Home / Punjabi News / ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ ‘ਤੇ ਦਬਾਅ ਬਣਾਉਣ ਦੀ ਰਣਨੀਤੀ

ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ ‘ਤੇ ਦਬਾਅ ਬਣਾਉਣ ਦੀ ਰਣਨੀਤੀ

ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ ‘ਤੇ ਦਬਾਅ ਬਣਾਉਣ ਦੀ ਰਣਨੀਤੀ

ਪਟਿਆਲਾ : ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਇਕ ਤਰ੍ਹਾਂ ਭਾਰਤੀ ਜਨਤਾ ਪਾਰਟੀ ‘ਤੇ ਦਬਾਅ ਬਣਾਉਣ ਦੀ ਰਾਜਨੀਤੀ ਅਤੇ ਰਣਨੀਤੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਅਕਾਲੀ ਦਲ ਦੀ ਕਰਾਰੀ ਹਾਰ ਕਾਰਨ ਅਕਾਲੀ ਦਲ ਕਾਫੀ ਮਾਨਸਿਕ ਤਣਾਅ ‘ਚ ਹੈ। ਦੂਜੇ ਪਾਸੇ 2019 ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਭਾਜਪਾ ਨੂੰ ਮਿਲੀ ਸਫਲਤਾ ਕਾਰਨ ਪਾਰਟੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਪੰਜਾਬ ‘ਚ ਪਾਰਟੀ ਆਪਣੇ ਬਲਬੂਤੇ ‘ਤੇ ਚੋਣ ਲੜੇ ਤਾਂ ਉਸ ਨੂੰ ਹਰਿਆਣਾ ਅਤੇ ਮਹਾਰਾਸ਼ਟਰ ਵਰਗੇ ਨਤੀਜੇ ਮਿਲ ਸਕਦੇ ਹਨ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸਰਵੇ ਕਰਵਾਇਆ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ 52 ਸ਼ਹਿਰੀ ਅਤੇ ਅਰਧ-ਸ਼ਹਿਰੀ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ‘ਤੇ ਪਾਰਟੀ ਜਿੱਤਣ ਦੀ ਸਮਰੱਥਾ ਵਿਚ ਹੈ। ਇਸ ਸਬੰਧੀ ਪਾਰਟੀ ਜੋੜ-ਤੋੜ ਲਾ ਰਹੀ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਲੜਦੇ ਹਨ ਤਾਂ ਅਜਿਹੇ ਸਿਆਸੀ ਹਾਲਾਤ ‘ਚ ਭਾਜਪਾ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਪੰਜਾਬ ਦਾ ਹਿੰਦੂ ਵੋਟਰ ਲੰਬੇ ਸਮੇਂ ਤੋਂ ਖੁਦ ਨੂੰ ‘ਅਨਾਥ’ ਸਮਝ ਰਿਹਾ ਹੈ।
ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਹਿੰਦੂਆਂ ਨੂੰ ਦਰਕਿਨਾਰ ਕੀਤਾ ਹੈ, ਜਿਸ ਕਰ ਕੇ ਪੰਜਾਬ ਦੇ ਹਿੰਦੂਆਂ ਦਾ ਝੁਕਾਅ ਭਾਜਪਾ ਵੱਲ ਹੋ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ 13 ‘ਚੋਂ 3 ਲੋਕ ਸਭਾ ਸੀਟਾਂ ‘ਤੇ ਚੋਣ ਲੜੀ ਸੀ ਅਤੇ 2 ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਅਕਾਲੀ ਦਲ ਨੇ 10 ਲੋਕ ਸਭਾ ਸੀਟਾਂ ‘ਤੇ ਚੋਣ ਲੜੀ ਸੀ। ਸਿਰਫ 2 ਸੀਟਾਂ ਹੀ ਮਿਲੀਆਂ ਸਨ। ਇਹ ਸੀਟਾਂ ਵੀ ਬਾਦਲ ਪਰਿਵਾਰ ਭਾਜਪਾ ਦੇ ਸਹਾਰੇ ਜਿੱਤ ਸਕਿਆ ਸੀ। ਬਠਿੰਡਾ ‘ਚ ਸ਼ਹਿਰੀ ਹਿੰਦੂ ਵੋਟ ਬੈਂਕ ਨੇ ਮੋਦੀ ਦੇ ਨਾਂ ‘ਤੇ ਵੋਟ ਪਾਈ, ਜਿਸ ਕਾਰਨ ਹਰਸਿਮਰਤ ਕੌਰ ਬਾਦਲ ਜਿੱਤ ਸਕੀ। ਅਜਿਹੇ ਸਾਰੇ ਹਾਲਾਤ ਨੂੰ ਦੇਖਦੇ ਹੋਏ ਹੀ ਭਾਜਪਾ ਦਾ ਇਕ ਵਰਗ ਚਾਹੁੰਦਾ ਹੈ ਕਿ ਪਾਰਟੀ ਪੰਜਾਬ ‘ਚ ਵੀ ਹਰਿਆਣਾ ਵਾਂਗ ਤਜਰਬਾ ਕਰ ਕੇ ਇਕੱਲੀ ਚੋਣ ਮੈਦਾਨ ਵਿਚ ਉੱਤਰੇ ਤਾਂ ਜੋ ਉਸ ਦਾ ਆਪਣਾ ਵੋਟ ਬੈਂਕ ਬਣ ਸਕੇ।
ਆਮ ਤੌਰ ‘ਤੇ ਹਰ ਚੋਣ ਵਿਚ ਅਕਾਲੀ ਦਲ-ਭਾਜਪਾ ‘ਤੇ ਹਾਵੀ ਰਹਿੰਦਾ ਹੈ। ਇਸ ਕਰ ਕੇ ਭਾਜਪਾ ਨੂੰ 117 ਸੀਟਾਂ ਵਿਚੋਂ ਕਦੇ 23 ਤੇ ਕਦੇ 21 ਸੀਟਾਂ ਮਿਲਦੀਆਂ ਰਹੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਅਕਾਲੀ ਦਲ ਦੇ ਬਰਾਬਰ ਖੜ੍ਹ ਗਈ ਹੈ। ਪੰਜਾਬ ਵਿਚ ਹੁਣ 2 ਐੱਮ. ਪੀ. ਭਾਜਪਾ ਦੇ ਹਨ ਅਤੇ 2 ਹੀ ਅਕਾਲੀ ਦਲ ਦੇ ਹਨ। ਅਜਿਹੇ ਵਿਚ ਭਾਜਪਾ ਹਾਈਕਮਾਂਡ ਪੰਜਾਬ ਬਾਰੇ ਕਾਫੀ ਮੰਥਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਮੰਥਨ ਦੀ ਜਾਣਕਾਰੀ ਮਿਲ ਗਈ ਹੈ। ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਭਾਜਪਾ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲੀ ਦਲ ਨੂੰ ਸਪੱਸ਼ਟ ਹੋ ਗਿਆ ਹੈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ‘ਚ ਸ਼ਿਵ ਸੈਨਾ ਨੂੰ ਭਾਜਪਾ ਨੇ ਨੰਬਰ ਦੋ ਦੀ ਪਾਰਟੀ ਬਣਾ ਦਿੱਤਾ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ਉਹ ਅਕਾਲੀ ਦਲ ਨੂੰ ਨੰਬਰ ਦੋ ਦੀ ਪਾਰਟੀ ਬਣਾਉਣਾ ਚਾਹੁੰਦੀ ਹੈ। ਮਹਾਰਾਸ਼ਟਰ ਦੇ ਤਜਰਬੇ ਨੂੰ ਦੇਖਦੇ ਹੋਏ ਹੀ ਅਕਾਲੀ ਦਲ ਆਪਣੇ ਗੜ੍ਹ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਕੇਂਦਰ ਸਰਕਾਰ ਵਿਚ ਬਣੇ ਰਹਿਣਾ ਉਸ ਦੀ ਮਜਬੂਰੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਕੇਂਦਰ ਸਰਕਾਰ ਦੀ ਪ੍ਰੋਟੈਕਸ਼ਨ ਅਕਾਲੀ ਦਲ ਨੂੰ ਜ਼ਰੂਰੀ ਲਗਦੀ ਹੈ।
ਸਿੱਧੂ ਦਾ ਅਗਿਆਤਵਾਸ ਅਕਾਲੀ ਦਲ ਅਤੇ ਕਾਂਗਰਸ ਲਈ ਚਿੰਤਾ ਦਾ ਵਿਸ਼ਾ
ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕੈਬਨਿਟ ਵਜ਼ੀਰੀ ਦਾ ਅਹੁਦਾ ਛੱਡਣ ਤੋਂ ਬਾਅਦ ਅਗਿਆਤਵਾਸ ਹੋ ਗਏ ਹਨ ਤਾਂ ਅਕਾਲੀ ਦਲ ਤੇ ਕਾਂਗਰਸ ਲਈ ਚਿੰਤਾ ਬਣੀ ਹੋਈ ਹੈ। ਦੋਵੇਂ ਪਾਰਟੀਆਂ ਸਿੱਧੂ ਦੇ ਅਗਲੇ ਕਦਮ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਸੂਤਰਾਂ ਅਨੁਸਾਰ ਇਹ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸਿੱਧੂ ਭਾਜਪਾ ਦਾ ਸਿੱਖ ਚਿਹਰਾ ਬਣ ਕੇ ਉੱਭਰ ਸਕਦੇ ਹਨ। ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਰਾਜਨੀਤੀ ਵਿਚ ਕਾਫੀ ਅਹਿਮੀਅਤ ਹੈ। ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਭਾਜਪਾ ਦਾ ਚਿਹਰਾ ਬਣਦੇ ਹਨ ਤਾਂ ਅਕਾਲੀ ਦਲ ਅਤੇ ਕਾਂਗਰਸ ਦੀ ਰਾਜਨੀਤੀ ਦਾ ਗਣਿਤ ਵਿਗੜ ਸਕਦਾ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …