Home / World / ਡੇਰਾ ਸਿਰਸਾ ਦੀ ਹਿਮਾਇਤ ਲੈ ਕੇ ਕਸੂਤਾ ਫਸਿਆ ਅਕਾਲੀ ਦਲ, ਗਰਮਖਿਆਲੀ ਜਥੇਬੰਦੀਆਂ ਨਾਲ ਵਧਿਆ ਤਣਾਅ

ਡੇਰਾ ਸਿਰਸਾ ਦੀ ਹਿਮਾਇਤ ਲੈ ਕੇ ਕਸੂਤਾ ਫਸਿਆ ਅਕਾਲੀ ਦਲ, ਗਰਮਖਿਆਲੀ ਜਥੇਬੰਦੀਆਂ ਨਾਲ ਵਧਿਆ ਤਣਾਅ

ਡੇਰਾ ਸਿਰਸਾ ਦੀ ਹਿਮਾਇਤ ਲੈ ਕੇ ਕਸੂਤਾ ਫਸਿਆ ਅਕਾਲੀ ਦਲ, ਗਰਮਖਿਆਲੀ ਜਥੇਬੰਦੀਆਂ ਨਾਲ ਵਧਿਆ ਤਣਾਅ

1ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ  : ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹਮਾਇਤ ‘ਤੇ ਮਾਲਵਾ ਇਲਾਕੇ ਦੇ ਅਕਾਲੀ ਉਮੀਦਵਾਰਾਂ ਵੱਲੋਂ ਡੇਰੇ ਦੇ ਸਮਾਗਮ ਪੰਜਾਬ ‘ਚ ਕਰਵਾਉਣ ਦੇ ਕੀਤੇ ਗਏ ਵਾਅਦੇ ਤੋਂ ਬਾਅਦ ਬਾਦਲ ਦਲ ਤੇ ਗਰਮਖਿਆਲੀ ਸਿੱਖ ਜਥੇਬੰਦੀਆਂ ਵਿਚਕਾਰ ਤਣਾਅ ਵਧ ਗਿਆ ਹੈ । ਗਰਮਖਿਆਲੀ ਧਿਰਾਂ ਤੇ ਬਾਦਲ ਦਲ ਵਿਚਾਲੇ ਤਿੱਖੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਹਿਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ । ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਕਦਮ ਹੁਣ ਪੰਥਕ ਰੋਹ ਨੂੰ ਠੰਡਾ ਕਰਨ ਤੇ 26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਹੈ।
ਉਧਰ ਅਕਾਲੀ ਦਲ ‘ਤੇ ਕੌਮ ਨਾਲ ਕੋਝਾ ਮਜ਼ਾਕ ਕਰਨ ਦਾ ਦੋਸ਼ ਲਾÀੁਂਦਿਆਂ ਦਲ ਖ਼ਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਦੇ ਆਗੂ ਆਪਣੇ ਹੀ ਉੱਚ ਆਗੂਆਂ ਦੇ ਗੈਰ-ਸਿਧਾਂਤਕ ਕਾਰਨਾਮਿਆਂ ਦੀ ਜਾਂਚ ਕਰਨਗੇ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਪ੍ਰੋ. ਬਡੂੰਗਰ ਦਾ ਇਹ ਫੈਸਲਾ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਥਾਣੇਦਾਰ ਨੂੰ ਕਿਹਾ ਜਾਵੇ ਕਿ ਉਹ ਏ. ਡੀ. ਜੀ. ਪੀ. ਦੇ ਖਿਲਾਫ ਜਾਂਚ ਕਰੇ ।
ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਚ ਨੂੰ ਅੱਖਾਂ ‘ਚ ਘੱਟਾ ਪਾਉਣ ਬਰਾਬਰ ਦੱਸਦਿਆਂ ਕਿਹਾ ਕਿ ਇਸ ਮਸਲੇ ‘ਚ ਜਾਂਚ ਕਰਨ ਲਈ ਬਚਿਆ ਹੀ ਕੀ ਹੈ, ਸਭ ਕੁਝ ਤਾਂ ਚਿੱਟੇ ਦਿਨ ਵਾਂਗ ਸਾਫ ਦਿਸ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਡੇਰੇ ਨੇ ਅਕਾਲੀ ਆਗੂਆਂ ਦੀ ਹਾਜ਼ਰੀ ‘ਚ ਆਪਣੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਜਿਸ ਦੇ ਇਵਜ਼ ‘ਚ ਅਕਾਲੀਆਂ ਨੇ ਪੰਜਾਬ ਅੰਦਰ ਡੇਰੇ ਦੇ ਸਮਾਗਮ ਕਰਾਉਣ ਦਾ ਵਾਅਦਾ ਕੀਤਾ ਸੀ, ਜੋ ਸਾਫ-ਸਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20 ਮਈ 2007 ਤੋਂ ਜਾਰੀ ਹੋਏ ਹੁਕਮਨਾਮਿਆਂ ਦੀ ਸਿੱਧੀ ਉਲੰਘਣਾ ਹੈ ।
ਉਨ੍ਹਾਂ ਹੇਠਲੇ ਪੱਧਰ ਦੇ ਮੈਂਬਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਉੱਚ ਆਗੂਆਂ ਖਿਲਾਫ ਕੀਤੀ ਜਾਣ ਵਾਲੀ ਜਾਂਚ ਦੀ ਵਾਜ਼ਿਬਤਾ, ਪ੍ਰਮਾਣਿਕਤਾ ਤੇ ਸਾਰਥਕਤਾ ‘ਤੇ ਸਵਾਲ ਚੁੱਕਿਆ । ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੇ ਸਾਰੇ ਮੈਂਬਰ ਬਾਦਲਾਂ ਦੀ ਮਰਜ਼ੀ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਚੁਣੇ ਗਏ ਹਨ, ਇਸ ਲਈ ਉਨ੍ਹਾਂ ਤੋਂ ਨਿਰਪੱਖ ਜਾਂਚ ਤੇ ਇਨਸਾਫ ਦੀ ਉਮੀਦ ਰੱਖਣੀ ਮੂਰਖਤਾ ਹੋਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਨੂੰ ਲੰਬੇ ਸਮੇਂ ਤਕ ਲੁੱਟਣ, ਧੋਖਾ ਦੇਣ ਤੇ ਗੁੰਮਰਾਹ ਕਰਨ ਤੋਂ ਬਾਅਦ ਹੁਣ ਬਾਦਲ ਅਕਾਲੀ ਦਲ ਦਿੱਲੀ ਦੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਤਿਆਰੀ ਕਰ ਰਿਹਾ ਹੈ, ਤਾਂ ਕਿ ਮਨਜੀਤ ਸਿੰਘ ਜੀ. ਕੇ. ਅਤੇ ਮਨਜਿੰਦਰ ਸਿੰਘ ਸਿਰਸੇ ਵਰਗੇ ਆਪਣੇ ਹੱਥਠੋਕਿਆਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਆਪਣੀ ਜਕੜ ਨੂੰ ਮਜ਼ਬੂਤ ਕਰ ਸਕੇ । ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਹੀ ਹੁਣ ਜੀ. ਕੇ. ਉਨ੍ਹਾਂ ਅਕਾਲੀਆਂ ਖਿਲਾਫ ਰੌਲਾ ਪਾ ਰਹੇ ਹਨ, ਜੋ ਡੇਰਾ ਸਿਰਸਾ ਦੀਆਂ ਵੋਟਾਂ ਮੰਗਣ ਗਏ ਸਨ । ਉਨ੍ਹਾਂ ਕਿਹਾ ਕਿ ਸਿੱਖ ਵੋਟਰ 4 ਫਰਵਰੀ ਨੂੰ ਹੋਈਆਂ ਚੋਣਾਂ ‘ਚ ਬਾਦਲਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿੱਖ-ਵਿਰੋਧੀ ਅਨਸਰਾਂ ਨਾਲ ਪਾਈ ਗਲਵੱਕੜੀ ਵਿਰੁੱਧ ਆਪਣਾ ਫਤਵਾ ਦੇ ਚੁੱਕੇ ਹਨ, ਜੋ 11 ਮਾਰਚ ਨੂੰ ਜਗ ਜ਼ਾਹਿਰ ਹੋਵੇਗਾ ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …