Home / Punjabi News / ਬਾਦਲਾਂ ਤੇ ਭਾਜਪਾ ਦੇ ਦਬਾਅ ਹੇਠ ਸੀ. ਬੀ. ਆਈ. ਨੇ ਫਾਈਲ ਕੀਤੀ ਕਲੋਜ਼ਰ ਰਿਪੋਰਟ : ਖਹਿਰਾ

ਬਾਦਲਾਂ ਤੇ ਭਾਜਪਾ ਦੇ ਦਬਾਅ ਹੇਠ ਸੀ. ਬੀ. ਆਈ. ਨੇ ਫਾਈਲ ਕੀਤੀ ਕਲੋਜ਼ਰ ਰਿਪੋਰਟ : ਖਹਿਰਾ

ਬਾਦਲਾਂ ਤੇ ਭਾਜਪਾ ਦੇ ਦਬਾਅ ਹੇਠ ਸੀ. ਬੀ. ਆਈ. ਨੇ ਫਾਈਲ ਕੀਤੀ ਕਲੋਜ਼ਰ ਰਿਪੋਰਟ : ਖਹਿਰਾ

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਮੋਹਾਲੀ ਸੀ. ਬੀ. ਆਈ. ਕੋਰਟ ‘ਚ 2 ਡੇਰਾ ਪ੍ਰੇਮੀਆਂ ਖਿਲਾਫ ਦਰਜ ਕੀਤੇ ਗਏ ਬੇਅਦਬੀ ਮਾਮਲਿਆਂ ‘ਚ ਸੀ. ਬੀ. ਆਈ. ਨੇ ਅਕਾਲੀ ਦਲ ਅਤੇ ਭਾਜਪਾ ਦੇ ਦਬਾਅ ਹੇਠ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਖਹਿਰਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਡੇਰਾ ਪ੍ਰੇਮੀਆਂ ਦੀ ਹਮਾਇਤ ਲੈਣ ਦੇ ਮੱਦੇਨਜ਼ਰ ਭਾਜਪਾ ਡੇਰਾ ਆਗੂਆਂ ਨੂੰ ਖੁਸ਼ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ. ਆਈ. ਜੀ. ਰਣਜੀਤ ਸਿੰਘ ਖੱਟੜਾ ਦੀ ਅਗਵਾਈ ਵਾਲੀ ਪੰਜਾਬ ਪੁਲਸ ਦੀ ਐੱਸ. ਆਈ. ਟੀ. ਨੇ ਬੇਅਦਬੀ ਮਾਮਲਿਆਂ ‘ਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਪਾਈ ਸੀ ਪਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ੀਆਂ ਨੂੰ ਬਚਾਉਣ ਖਾਤਰ 2 ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ। ਬਾਦਲ ਜਾਣਦੇ ਸਨ ਕਿ ਉਨ੍ਹਾਂ ਦੀ ਪਾਰਟੀ ਸੱਤਾ ‘ਚ ਨਹੀਂ ਆਵੇਗੀ ਅਤੇ ਵਿਧਾਨ ਸਭਾ ਚੋਣਾਂ ਦੇ ਨੇੜੇ ਜਾ ਕੇ ਇਹ ਫੈਸਲਾ ਲਿਆ।
ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਸਿੰਘ ਬਿੱਟੂ ਦਾ ਨਾਭਾ ਜੇਲ ‘ਚ ਕਤਲ ਅਤੇ ਬਾਕੀ 5 ਦੋਸ਼ੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣਾ ਇਕ ਸਿਆਸੀ ਸਾਜ਼ਿਸ਼ ਦਾ ਨਤੀਜਾ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿੱਟੂ ਦੇ ਕਤਲ ਨਾਲ ਬੇਅਦਬੀ ਮਾਮਲਿਆਂ ‘ਚ ਬਾਦਲਾਂ ਦੀ ਸ਼ਮੂਲੀਅਤ ਦਾ ਸਬੂਤ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ‘ਚ ਅਕਾਲੀ ਆਗੂਆਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੀ ਆਪਣੇ ਰਸਤੇ ਤੋਂ ਭਟਕ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ‘ਚ ਗੁੰਮਰਾਹ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕੌਮ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਕੋਲੋਂ ਵਾਪਸ ਲੈਣ ਲਈ ਮਤਾ ਪਾਸ ਕੀਤਾ ਸੀ। ਇਸ ਮਤੇ ਨੂੰ ਲਾਗੂ ਕਰਨ ਲਈ ਕੈਪਟਨ ਨੇ ਸਰਕਾਰੀ ਜਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਮਾਮਲਿਆਂ ਨੂੰ ਖਤਮ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਘਟਨਾਕ੍ਰਮ ਇਹ ਸਾਬਿਤ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲਿਆਂ ਵਿਚ ਬਾਦਲ ਪਰਿਵਾਰ ਨੂੰ ਬਚਾਉਣ ਅਤੇ ਭਾਜਪਾ ਦੇ ਬੁਲਾਰੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਐੱਸ. ਵਾਈ. ਐੱਲ. ਮੁੱਦੇ ‘ਤੇ ਵੀ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਲਾਹਾ ਪਹੁੰਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਪਾਲੇ ‘ਚ ਖੜ੍ਹੇ ਦਿਖਾਈ ਦੇ ਰਹੇ ਹਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …