Home / Punjabi News / ਕੈਪਟਨ ਵਲੋਂ ਸਮਾਂ ਨਾ ਦੇਣ ‘ਤੇ ਨੇਤਰਹੀਣਾਂ ‘ਚ ਭਾਰੀ ਰੋਸ

ਕੈਪਟਨ ਵਲੋਂ ਸਮਾਂ ਨਾ ਦੇਣ ‘ਤੇ ਨੇਤਰਹੀਣਾਂ ‘ਚ ਭਾਰੀ ਰੋਸ

ਕੈਪਟਨ ਵਲੋਂ ਸਮਾਂ ਨਾ ਦੇਣ ‘ਤੇ ਨੇਤਰਹੀਣਾਂ ‘ਚ ਭਾਰੀ ਰੋਸ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਵਾਰ ਟਾਈਮ ਦੇਣ ਦੇ ਬਾਵਜੂਦ ਮੁਲਾਕਾਤ ਨਾ ਕਰਨ ਨਾਲ ਪੰਜਾਬ ਭਰ ਦੇ ਨੇਤਰਹੀਣਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਥੇ ਭਾਰਤ ਨੇਤਰਹੀਣ ਸੇਵਕ ਸਮਾਜ ਅਤੇ ਨੈਸ਼ਨਲ ਫੈਡਰੇਸ਼ਨ ਆਫ ਬਲਾਈਂਡ (ਐੱਨ. ਐੱਫ. ਬੀ.) ਪੰਜਾਬ ਦੇ ਬਰਾਂਚ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਨੇਤਰਹੀਣਾਂ ਦੇ ਆਸ਼ਰਮ ਗਿੱਲ ਰੋਡ ਲੁਧਿਆਣਾ ‘ਚ ਪ੍ਰਧਾਨ ਜੋਗਿੰਦਰ ਸਿੰਘ ਅਤੇ ਪ੍ਰਧਾਨ ਵਿਵੇਕ ਮੋਂਗਾ ਦੀ ਪ੍ਰਧਾਨਗੀ ‘ਚ ਹੋਈ। ਮੀਟਿੰਗ ਸਬੰਧੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਕੈਪਟਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਏ ਨੇਤਰਹੀਣ 25 ਅਗਸਤ ਨੂੰ ਸਵੇਰੇ 8 ਵਜੇ ਲੁਧਿਆਣਾ ਤੋਂ ਪਟਿਆਲਾ ਤੱਕ ਰੋਸ ਮਾਰਚ ਕਰ ਕੇ ਸੀ. ਐੱਮ. ਪੰਜਾਬ ਦੇ ਮੋਤੀ ਮਹਿਲ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਨੇਤਰਹੀਣ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਮੋਤੀ ਮਹਿਲ ਪੁੱਜੇ ਸਨ, ਜਿਥੇ ਜ਼ਿਲਾ ਪ੍ਰਸ਼ਾਸਨ ਵਲੋਂ ਲਿਖਤੀ ਰੂਪ ‘ਚ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਉਲਟਾ ਐੱਨ. ਐੱਫ. ਬੀ. ਦੇ ਸੈਕਟਰੀ ਬਲਵਿੰਦਰ ਸਿੰਘ ਚਾਇਲ ਨੂੰ ਪੁਲਸ ਨੇ ਫੜ ਕੇ ਪੁਲਸ ਸਟੇਸ਼ਨ ‘ਚ ਬੰਦ ਕਰ ਦਿੱਤਾ ਸੀ। ਨੇਤਰਹੀਣਾਂ ਦੇ ਰੋਸ ਦੇ ਮੱਦੇਨਜ਼ਰ ਪੁਲਸ ਨੂੰ ਬਾਇੱਜ਼ਤ ਛੱਡਣਾ ਪਿਆ।

ਚਾਹਲ ਨੇ ਦੱਸਿਆ ਕਿ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ‘ਚ ਕੇਂਦਰ ਸਰਕਾਰ ਵਲੋਂ ਲਾਈ ਬ੍ਰੇਲ ਪ੍ਰੈੱਸ ‘ਚ ਹੋਈ ਘਪਲੇਬਾਜ਼ੀ ਦੀ ਜਾਂਚ ਕੀਤੇ ਜਾਣ ਦੀ ਮੰਗ ਸੀ. ਐੱਮ. ਪੰਜਾਬ ਨੂੰ ਕੀਤੀ ਹੈ। ਨੇਤਰਹੀਣਾਂ ਦੀ ਪੜ੍ਹਾਈ ਦੀ ਬ੍ਰੇਲ ਕਿਤਾਬਾਂ ਦੀ ਛਪਾਈ ‘ਚ ਹੁੰਦੀ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਨੇਤਰਹੀਣਾਂ ਨੂੰ ਸਮੇਂ ‘ਤੇ ਕਿਤਾਬਾਂ ਨਾ ਮਿਲਣ ਨਾਲ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 2008 ‘ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਨੇਤਰਹੀਣਾਂ ਦੇ ਜਮਾਲਪੁਰ ਵਿਚ ਚੱਲ ਰਹੇ ਇਕ ਹਾਈ ਸਕੂਲ ਨੂੰ ਅਪਗ੍ਰੇਡ ਕਰ ਕੇ 12ਵੀਂ ਤੱਕ ਕਰਨ ਦਾ ਐਲਾਨ ਕੀਤਾ ਪਰ ਅਫਸੋਸ ਅੱਜ ਤੱਕ ਇਹ ਸਕੂਲ ਅਪਗ੍ਰੇਡ ਤਾਂ ਕੀ ਹੋਣਾ ਸੀ ਸਗੋਂ ਸਕੂਲ ‘ਚ ਪੜ੍ਹਾਉਣ ਲਈ ਸਿਰਫ ਇਕ ਹੀ ਅਧਿਆਪਕ ਹੈ। ਜਿਸ ਨਾਲ ਨੇਤਰਹੀਣ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਸਕੂਲ ਨੂੰ ਜਲਦ ਅਪਗ੍ਰੇਡ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੋਤੀ ਮਹਿਲ ਦੇ ਘਿਰਾਓ ਕਰਨ ਨੂੰ ਲੈ ਕੇ ਨੇਤਰਹੀਣਾਂ ‘ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਪੰਜਾਬ ਭਰ ‘ਚੋਂ ਹੀ ਨੇਤਰਹੀਣ ਆਸ਼ਰਮ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਪ੍ਰਬੰਧਕਾਂ ਵਲੋਂ ਕੀਤਾ ਗਿਆ ਹੈ। ਇਸ ਮੀਟਿੰਗ ‘ਚ ਮਾਸਟਰ ਜਸਪਾਲ ਸਿੰਘ ਹੁਸ਼ਿਆਰਪੁਰ, ਮਾ. ਜਗਜੀਤ ਸਿੰਘ ਅੰਮ੍ਰਿਤਸਰ, ਬਾਬਾ ਸੂਬਾ ਸਿੰਘ, ਜਸਪ੍ਰੀਤ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ, ਦਲਬਾਰਾ ਸਿੰਘ ਭੱਟੀ ਆਦਿ ਸ਼ਾਮਲ ਹੋਏ।

 

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …