Home / Punjabi News / ਪੰਜਾਬ ਨੇ ਖੂਨਦਾਨ ਦਾ 124 ਪ੍ਰਤੀਸ਼ਤ ਟੀਚਾ ਪੂਰਾ ਕੀਤਾ: ਬ੍ਰਹਮ ਮਹਿੰਦਰਾ

ਪੰਜਾਬ ਨੇ ਖੂਨਦਾਨ ਦਾ 124 ਪ੍ਰਤੀਸ਼ਤ ਟੀਚਾ ਪੂਰਾ ਕੀਤਾ: ਬ੍ਰਹਮ ਮਹਿੰਦਰਾ

ਪੰਜਾਬ ਨੇ ਖੂਨਦਾਨ ਦਾ 124 ਪ੍ਰਤੀਸ਼ਤ ਟੀਚਾ ਪੂਰਾ ਕੀਤਾ: ਬ੍ਰਹਮ ਮਹਿੰਦਰਾ

ਸੂਬੇ ‘ਚ ‘ਤੰਦਰੁਸਤ ਪੰਜਾਬ ਮਿਸ਼ਨ’ ਅਧੀਨ ਲਗਾਏ ਜਾ ਰਹੇ ਹਨ ਖੂਨਦਾਨ ਕੈਂਪ
ਚੰਡੀਗੜ੍ਹ – ਅੱਜ ‘ਵਿਸ਼ਵ ਖੂਨਦਾਤਾ ਦਿਵਸ’ ਦੇ ਮੌਕੇ ‘ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਰਾਜ ਨੇ ਖ਼ੂਨਦਾਨ ਕਰਨ ਦਾ 124 ਪ੍ਰਤੀਸ਼ਤ ਟੀਚਾ ਪੂਰਾ ਕੀਤਾ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਧੀਨ ਚੱਲ ਰਹੀ ਪੰਜਾਬ ਸਟੇਟ ਬਲੱਡ ਟਰਾਂਸਫਿਉਜ਼ਨ ਕਾਉਸਲ ਵੱਲੋਂ ਪੰਜਾਬ ਵਿੱਚ 1 ਲੱਖ 80 ਹਜ਼ਾਰ ਯੂਨਿਟ ਇਕੱਠਾ ਕਰਨ ਦਾ ਟੀਚਾ ਸੀ, ਜਿਸ ਦੇ ਬਦਲੇ ਪੰਜਾਬ ਦੀਆਂ ਸਰਕਾਰੀ ਬਲੱਡ ਬੈਂਕਾਂ ਵਿੱਚ 2 ਲੱਖ 24 ਹਜ਼ਾਰ 158 ਯੂਨਿਟ ਖ਼ੂਨ ਇਕੱਠਾ ਕੀਤਾ ਹੈ ਜੋ ਮਿਥੇ ਟੀਚੇ ਤੋਂ 24 ਪ੍ਰਤੀਸ਼ਤ ਜਿਆਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਖ਼ੂਨਦਾਤਾ ਦਿਵਸ ਨੂੰ “ਖ਼ੂਨ ਦਿਓ, ਜੀਵਨ ਸਾਂਝਾ ਕਰੋ” ਵਿਸ਼ੇ ਹੇਠ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸੂਬੇ ਵਿਚ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਸ਼ੁਰੂ ਕੀਤੇ ਗਏ ‘ਤੰਦਰੁਸਤ ਪੰਜਾਬ ਮਿਸ਼ਨ’ ਅਧੀਨ ਵਿਚ ਪੂਰੇ ਸੂਬੇ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਖੂਨਦਾਨ ਕੈਪਾਂ ਵਿੱਚ ਨੋਜੁਆਨ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਖੂਨਦਾਨ ਕਰਨ ਵਿਚ ਵਿਸ਼ੇਸ਼ ਦਿਲਚਸਪੀ ਵੀ ਦਿਖਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਖ਼ੂਨ ਦੀ ਉਪਲਬੱਧਤਾ, ਜਾਣਕਾਰੀ, ਰਜਿਸਟਰੇਸ਼ਨ ਅਤੇ ਸਵੈ-ਇਛੁੱਕ ਖ਼ੂਨਦਾਨੀਆਂ, ਨਜ਼ਦੀਕੀ ਬਲੱਡ ਬੈਂਕ ਲਈ ਮੋਬਾਈਲ ਤੇ ਗੂਗਲ ਪਲੇ ਸਟੋਰ ਤੋਂ ਈ-ਰਕਤਕੋਸ਼ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਖੁਨਦਾਤਾ ਵਲੋਂ ਦਾਨ ਕੀਤਾ ਹੋਏ ਇਕ ਯੂਨਿਟ ਖੂਨ ਦੁਆਰਾ ਚਾਰ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿਚ ਕੁਲ 112 ਲਾਇਸੈਂਸਡ ਬਲੱਡ ਬੈਕ ਹਨ, ਜਿਨ੍ਹਾਂ ਵਿਚੋਂ 45 ਸਰਕਾਰੀ ਹਸਪਤਾਲਾਂ, 5 ਮਿਲਟਰੀ ਹਸਪਤਾਲਾਂ ਅਤੇ 62 ਪ੍ਰਾਇਵੇਟ ਹਸਪਤਾਲਾਂ ਵਿੱਚ ਸਥਿਤ ਹਨ ਅਤੇ ਇਨ੍ਹਾਂ ਬਲੱਡ ਬੈਕਾਂ ਦੁਆਰਾ ਹੀ ਕੈਂਸਰ ਦੇ ਮਰੀਜ਼, ਹੀਮੋਫਿਲੀਆ ਤੇ ਥੈਲੇਸੀਮੀਆਂ ਦੇ ਮਰੀਜ਼ਾਂ ਅਤੇ ਅਨੀਮੀਆ ਦੇ ਮਰੀਜ਼ਾਂ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਆਪਣੀ ਇੱਛਾ ਅਨੁਸਾਰ, ਬਿਨ੍ਹਾਂ ਕਿਸੇ ਲਾਭ ਤੋਂ ਦਾਨ ਕੀਤਾ ਖ਼ੂਨ ਹੀ ਸੁਰੱਖਿਅਤ ਖੂਨ ਦਾ ਸਰੋਤ ਹੈ। ਖੂਨਦਾਨ ਕਰਨ ਵਾਸਤੇ ਖ਼ੂਨਦਾਨੀ ਦੀ ਉਮਰ 18 ਸਾਲ ਤੋਂ 65 ਸਾਲ, ਵਜਨ 45 ਕਿਲੋ ਜਾਂ ਉਸ ਤੋਂ ਵੱਧ, ਨਬਜ਼ 60 ਤੋਂ 100 ਬੀਟਸ ਪ੍ਰਤੀ ਮਿੰਟ, ਬਲੱਡ ਪਰੈਸ਼ਰ ਉਪਰ ਵੱਲ 100 ਤੋਂ 160 ਅਤੇ ਨੀਚੇ ਵੱਲ 60 ਤੋਂ 90, ਹੀਮੋਗਲੋਬਿਨ ਘੱਟੋ-ਘੱਟ 12.5 ਗਰਾਮ, ਤਾਪਮਾਨ 37.5 ਸੈ. ਤੋਂ ਵੱਧ ਨਹੀਂ ਹੋਣਾ ਚਾਹੀਦਾ। ਖ਼ੂਨਦਾਨ ਕਰਨ ਤੋਂ ਪਹਿਲਾਂ ਬਲੱਡ ਪਰੈਸ਼ਰ, ਹੀਮੋਗਲੋਬਿਨ, ਨਬਜ਼, ਤਾਪਮਾਨ, ਖੂਨਦਾਨ ਕਰਨ ਵਾਲੇ ਸਥਾਨ ‘ਤੇ ਵੀ ਚੈਕ ਕੀਤਾ ਜਾਂਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਮਾਜ ਦੀ ਸੇਵਾ, ਦੂਸਰਿਆਂ ਦੀ ਭਲਾਈ, ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਲਈ ਖ਼ੂਨਦਾਨ ਕਰਨਾ ਚਾਹੀਦਾ ਹੈ। ਇੱਕ ਸਮੇਂ ਤੇ 450 ਮਿ.ਲੀ. ਖੂਨਦਾਨ ਕੀਤਾ ਜਾ ਸਕਦਾ ਹੈ। ਇਹ ਤੁਹਾਡੇ ਸਰੀਰ ਵਿਚ ਮੌਜੂਦ ਲੱਗਭਗ 5 ਲੀਟਰ ਖੂਨ ਦਾ ਸਿਰਫ਼ 7 ਪ੍ਰਤੀਸ਼ਤ ਹੁੰਦਾ ਹੈ। ਜਿਸ ਨਾਲ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ। ਤੁਹਾਡਾ ਸਰੀਰ ਇਸ ਖੂਨ ਦੀ ਮਾਤਰਾ ਨੂੰ 24 ਘੰਟੇ ਤੋਂ 7 ਦਿਨਾਂ ਦੇ ਅੰਦਰ -ਅੰਦਰ ਕੁਦਰਤੀ ਰੂਪ ਨਾਲ ਪੂਰਾ ਕਰ ਦਿੰਦਾ ਹੈ।ਖ਼ੂਨਦਾਨ ਤਿੰਨ ਮਹੀਨੇ ਵਿੱਚ ਇੱਕ ਵਾਰ ਜਾਂ ਦੂਸਰੇ ਸ਼ਬਦਾਂ ਵਿੱਚ ਸਾਲ ਵਿੱਚ ਚਾਰ ਵਾਰ ਖੂਨ ਦਾਨ ਕੀਤਾ ਜਾ ਸਕਦਾ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖ਼ੂਨਦਾਨ ਹਮੇਸ਼ਾ ਲਾਇਸੈਂਸਸ਼ੁਦਾ ਬਲੱਡ ਬੈਂਕ ਜਾਂ ਸਵੈ-ਇੱਛਕ ਖ਼ੂਨਦਾਨ ਕੈਂਪ ਵਿੱਚ ਜਾ ਕੇ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਇਹ ਖੂਨ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ ਜਿਸ ਨਾਲ ਕਿਸੇ ਤਰ੍ਹਾਂ ਦਾ ਸੰਕਰਮਣ ਰੋਗ ਨਹੀਂ ਹੋ ਸਕਦਾ ਅਤੇ ਇਹ ਐਚ.ਆਈ.ਵੀ , ਹੇਪਾਟਾਈਟਸ-ਬੀ ਅਤੇ ਸੀ, ਸਿਫਲਿਸ ਅਤੇ ਮਲੇਰੀਆ ਦੇ ਕੀਟਾਣੂਆਂ ਆਦਿ ਤੋ ਮੁਕਤ ਅਤੇ ਸੁਰੱਖਿਅਤ ਹੁੰਦੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਵਿਸ਼ਵ ਖ਼ੂਨਦਾਤਾ ਦਿਵਸ ਦੇ ਮੌਕੇ ‘ਤੇ ਸਾਰੇ ਖ਼ੂਨਦਾਨੀਆਂ ਅਤੇ ਖ਼ੂਨਦਾਨ ਕੈਂਪ ਲਗਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਸਮਾਜ ਭਲਾਈ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਬਲੱਡ ਬੈਂਕਾਂ ਦੀ ਲੋੜ ਅਨੁਸਾਰ ਖ਼ੂਨਦਾਨ ਕਰਨ ਅਤੇ ਖ਼ੂਨਦਾਨ ਕੈਂਪ ਲਗਾਉਣ ਲਈ ਅਪੀਲ ਕੀਤੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …