Home / Punjabi News / ਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ

ਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ

ਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ

ਗਲਾਸਗੋ, 3 ਨਵੰਬਰ

ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਇੱਥੇ ਸੰਯੁਕਤ ਰਾਸ਼ਟਰ ਸੀਓਪੀ26 ਸਿਖ਼ਰ ਸੰਮੇਲਨ ਵਿਚ ਅਹਿਦ ਕੀਤਾ ਕਿ ਬਰਤਾਨੀਆ ਕਾਰਬਨ ਨਿਕਾਸੀ ਸਿਫ਼ਰ ਕਰਨ ਲਈ 100 ਮਿਲੀਅਨ ਪਾਊਂਡ (136.19 ਮਿਲੀਅਨ ਡਾਲਰ) ਖ਼ਰਚ ਕਰੇਗਾ। ਇਸ ਫੰਡ ਰਾਹੀਂ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕੀਤੀ ਜਾਵੇਗੀ। ਲੰਡਨ ਨਵੇਂ ਕੈਪੀਟਲ ਮਾਰਕੀਟ ਢਾਂਚੇ ਰਾਹੀਂ ਗਰੀਨ ਬਾਂਡ ਜਾਰੀ ਕਰਨ ਵਿਚ ਵੀ ਮਦਦ ਕਰੇਗਾ। ਸੂਨਕ ਨੇ ਕਿਹਾ ਕਿ ਛੇ ਸਾਲ ਪਹਿਲਾਂ ਪੈਰਿਸ ਵਿਚ ਜਿਹੜਾ ਟੀਚਾ ਤੈਅ ਕੀਤਾ ਗਿਆ ਸੀ, ਗਲਾਸਗੋ ਵਿਚ ਉਸ ਦੀ ਪੂਰਤੀ ਵੱਲ ਅਸੀਂ ਵਧ ਰਹੇ ਹਾਂ। ਇਸੇ ਦੌਰਾਨ ਕੈਨੇਡਾ ਨੇ ਵੀ ਇਕ ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ ‘ਨੈਸ਼ਨਲ ਅਡੈਪਟੇਸ਼ਨ ਪਲਾਨ’ ਰਾਹੀਂ ਆਲਮੀ ਨੈੱਟਵਰਕ ਵਿਚ ਵੰਡਿਆ ਜਾਵੇਗਾ। ਇਸ ਬਾਰੇ ਐਲਾਨ ਸੀਓਪੀ26 ਵਿਚ ਕੈਨੇਡਾ ਦੇ ਵਾਤਾਵਰਨ ਮੰਤਰੀ ਸਟੀਵਨ ਗਿਲਬਿਲਟ ਨੇ ਕੀਤਾ। ਦੋ ਦਿਨ ਚੱਲੇ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਤਨ ਪਰਤ ਆਏ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਉੱਥੇ ਕਾਰਬਨ ਨਿਕਾਸੀ ਘਟਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਜ਼ਾਹਿਰ ਕੀਤਾ ਹੈ ਤੇ ਹੋਰ ਵੀ ਵਾਅਦੇ ਕੀਤੇ ਹਨ। ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਸਕੌਟਿਸ਼ ਲੋਕਾਂ ਦਾ ਮੇਜ਼ਬਾਨੀ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਸਣੇ ਦਰਜਨ ਤੋਂ ਵੱਧ ਮੁਲਕਾਂ ਨੇ ਮੰਗਲਵਾਰ ਅਹਿਦ ਕੀਤਾ ਸੀ ਕਿ ਪਾਣੀਆਂ ਦੀ ਰਾਖੀ ਲਈ ਯਤਨ ਤੇਜ਼ ਕੀਤੇ ਜਾਣਗੇ ਪਰ ਕੌਮਾਂਤਰੀ ਐਨਜੀਓ ਗ੍ਰੀਨਪੀਸ ਸਣੇ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਐਲਾਨ ‘ਕਮਜ਼ੋਰ’ ਜਾਪਦਾ ਹੈ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਸਮੁੰਦਰ ਤਬਾਹ ਕੀਤੇ ਜਾ ਰਹੇ ਹਨ, ਇਸ ਵਾਅਦੇ ਵਿਚ ਕੋਈ ਜ਼ਿਆਦਾ ਮਜ਼ਬੂਤੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਅਜਿਹੇ ਸੁਰੱਖਿਅਤ ਸਮੁੰਦਰੀ ਖੇਤਰਾਂ ਦੀ ਲੋੜ ਹੈ ਜਿੱਥੇ ਵਪਾਰਕ ਗਤੀਵਿਧੀਆਂ ਬਿਲਕੁਲ ਨਾ ਹੋਣ, ਕੁਦਰਤ ਤੇ ਮੱਛੀਆਂ ਨੂੰ ਮੁੜ ਕੁਦਰਤੀ ਤੌਰ ‘ਤੇ ਵਧਣ-ਫੁੱਲਣ ਦਾ ਮੌਕਾ ਮਿਲੇ। -ਪੀਟੀਆਈ/ਰਾਇਟਰਜ਼

ਬਾਇਡਨ ਨੇ ਸਿਖ਼ਰ ਸੰਮੇਲਨਾਂ ‘ਚ ਚੀਨ ਨੂੰ ਘੇਰਨ ਦਾ ਯਤਨ ਕੀਤਾ

ਪੰਜ ਦਿਨ ਚੱਲੇ ਦੋ ਸਿਖ਼ਰ ਸੰਮੇਲਨਾਂ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਜਲਵਾਯੂ ਤਬਦੀਲੀ ਦੇ ਮੁੱਦੇ ‘ਤੇ ਖੁੱਲ੍ਹ ਕੇ ਚੀਨ ਦਾ ਟਾਕਰਾ ਕੀਤਾ। ਉਨ੍ਹਾਂ ਕੌਮਾਂਤਰੀ ਮੰਚ ‘ਤੇ ਚੀਨ ਵੱਲੋਂ ਅਗਵਾਈ ਲਈ ਅੱਗੇ ਨਾ ਆਉਣ ਦਾ ਮੁੱਦਾ ਵੀ ਉਭਾਰਿਆ। ਜ਼ਿਕਰਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗਲਾਸਗੋ ਸੰਮੇਲਨ ਵਿਚ ਵਿਅਕਤੀਗਤ ਤੌਰ ‘ਤੇ ਹਿੱਸਾ ਨਹੀਂ ਲਿਆ ਤੇ ਉਨ੍ਹਾਂ ਦਾ ਬਿਆਨ ਹੀ ਉੱਥੇ ਪੜ੍ਹਿਆ ਗਿਆ ਸੀ। ਇਸ ਤੋਂ ਪਹਿਲਾਂ ਜਿਨਪਿੰਗ ਨੇ ਰੋਮ ਵਿਚ ਹੋਏ ਜੀ20 ਸੰਮੇਲਨ ਵਿਚ ਵੀ ਹਿੱਸਾ ਨਹੀਂ ਲਿਆ ਸੀ। ਅਮਰੀਕਾ ਨੇ ਚੀਨ ਦੇ ਗ਼ੈਰਹਾਜ਼ਰ ਰਹਿਣ ‘ਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਦੀ ਚੀਨ ਦੀ ਵਚਨਬੱਧਤਾ ਉਤੇ ਵੀ ਸਵਾਲ ਖੜ੍ਹੇ ਕੀਤੇ। ਚੀਨ ਇਸ ਵੇਲੇ ਸੰਸਾਰ ਵਿਚ ਸਭ ਤੋਂ ਵੱਧ ਜ਼ਹਿਰੀਲੀਆਂ ਗੈਸਾਂ ਪੈਦਾ ਕਰ ਰਿਹਾ ਹੈ। ਉਨ੍ਹਾਂ 2030 ਤੱਕ ਇਨ੍ਹਾਂ ਨੂੰ ਘਟਾਉਣ ਦਾ ਵਾਅਦਾ ਕੀਤਾ ਹੈ। -ਏਪੀ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …