ਅੱਜ ਇਸਤਗਾਸਾ ਪੱਖ ਦੇ ਇੱਕ ਹੋਰ ਗਵਾਹ ਬਾਲ ਕਿਸ਼ਨ ਆਰੀਆ ਦੇ ਬਿਆਨ ਦਰਜ ਕੀਤੇ ਜਦਕਿ ਦੂਜੇ ਗਵਾਹਾਂ ਅਨੁਜ ਸਿਨਹਾ ਅਤੇ ਐਨਡੀ ਪੰਚੋਲੀ ਨੂੰ 20 ਦਸੰਬਰ ਨੂੰ ਤਲਬ ਕੀਤਾ। ਅੱਜ ਅਦਾਲਤ ਦੀ ਸੁਣਵਾਈ ਮੌਕੇ ਟਾਈਟਲਰ ਨਿੱਜੀ ਤੌਰ ’ਤੇ ਪੇਸ਼ ਹੋਏ।
ਇਹ ਮਾਮਲਾ 1984 ਵਿੱਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ਵਿੱਚ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਅਦਾਲਤ ਨੇ 12 ਨਵੰਬਰ ਨੂੰ ਬਾਦਲ ਸਿੰਘ ਦੀ ਵਿਧਵਾ ਲਖਵਿੰਦਰ ਕੌਰ ਦੇ ਬਿਆਨ ਦਰਜ ਕੀਤੇ ਸਨ ਜਿਸ ਦੀ ਦੰਗਿਆਂ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਚ ਹਿੰਸਕ ਹੋਏ ਹਜ਼ੂਮ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਅਦਾਲਤ ਨੇ 13 ਸਤੰਬਰ ਨੂੰ ਟਾਈਟਲਰ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਆਇਦ ਕੀਤੇ ਸਨ। ਇਸ ਤੋਂ ਪਹਿਲਾਂ ਇੱਕ ਗਵਾਹ ਨੇ ਦਾਅਵਾ ਕੀਤਾ ਸੀ ਕਿ ਟਾਈਟਲਰ 1 ਨਵੰਬਰ, 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਇੱਕ ਚਿੱਟੇ ਰੰਗ ਦੀ ਕਾਰ ਵਿੱਚੋਂ ਬਾਹਰ ਆਇਆ ਅਤੇ ਸਿੱਖਾਂ ਵਿਰੁੱਧ ਭੀੜ ਨੂੰ ਭੜਕਾਇਆ ਜਿਸ ਤੋਂ ਬਾਅਦ ਤਿੰਨ ਸਿੱਖਾਂ ਦੀ ਹੱਤਿਆ ਕੀਤੀ ਗਈ।
Source link