Home / Punjabi News / 1 ਲੱਖ ਫੂਡ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ – ਪੰਨੂੰ

1 ਲੱਖ ਫੂਡ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ – ਪੰਨੂੰ

1 ਲੱਖ ਫੂਡ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ – ਪੰਨੂੰ

ਰੇਹੜੀਵਾਲਿਆਂ ਲਈ ਮੁਫ਼ਤ ਸਿਖਲਾਈ
ਚੰਡੀਗੜ੍ਹ : ਫੂਡ ਸੇਫਟੀ ਟੀਮਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਵਿੱਚ ਕੀਤੀਆਂ ਜਾਂਚ ਕਾਰਵਾਈਆਂ ਦੌਰਾਨ ਪਾਈਆਂ ਗਈਆਂ ਖਾਮੀਆਂ ਦੇ ਮੱਦੇਨਜ਼ਰ ਸੂਬੇ ਵਿਚਲੇ ਸਮੂਹ ਵੱਡੇ ਅਤੇ ਛੋਟੇ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ।
ਇਸ ਜਾਂਚ ਮੁਹਿੰਮ ਦੌਰਾਨ ਇਹ ਦੇਖਿਆ ਗਿਆ ਕਿ ਫੂਡ ਬਿਜ਼ਨਸ ਆਪਰੇਟਰਾਂ ਵੱਲੋਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਨਿਯਮਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਭੋਜਨ ਦੇ ਮਿਆਰ ਨਾਲ ਸਮਝੌਤਾ ਸਿਹਤ ਨਾਲ ਸਬੰਧਤ ਇੱਕ ਗੰਭੀਰ ਮੁੱਦਾ ਹੈ ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਉਂਜੋ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੌਸ਼ਟਿਕਤਾ ਅਤੇ ਸਾਫ਼-ਸਫ਼ਾਈ ਨੂੰ ਤਰਜੀਹ ਦਿੱਤੀ ਗਈ ਹੈ ਇਸ ਲਈ ਵਿਭਾਗ ਕੋਲ ਰਜਿਸਟਰ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ 1 ਲੱਖ ਵੱਡੇ ਅਤੇ ਛੋਟੇ ਐਫ.ਬੀ.ਓਜ਼ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹ ਸਿਖਲਾਈ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ਼-ਸੁਥਰਾ ਭੋਜਨ ਪ੍ਰਦਾਨ ਕਰਵਾਉਣ ਦੇ ਸਾਰੇ ਪੱਖਾਂ ‘ਤੇ ਕੇਂਦਰਿਤ ਹੋਵੇਗੀ। ਸ੍ਰੀ ਪੰਨੂੰ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਭੋਜਨ ਪਕਾਉਣ ਸਬੰਧੀ ਨੁਕਤੇ, ਕੰਮ ਵਾਲੀ ਥਾਂ ਅਤੇ ਕਾਮਿਆਂ ਦੀ ਸਫ਼ਾਈ ਦੇ ਨਾਲ ਨਾਲ ਐਫ.ਐਸ.ਐਸ.ਏ.ਆਈ. ਵੱਲੋਂ ਮਨਾਹੀ ਵਾਲੀ ਭੋਜਨ ਸਮੱਗਰੀ ਦੀ ਵਰਤੋਂ ‘ਤੇ ਰੋਕ ਸਬੰਧੀ ਐਫ.ਬੀ.ਓਜ਼ ਨੂੰ ਜਾਣੂੰ ਕਰਵਾਇਆ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ, ਫੂਡ ਸੇਫਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਿਖਲਾਈ ਐਫ.ਐਸ.ਐਸ.ਏ.ਆਈ. ਕੋਲ ਟਰੇਨਿੰਗ ਪਾਰਟਨਰ ਵਜੋਂ ਰਜਿਸਟਰ ਸੰਸਥਾ ਵੱਲੋਂ ਦਿੱਤੀ ਜਾਵੇਗੀ ਅਤੇ ਵਿਭਾਗ ਵੱਲੋਂ ਇਸ ਸਬੰਧੀ ਇਛੁੱਕ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਜਲਦੀ ਹੀ ਚੋਣਵੀਂ ਸੰਸਥਾ ਵੱਲੋਂ ਇਸ ਸਬੰਧੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਸ੍ਰੀ ਪੰਨੂੰ ਨੇ ਕਿਹਾ ਕਿ ਸਿਖਲਾਈ ਵਿੱਚ ਭਾਗ ਲੈਣਾ ਜਾਂ ਨਾ ਲੈਣਾ ਫੂਡ ਬਿਜ਼ਨਸ ਆਪਰੇਟਰ ਦੀ ਮਰਜ਼ੀ ਹੋਵੇਗੀ ਅਤੇ ਸਿਖਲਾਈ ਲਈ ਫੂਡ ਬਿਜ਼ਨਸ ਆਪਰੇਟਰਾਂ ਨੂੰ ਮਾਮੂਲੀ ਫੀਸ ਅਦਾ ਕਰਨੀ ਹੋਵੇਗੀ ਅਤੇ ਨਾਲ ਹੀ ਕਿਹਾ ਕਿ ਇਹ ਸਿਖਲਾਈ ਬਾਜ਼ਾਰਾਂ ਅਤੇ ਸੜਕਾਂ ਕਿਨਾਰੇ ਫੂਡ/ਸਨੈਕਸ ਵੇਚਣ ਵਾਲੇ ਰੇਹੜੀਵਾਲਿਆਂ ਨੂੰ ਵੀ ਦਿੱਤੀ ਜਾਵੇਗੀ ਜਿਨ੍ਹਾਂ ਲਈ ਇਹ ਸਿਖਲਾਈ ਬਿਲਕੁਲ ਮੁਫ਼ਤ ਹੋਵੇਗੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …