Home / Punjabi News / ਮਹਿਲਾ ਕਮਿਸ਼ਨ ਪੁੱਜੀ ਆਤਿਸ਼ੀ, ਗੌਤਮ ਗੰਭੀਰ ਦੇ ਸਮਰਥਨ ‘ਚ ਆਏ ਹਰਭਜਨ ਸਿੰਘ

ਮਹਿਲਾ ਕਮਿਸ਼ਨ ਪੁੱਜੀ ਆਤਿਸ਼ੀ, ਗੌਤਮ ਗੰਭੀਰ ਦੇ ਸਮਰਥਨ ‘ਚ ਆਏ ਹਰਭਜਨ ਸਿੰਘ

ਮਹਿਲਾ ਕਮਿਸ਼ਨ ਪੁੱਜੀ ਆਤਿਸ਼ੀ, ਗੌਤਮ ਗੰਭੀਰ ਦੇ ਸਮਰਥਨ ‘ਚ ਆਏ ਹਰਭਜਨ ਸਿੰਘ

ਨਵੀਂ ਦਿੱਲੀ— ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ‘ਤੇ ਇਤਰਾਜ਼ਯੋਗ ਪਰਚਾ ਵੰਡਣ ਦਾ ਦੋਸ਼ ਲਗਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਨੇਤਾ ਆਤਿਸ਼ੀ ਮਾਰਲੇਨਾ ਨੇ ਇਸ ਮਾਮਲੇ ‘ਚ ਦਿੱਲੀ ਮਹਿਲਾ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਗੰਭੀਰ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਹੈ। ਇਨ੍ਹਾਂ ਦੋਸ਼ਾਂ ਦਰਮਿਆਨ ਹਰਭਜਨ ਸਿੰਘ ਇਸ ਸਾਬਕਾ ਬੱਲੇਬਾਜ਼ ਦੇ ਪੱਖ ‘ਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਹਰਭਜਨ ਨੇ ਕੀਤਾ ਸਮਰਥਨ
ਹਰਭਜਨ ਨੇ ਟਵੀਟ ਕਰ ਕੇ ਕਿਹਾ,”ਮੈਂ ਕੱਲ (ਵੀਰਵਾਰ) ਗੌਤਮ ਗੰਭੀਰ ਨਾਲ ਜੁੜੇ ਇਕ ਮਾਮਲੇ ਨੂੰ ਸੁਣ ਕੇ ਹੈਰਾਨ ਹਾਂ। ਮੈਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਕਦੇ ਕਿਸੇ ਔਰਤ ਵਿਰੁੱਧ ਗਲਤ ਨਹੀਂ ਬੋਲ ਸਕਦਾ ਹੈ। ਉਹ ਜਿੱਤੇ ਜਾਂ ਹਾਰੇ ਇਹ ਵੱਖ ਮਾਮਲਾ ਹੈ ਪਰ ਇਹ ਆਦਮੀ ਇਨ੍ਹਾਂ ਸਭ ਤੋਂ ਉੱਪਰ ਹੈ।”
ਸਵਾਤੀ ਮਾਲੀਵਾਲ ਨੂੰ ਸੌਂਪਿਆ ਸ਼ਿਕਾਇਤ ਪੱਤਰ
ਪੂਰਬੀ ਦਿੱਲੀ ਤੋਂ ‘ਆਪ’ ਉਮੀਦਵਾਰ ਆਤਿਸ਼ੀ ਨੇ ਦਿੱਲੀ ਮਹਿਲਾ ਕਮਿਸ਼ਨ ‘ਚ ਜਾ ਕੇ ਗੌਤਮ ਗੰਭੀਰ ਦੀ ਸ਼ਿਕਾਇਤ ਕਰ ਦਿੱਤੀ ਹੈ। ਦੁਪਹਿਰ 12 ਵਜੇ ਦੇ ਕਰੀਬ ਮਹਿਲਾ ਕਮਿਸ਼ਨ ਦੀ ਚੀਫ ਸਵਾਤੀ ਮਾਲੀਵਾਲ ਨੂੰ ਗੌਤਮ ਗੰਭੀਰ ਵਿਰੁੱਧ ਸ਼ਿਕਾਇਤ ਦਾ ਪੱਤਰ ਸੌਂਪਿਆ। ਸਿਸੋਦੀਆ ਨੇ ਕਿਹਾ,”ਸਾਡੇ ਵਿਰੁੱਧ ਇਤਰਾਜ਼ਯੋਗ ਪਰਚੇ ਵੰਡੇ ਜਾ ਰਹੇ ਹਨ ਅਤੇ ਉਹ (ਭਾਜਪਾ) ਕਹਿ ਰਹੇ ਹਨ ਕਿ ਉਹ ਸਾਡੇ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਨਗੇ? ਅਸੀਂ ਅੱਜ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਭੇਜਣ ਜਾ ਰਹੇ ਹਾਂ।”
ਇਹ ਹੈ ਮਾਮਲਾ
ਦੱਸਣਯੋਗ ਹੈ ਕਿ ਵੀਰਵਾਰ ਨੂੰ ਜਦੋਂ ਦਿੱਲੀ ਦੇ ਉੱਪ ਮੁੱਖ ਮੰਤੀਰ ਮਨੀਸ਼ ਸਿਸੋਦੀਆ ਨਾਲ ਆਤਿਸ਼ੀ ਮੀਡੀਆ ਨਾਲ ਗੱਲ ਕਰਨ ਆਈ ਤਾਂ ਰੋਣ ਲੱਗ ਗਈ। ਆਤਿਸ਼ੀ ਦਾ ਦੋਸ਼ ਸੀ ਕਿ ਗੌਤਮ ਗੰਭੀਰ ਅਤੇ ਭਾਰਤੀ ਜਨਤਾ ਪਾਰਟੀ ਨੇ ਪੂਰਬੀ ਦਿੱਲੀ ਲੋਕ ਸਭਾ ਖੇਤਰ ‘ਚ ਕੁਝ ਅਜਿਹੇ ਪਰਚੇ ਵੰਡਵਾਏ ਹਨ, ਜਿਨ੍ਹਾਂ ‘ਚ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ‘ਆਪ’ ਨੇ ਦੋਸ਼ ਲਗਾਇਆ ਤਾਂ ਭਾਜਪਾ ਦੇ ਪੂਰਬੀ ਦਿੱਲੀ ਤੋਂ ਉਮੀਦਵਾਰ ਗੌਤਮ ਗੰਭੀਰ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਆਤਿਸ਼ੀ ਨੇ ਦੋਸ਼ ਨੂੰ ਸਹੀ ਸਾਬਤ ਕਰ ਦਿੱਤਾ ਤਾਂ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ ਅਤੇ ਚੋਣ ਮੈਦਾਨ ‘ਚੋਂ ਹਟ ਜਾਣਗੇ। ਉਨ੍ਹਾਂ ਨੇ ਚੁਣੌਤੀ ਦਿੱਤੀ ਕਿ ਜੇਕਰ ਸਾਬਤ ਹੋ ਜਾਂਦਾ ਹੈ ਤਾਂ ਇਹ ਮੈਂ ਕੀਤਾ ਹੈ ਤਾਂ ਮੈਂ ਆਪਣੀ ਉਮੀਦਵਾਰੀ ਵਾਪਸ ਲੈ ਲਵਾਂਗਾ ਜੇਕਰ ਨਹੀਂ ਤਾਂ ਕੀ ਤੁਸੀਂ ਰਾਜਨੀਤੀ ਛੱਡੋਗੇ? ਗੌਤਮ ਨੇ ਨਾ ਸਿਰਫ਼ ਪਲਟਵਾਰ ਕੀਤਾ ਸਗੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਵਿਰੁੱਧ ਮਾਣਹਾਨੀ ਦਾ ਕੇਸ ਵੀ ਕਰ ਦਿੱਤਾ ਹੈ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …