Home / Punjabi News / ਘੱਲੂਘਾਰੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਗਰਮਾਇਆ ਮਾਹੌਲ

ਘੱਲੂਘਾਰੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਗਰਮਾਇਆ ਮਾਹੌਲ

ਘੱਲੂਘਾਰੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਗਰਮਾਇਆ ਮਾਹੌਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਨਮਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਸਤਿੰਦਰਜੀਤ ਸਿੰਘ ਵਲੋਂ ਇਲਾਹੀ ਬਾਣੀ ਦੇ ਕੀਰਤਨ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਲਾਈਨਾ ਦੇ ਸੰਦੇਸ਼ ‘ਚ ਸਿਰਫ ਇਹੋ ਕਿਹਾ ਕਿ ਸਿੱਖ ਨੌਜਵਾਨ ਵਿਦੇਸ਼ਾਂ ‘ਚ ਜਾਣ ਦੀ ਬਜਾਏ ਪੜ੍ਹ ਲਿਖ ਕੇ ਆਫਸਰ ਬਨਣ। ਇਸ ਵਾਰ ਲਿਖਤੀ ਰੂਪ ‘ਚ ਸੰਦੇਸ਼ ਦੇਣ ਦੀ ਬਿਜਾਏ ਉਸ ਦੀ ਜਗ੍ਹਾ ਪ੍ਰੈਸ ਨੋਟ ਦਿੱਤਾ ਗਿਆ। ਇਸ ਉਪਰੰਤ ਅੰਮ੍ਰਿਤਸਰ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਜਥੇਬੰਦੀਆਂ ਵਲੋਂ ਖਾਲਿਸਤਾਨ ਦੀ ਮੰਗ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾਣ ਲੱਗੇ। ਉਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਉੱਚੀ ਆਵਾਜ਼ ਵਿੱਚ ਕੀਰਤਨ ਲਗਾ ਦਿੱਤਾ ਗਿਆ, ਜਿਸ ਕਾਰਨ ਨਾਅਰਿਆਂ ਦੀ ਆਵਾਜ਼ ਵਿੱਚ ਦੱਬ ਕੇ ਰਹਿ ਗਈ। ਪਹਿਲਾਂ ਤੋਂ ਹੀ ਬਣਾਈ ਵਿਊਂਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੋ ਫਸੀਲ ਦੇ ਥੱਲੇ ਬੈਠੇ ਸਨ ਨੂੰ ਸੰਦੇਸ਼ ਨਹੀਂ ਪੜ੍ਹਨ ਦਿੱਤਾ ਗਿਆ। ਜਦ ਭਾਈ ਮੰਡ ਸੰਦੇਸ਼ ਪੜ੍ਹਨ ਲਈ ਉੱਠੇ ਤਾਂ ਉਸੇ ਸਮੇਂ ਸਿਵਲ ਵਰਦੀ ‘ਚ ਬੈਠੇ ਪੁਲਸ ਅਫਸਰਾਂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਆਦਰ ਸਹਿਤ ਬਾਹਰ ਤੱਕ ਪਹੁੰਚਾਇਆ। ਜਿਸ ‘ਤੇ ਕੁਝ ਮਾਹੌਲ ਗਰਮ ਗਿਆ ਤੇ ਕੁਝ ਵਿਅਕਤੀਆਂ ਨੇ ਸਕਿਓਰਿਟੀ ਪੱਖੋਂ ਲੱਗੇ ਜੰਗਲੇ ਉਖਾੜ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਰਸਮੀ ਤੌਰ ਤੇ ਹੋਈ ਪ੍ਰੈਸ ਕਾਨਫਰੰਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦਿਹਾੜੇ ਮੌਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਅਤੇ ਕੌਮੀ ਮੁੱਦਿਆਂ ਨਾਲ ਸਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪ੍ਰੰਪਰਾ ਨੂੰ ਮਜ਼ਬੂਤ ਕਰਨ ਜੋ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹੱਦਾਂ ਦੀ ਉਲੰਘਣਾ ਨਾ ਕਰਨ ਅਜਿਹੀਆਂ ਤਾਕਤਾਂ ਨੂੰ ਸਿੱਖ ਕੌਮ ਨੂੰ ਹੱਦਾਂ ਉੱਤੇ ਰੋਕਣਾ ਵੀ ਆਉਂਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਲੋਕ ਹੁੱਲੜਬਾਜ਼ੀ ਕਰਦੇ ਨੇ ਅਸੀਂ ਉਨ੍ਹਾਂ ਦਾ ਸਖਤ ਸ਼ਬਦਾਂ ‘ਚ ਵਿਰੋਧ ਕਰਦੇ ਹਾਂ। ਉਨ੍ਹਾਂ ਨੂੰ ਗੁਰੂ ਘਰ ਦੀ ਮਾਣ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ। ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨਾ ਕੁਝ ਜਥੇਬੰਦੀਆਂ ਦਾ ਆਪਣਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਘੱਲੂਘਾਰੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਲੁੱਟੇ ਗਏ ਖਜ਼ਾਨੇ ਬਾਰੇ ਪਿਛਲੇ ਸਮੇਂ ਰਹਿ ਚੁੱਕੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਸਮੇਂ ਹੋਏ ਨੁਕਸਾਨ ਦਾ ਇਕ ਹਜ਼ਾਰ ਕਰੌੜ ਰੁਪਏ ਦਾ ਮੁਆਵਜ਼ੇ ਦਾ ਕੇਸ ਹਾਲੇ ਚੱਲ ਰਿਹਾ ਹੈ, ਉਸ ‘ਤੇ ਅਦਾਲਤ ਦੀ ਸੁਣਵਾਈ ਹੋਣੀ ਹੈ।
ਪ੍ਰੈੱਸ ਨਾਲ ਗੱਲਬਾਤ ਦੌਰਾਨ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਸਾਰੂ ਅਲੋਚਨਾ ਦੇ ਸੁਝਾਅ ਸਾਨੂੰ ਸਾਰਿਆਂ ਨੂੰ ਵਿਚਾਰਨੇ ਚਾਹੀਦੇ ਨੇ, ਪਰ ਅੰਨੀ ਵਿਰੋਧਤਾ, ਨਫਰਤ ਤੇ ਗੁੱਟਬੰਦੀ ਨੂੰ ਤਿਆਗ ਕੇ ਆਪਸੀ ਪਿਆਰ, ਏਕਤਾ ਤੇ ਦਲੀਲ ਪੂਰਵਕ ਰਾਹ ਤਿਆਰ ਕਰਕੇ ਖਾਲਸਾ ਪੰਥ ਦੇ ਅਧੂਰੇ ਸੰਘਰਸ਼ ਦੀ ਜਿੱਤ ਲਈ ਕਮਰਕੱਸੇ ਕਰਨੇ ਚਾਹੀਦੇ ਨੇ। ਉਨ੍ਹਾਂ ਬਰਗਾੜੀ ਅਤੇ ਵੱਖ-ਵੱਖ ਅਸਥਾਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਮੰਗ ਕੀਤੀ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਘੱਲੂਘਾਰੇ ਸਬੰਧੀ ਸਾਰੀਆਂ ਪਰਤਾਂ ਖੁੱਲ੍ਹਣੀਆਂ ਚਾਹੀਦੀਆਂ ਹਨ। ਜਿਵੇਂ ਇੰਦਰਾਗਾਂਧੀ ਨੇ ਕਿਹਾ ਸੀ ਕਿ ਉਸ ਨੇ ਜੂਨ 84 ਦੇ ਮਈ ਦੇ ਅਖੀਰਲੇ ਹਫਤੇ ਮਾਰਗਰੇਟ ਥੈਚਰ ਨੂੰ ਚਿੱਠੀ ਲਿਖੀ। ਇੰਗਲੈਂਡ ਦੀ ਸਰਕਾਰ ਨੇ ਇਸ ਦੇ ਰਾਜ ਖੋਹਲੇ। ਇਸ ਤਰ੍ਹਾਂ ਸਾਰੀਆਂ ਪਰਤਾਂ ਖੁੱਲ੍ਹਣੀਆਂ ਚਾਹੀਦੀਆਂ ਹਨ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …