Home / Punjabi News / ਭਾਦਸੋਂ ਨਗਰ ਪੰਚਾਇਤ ਦਾ ਪ੍ਰਧਾਨ ਮੁਅੱਤਲ; ਬੇਭਰੋਸਗੀ ਮਤੇ ਵਿੱਚ ਪ੍ਰਧਾਨ ਚੂਨੀ ਲਾਲ ਖ਼ਿਲਾਫ਼ ਸੱਤ ਕੌਂਸਲਰ ਡਟੇ

ਭਾਦਸੋਂ ਨਗਰ ਪੰਚਾਇਤ ਦਾ ਪ੍ਰਧਾਨ ਮੁਅੱਤਲ; ਬੇਭਰੋਸਗੀ ਮਤੇ ਵਿੱਚ ਪ੍ਰਧਾਨ ਚੂਨੀ ਲਾਲ ਖ਼ਿਲਾਫ਼ ਸੱਤ ਕੌਂਸਲਰ ਡਟੇ

ਹਰਦੀਪ ਸਿੰਘ ਭੰਗੂ

ਭਾਦਸੋਂ, 2 ਜੂਨ

ਨਗਰ ਪੰਚਾਇਤ ਭਾਦਸੋਂ ਵਿੱਚ ਮੌਜੂਦਾ ਪ੍ਰਧਾਨ ਚੂਨੀ ਲਾਲ ਨੂੰ ਬੇਭਰੋਸਗੀ ਮਤੇ ਮਗਰੋਂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਐੱਸਡੀਐੱਮ ਕਨੂ ਗਰਗ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਮੌਜੂਦਗੀ ਵਿੱਚ ਚੂਨੀ ਲਾਲ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ਵਿੱਚ ਸੱਤ ਕੌਂਸਲਰ ਡਟ ਗਏ, ਜਦਕਿ ਤਿੰਨ ਕੌਂਸਲਰ ਸੰਜੀਵ ਕਾਕਾ, ਸੁਨੀਤਾ ਰਾਣੀ ਤੇ ਬਾਲੀ ਰਾਮ ਗੈਰਹਾਜ਼ਰ ਰਹੇ। ਇਸ ਤਰ੍ਹਾਂ ਚੂਨੀ ਲਾਲ ਆਪਣਾ ਭਰੋਸਾ ਸਾਬਤ ਕਰਨ ਵਿਚ ਨਾਕਾਮ ਰਹੇ। ਜ਼ਿਕਰਯੋਗ ਹੈ ਕਿ 21 ਜੂਨ 2019 ਨੂੰ ਹੋਈਆਂ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਦੇ ਸੱਤ, ਅਕਾਲੀ ਦਲ ਦੇ ਤਿੰਨ ਅਤੇ ਭਾਜਪਾ ਦੇ ਇੱਕ ਉਮੀਦਵਾਰ ਨੇ ਜਿੱਤ ਦਰਜ ਕੀਤੀ ਸੀ। ਇਸ ਤਰ੍ਹਾਂ ਕਾਂਗਰਸ ਦੇ ਚੂਨੀ ਲਾਲ ਨੂੰ ਪ੍ਰਧਾਨ ਬਣਾਇਆ ਗਿਆ ਸੀ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਤਿੰਨ ਕੌਂਸਲਰ (ਦਰਸ਼ਨ ਕੋੜਾ, ਗੋਪਾਲ ਸਿੰਘ ਖਨੌੜਾ, ਕਿਰਨਾ ਰਾਣੀ) ਅਤੇ ਅਕਾਲੀ ਦਲ (ਦਰਬਾਰਾ ਸਿੰਘ ਖੱਟੜਾ) ਤੇ ਭਾਜਪਾ (ਸੁਰਿੰਦਰ ਕੌਰ) ਦਾ ਇੱਕ-ਇੱਕ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਮੁੜ ਬੇਭਰੋਸਗੀ ਮਤਾ ਲਿਆਉਣ ਮਗਰੋਂ ਚੂਨੀ ਲਾਲ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਚੂਨੀ ਲਾਲ।

ਉਧਰ, ਚੂਨੀ ਲਾਲ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਖੁਦ ਉਨ੍ਹਾਂ ਨੂੰ ਵੱਖ ਵੱਖ ਫ਼ੋਨ ਨੰਬਰਾਂ ਤੋਂ ਅਸਤੀਫ਼ੇ ਲਈ ਜਬਦਰਸਤੀ ਦਬਾਅ ਪਾਇਆ ਹੈ। ਜਦੋਂ ਇਸ ਸਬੰਧੀ ਵਿਧਾਇਕ ਦੇਵ ਮਾਨ ਨਾਲ ਗੱਲ ਕੀਤੀ ਉਨ੍ਹਾਂ ਜਬਰਦਸਤੀ ਅਸਤੀਫ਼ੇ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਪ੍ਰਧਾਨ ਖ਼ਿਲਾਫ਼ ਭਾਦਸੋਂ ਵਾਸੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਕੌਂਸਲਰਾਂ ਵਲੋਂ ਪਾਏ ਗਏ ਬੇਭਰੋਸਗੀ ਮਤੇ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਚੂਨੀ ਲਾਲ ਦੇ ਸਮਰੱਥਕਾਂ ਵਲੋਂ ‘ਆਪ’ ਅਤੇ ਵਿਧਾਇਕ ਦੇਵ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …