Home / Punjabi News / ਦਿੱਲੀ ਪੁਲੀਸ ਵੱਲੋਂ ਚੁੱਕੇ ਮੋਗਾ ਜ਼ਿਲ੍ਹੇ ਦੇ 12 ਨੌਜਵਾਨਾਂ ਦੀ ਨਹੀਂ ਲੱਗੀ ਉੱਘ ਸੁੱਘ

ਦਿੱਲੀ ਪੁਲੀਸ ਵੱਲੋਂ ਚੁੱਕੇ ਮੋਗਾ ਜ਼ਿਲ੍ਹੇ ਦੇ 12 ਨੌਜਵਾਨਾਂ ਦੀ ਨਹੀਂ ਲੱਗੀ ਉੱਘ ਸੁੱਘ

ਦਿੱਲੀ ਪੁਲੀਸ ਵੱਲੋਂ ਚੁੱਕੇ ਮੋਗਾ ਜ਼ਿਲ੍ਹੇ ਦੇ 12 ਨੌਜਵਾਨਾਂ ਦੀ ਨਹੀਂ ਲੱਗੀ ਉੱਘ ਸੁੱਘ

ਮੋਗਾ, 29 ਜਨਵਰੀ

ਟਰੈਕਟਰ ਪਰੇਡ ਹਿੰਸਾ ਵਾਲੇ ਦਿਨ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਇਥੋਂ ਨੇੜਲੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਬਾਰੇ ਦਿੱਲੀ ਪੁਲੀਸ ਵੱਲੋਂ ਕੋਈ ਜਾਣਕਾਰੀ ਨਾ ਦੇਣ ਤੋਂ ਨੌਜਵਾਨਾਂ ਦੇ ਪਰਿਵਾਰ ਚਿੰਤਾ ਵਿੱਚ ਹਨ ਅਤੇ ਪਿੰਡ ਵਿੱਚ ਸਹਿਮ ਹੈ। ਇਥੇ ਅਕਾਲੀ ਆਗੂ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਨਾਹਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 23 ਜਨਵਰੀ ਪਿੰਡ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਨਵਦੀਪ ਸਿੰਘ ਬਲਵੀਰ ਸਿੰਘ, ਭਾਗ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੰਤ ਸਿੰਘ ਟਰੈਕਟਰ ਲੈ ਕੇ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਏ। ਨੌਜਵਾਨਾਂ ਦਾ ਕਿਸੇ ਦੇਸ਼ ਵਿਰੋਧੀ ਪਾਰਟੀ ਜਾਂ ਕਿਸੇ ਹੋਰ ਭੜਕਾਊ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਨੌਜਵਾਨ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ ਹੀ ਦਿੱਲੀ ਗਏ ਸਨ।

ਨੌਜਵਾਨਾਂ ਬਾਰੇ ਜਾਣਕਾਰੀ ਦਿੰਦੇ ਅਕਾਲੀ ਆਗੂ ਮੁਖਤਿਆਰ ਸਿੰਘ ਤੇ ਹੋਰ

ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕਰਦੇ ਕਿਹਾ ਕਿ ਨੌਜਵਾਨਾਂ ਬਾਰੇ ਦਿੱਲੀ ਪੁਲੀਸ ਵੱਲੋਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ, ਪਰਿਵਾਰਕ ਮੈਂਬਰ ਚਿੰਤਾ ਵਿਚ ਡੁੱਬੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਹਿੰਸਾਂ ਦੀਆਂ ਘਟਨਾਵਾਂ ਬਾਅਦ ਨੌਜਵਾਨਾਂ ਨੇ ਫੋਨ ਉੱਤੇ ਆਪਣੇ ਪਰਿਵਾਰਾਂ ਨੂੰ ਦੱਸ ਦਿਤਾ ਸੀ ਕਿ ਉਨ੍ਹਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਨੌਜਵਾਨਾ ਦਾ ਦਿੱਲੀ ਵਿਖੇ ਹਿੰਸਾਂ ਜਾਂ ਲਾਲ ਕਿਲ੍ਹੇ ਦੀ ਘਟਨਾ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਆਮ ਕਿਸਾਨ ਪਰਿਵਾਰਾਂ ਦੇ ਹਨ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਭਾਲ ਕਰ ਕੇ ਪਰਿਵਾਰ ਨੂੰ ਸੂਚਿਤ ਕਰਕੇ ਰਿਹਾਈ ਕਰਵਾਉਣ।

ਇਸ ਮੌਕੇ ਅਪਾਹਜ਼ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਭਾਗ ਸਿੰਘ ਦਿੱਲੀ ਕਿਸਾਨ ਪਰੇਡ ਵਿੱਚ ਗਿਆ ਸੀ। ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ। ਉਹ ਅਪਾਹਜ ਹੈ ਤੇ ਉਸ ਦੇ ਨਿੱਕੇ ਬੱਚੇ ਹਨ। ਇਸ ਤਰ੍ਹਾਂ ਔਰਤ ਸੁਖਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਫ਼ੌਜ ਵਿੱਚ ਹੈ ਅਤੇ ਦੂਜਾ ਲੜਕਾ ਦਿੱਲੀ ਗਿਆ ਸੀ। ਉਸ ਦਾ ਕੁਝ ਪਤਾ ਨਹੀਂ ਚੱਲ ਰਿਹਾ। ਹੋਰ ਵੀ ਪਰਿਵਾਰਾਂ ਨੇ ਦਿੱਲੀ ਗਏ ਆਪਣੇ ਪੁੱਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਰਿਹਾਈ ਦੀ ਮੰਗ ਕੀਤੀ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …