Home / Punjabi News / ਕੁੱਲੂ ਤ੍ਰਾਸਦੀ : ਬੱਸ ‘ਚ ਸੀਟਾਂ 42 ਪਰ ਸਵਾਰ ਸਨ 78 ਯਾਤਰੀ

ਕੁੱਲੂ ਤ੍ਰਾਸਦੀ : ਬੱਸ ‘ਚ ਸੀਟਾਂ 42 ਪਰ ਸਵਾਰ ਸਨ 78 ਯਾਤਰੀ

ਕੁੱਲੂ ਤ੍ਰਾਸਦੀ : ਬੱਸ ‘ਚ ਸੀਟਾਂ 42 ਪਰ ਸਵਾਰ ਸਨ 78 ਯਾਤਰੀ

ਮਨਾਲੀ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਵੀਰਵਾਰ ਨੂੰ ਇਕ ਬੱਸ 300 ਫੁੱਟ ਤੋਂ ਵਧ ਡੂੰਘੀ ਖੱਡ ‘ਚ ਡਿੱਗ ਗਈ। ਇਸ ਬੱਸ ਹਾਦਸੇ ਵਿਚ 44 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ। ਇਹ ਬੱਸ ਆਪਣੀ ਸਮਰੱਥਾ ਤੋਂ ਵਧ ਯਾਤਰੀ ਸਵਾਰ ਸਨ। ਇਹ ਇਕ ਪ੍ਰਾਈਵੇਟ ਬੱਸ ਸੀ ਜਿਸ ‘ਚ 42 ਸੀਟਾਂ ਸਨ ਪਰ ਉਸ ‘ਤੇ 78 ਯਾਤਰੀ ਸਵਾਰ ਸਨ। 44 ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਬੱਸ ਡਰਾਈਵਰ ਹੈ, ਜਿਸ ਨੇ ਸਮਰੱਥਾ ਤੋਂ ਵਧ ਯਾਤਰੀ ਬੱਸ ‘ਚ ਬਿਠਾਏ ਅਤੇ ਲਾਪ੍ਰਵਾਹੀ ਨਾਲ ਬੱਸ ਚਲਾਈ। ਇਹ ਬੱਸ ਹਾਦਸਾ ਬੰਜਾਰ-ਗਦਾਗੁਸ਼ੈਨੀ ਰੋਡ ‘ਤੇ ਵਾਪਰਿਆ। ਬੱਸ ਕੁੱਲੂ ਤੋਂ ਗੜ੍ਹ ਗੁਸ਼ਾਨੀ ਜਾ ਰਹੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਸਿਰਫ ਇਸ ਬੱਸ ‘ਤੇ ਸਗੋਂ ਕਿ ਕੁੱਲੂ ਦੇ ਬੰਜਾਰ ਡਿਵੀਜ਼ਨ ‘ਚ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਜ਼ਿਆਦਾਤਰ ਬੱਸਾਂ ‘ਚ ਸਮਰੱਥਾ ਤੋਂ ਵਧ ਯਾਤਰੀ ਸਵਾਰ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਓਵਰਲੋਡ ਬੱਸਾਂ ‘ਚ ਸਫਰ ਲਈ ਮਜ਼ਬੂਰ ਹੋਣਾ ਪੈਂਦਾ ਹੈ। ਬੱਸ ਦੀ ਛੱਤ ‘ਤੇ ਚੜ੍ਹ ਕੇ ਵੀ ਸਫਰ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦਾਤਰ ਰੂਟਾਂ ‘ਤੇ ਬੱਸ ਸੇਵਾ ਸੀਮਤ ਹੈ। ਬੰਜਾਰ ਦੇ ਰਹਿਣ ਵਾਲੇ ਗੋਪਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਅਖੀਰਲੀ ਬੱਸ ਸ਼ਾਮ ਨੂੰ ਵਾਪਸ ਜਾਂਦੀ ਹੈ, ਜੇਕਰ ਉਹ ਇਸ ਬੱਸ ਨੂੰ ਲੰਘਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਹੋਰ ਬੱਸ ਨਹੀਂ ਮਿਲਦੀ। ਜੇਕਰ ਬੱਸ ਲੰਘ ਵੀ ਜਾਂਦੀ ਹੈ ਤਾਂ ਅਗਲੀ ਬੱਸ ਲਈ 2 ਤੋਂ 3 ਘੰਟੇ ਉਡੀਕ ਕਰਨੀ ਪੈਂਦੀ ਹੈ। ਇਸ ਲਈ ਲੋਕ ਭੀੜ ਵਾਲੀਆਂ ਬੱਸਾਂ ‘ਚ ਸਫਰ ਕਰਦੇ ਹਨ, ਜਿਸ ‘ਚ ਬੈਠਣ ਜਾਂ ਖੜ੍ਹੇ ਹੋਣ ਲਈ ਵੀ ਠੀਕ ਤਰ੍ਹਾਂ ਨਾਲ ਥਾਂ ਨਹੀਂ ਹੁੰਦੀ।
ਇਕ ਹੋਰ ਵਾਸੀ ਵੀਨਾ ਰਾਣਾ ਨੇ ਕਿਹਾ ਕਿ ਬੰਜਾਰ ਦੀਆਂ ਖਤਰਨਾਕ ਸੜਕਾਂ ‘ਤੇ ਡਰਾਈਵਿੰਗ ‘ਤੇ ਰੋਕ ਲੱਗਣੀ ਚਾਹੀਦੀ ਹੈ। ਅਸੀਂ ਬੱਸਾਂ ਵਿਚ ਨਵੇਂ ਡਰਾਈਵਰ ਦੇਖੇ ਹਨ ਅਤੇ ਸੁਣਿਆ ਹੈ ਕਿ ਉਨ੍ਹਾਂ ਕੋਲ ਡਰਾਈਵਿੰਗ ਲਾਈਸੈਂਸ ਤਕ ਨਹੀਂ ਹਨ। ਉਹ ਡਰਾਈਵਿੰਗ ਸਮੇਂ ਫੋਨ ‘ਤੇ ਗੱਲ ਕਰਦੇ ਹਨ ਜਾਂ ਬੱਸ ‘ਚ ਉੱਚੀ ਆਵਾਜ਼ ‘ਚ ਗੀਤ ਵਜਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਉਨ੍ਹਾਂ ਨੂੰ ਰੋਕਦਾ ਨਹੀਂ ਹੈ।
ਓਧਰ ਸੀ. ਐੱਮ, ਜੈਰਾਮ ਠਾਕੁਰ ਸ਼ੁੱਕਰਵਾਰ ਨੂੰ ਕੁੱੱਲੂ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਲਈ ਖੇਤਰੀ ਹਸਪਤਾਲ ਪੁੱਜੇ। ਉਨ੍ਹਾਂ ਨੇ ਕਿਹਾ ਕਿ ਬੱਸਾਂ ‘ਚ ਯਾਤਰੀਆਂ ਦੀ ਵਧਦੀ ਭੀੜ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ, ਜਿਸ ਨਾਲ ਜਾਨ ‘ਤੇ ਬਣ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਬੱਸਾਂ ‘ਚ ਓਵਰਲੋਡਿੰਗ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇਗੀ, ਜੋ ਹਿਮਾਚਲ ਪ੍ਰਦੇਸ਼ ਵਿਚ ਹਾਦਸਿਆਂ ਦੇ ਮੁੱਖ ਕਾਰਨਾਂ ‘ਚੋਂ ਇਕ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …