Home / Punjabi News / ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਸਕਦੇ ਨੇ ਅਸਤੀਫ਼ਾ, ਰਾਜਪਾਲ ਕੋਲੋਂ ਸਮਾਂ ਮੰਗਿਆ

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਸਕਦੇ ਨੇ ਅਸਤੀਫ਼ਾ, ਰਾਜਪਾਲ ਕੋਲੋਂ ਸਮਾਂ ਮੰਗਿਆ

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਸਕਦੇ ਨੇ ਅਸਤੀਫ਼ਾ, ਰਾਜਪਾਲ ਕੋਲੋਂ ਸਮਾਂ ਮੰਗਿਆ

ਦੇਹਰਾਦੂਨ/ਨਵੀਂ ਦਿੱਲੀ, 2 ਜੁਲਾਈ

ਚੋਣ ਕਮਿਸ਼ਨ ਵੱਲੋਂ ਉੱਤਰਾਖੰਡ ਵਿੱਚ ਜ਼ਿਮਨੀ ਚੋਣ ਕਰਵਾਏ ਜਾਣ ਤੋਂ ਇਨਕਾਰ ਦੀਆਂ ਸੰਭਾਵਨਾਵਾਂ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਸੂਤਰਾਂ ਮੁਤਾਬਕ ਰਾਵਤ ਨੇ ਸੂਬੇ ਦੇ ਰਾਜਪਾਲ ਕੋਲੋਂ ਮਿਲਣ ਲਈ ਸਮਾਂ ਮੰਗਿਆ ਹੈ। ਚੇਤੇ ਰਹੇ ਕਿ ਭਾਜਪਾ ਹਾਈ ਕਮਾਨ ਨੇ ਤ੍ਰਿਵੇਂਦਰ ਸਿੰਘ ਰਾਵਤ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਉੱਤਰਾਖੰਡ ਦਾ ਮੁੱਖ ਮੰਤਰੀ ਥਾਪਿਆ ਸੀ। ਇਸ ਅਹੁਦੇ ‘ਤੇ ਬਣੇ ਰਹਿਣ ਲਈ ਰਾਵਤ ਨੂੰ ਛੇ ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਜਿੱਤਣੀ ਜ਼ਰੂਰੀ ਸੀ, ਪਰ ਚੋਣ ਕਮਿਸ਼ਨ ਦੇ ਜ਼ਿਮਨੀ ਚੋਣ ਕਰਵਾਉਣ ਤੋਂ ਕੀਤੀ ਜਾ ਰਹੀ ਨਾਂਹ-ਨੁੱਕਰ ਕਰਕੇ ਰਾਵਤ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਤਰਾਂ ਦੀ ਮੰਨੀਏ ਭਾਜਪਾ ਹਾਈ ਕਮਾਨ ਰਾਵਤ ਦੀ ਥਾਂ ਚੁਣੇ ਹੋੲੇ ਵਿਧਾਇਕਾਂ ‘ਚੋਂ ਕਿਸੇ ਨੂੰ ਇਸ ਅਹੁਦੇ ‘ਤੇ ਬਿਠਾ ਸਕਦੀ ਹੈ। ਉੱਤਰਾਖੰਡ ਵਿੱਚ ਅਸੈਂਬਲੀ ਚੋਣਾਂ ਅਗਲੇ ਸਾਲ ਹੋਣੀਆਂ ਹਨ। ਕਾਬਿਲੇਗੌਰ ਹੈ ਕਿ ਜੇਕਰ ਕਿਸੇ ਸੂਬਾਈ ਅਸੈਂਬਲੀ ਦੀ ਮਿਆਦ ਇਕ ਸਾਲ ਤੋਂ ਘੱਟ ਰਹਿ ਗਈ ਹੋਵੇ ਤਾਂ ਚੋਣ ਕਮਿਸ਼ਨ ਜ਼ਿਮਨੀ ਚੋਣ ਕਰਵਾਉਣ ਤੋਂ ਨਾਂਹ ਕਰ ਸਕਦਾ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ‘ਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ਮਗਰੋਂ ਉੱਤਰਾਖੰਡ ਵਿੱਚ ਸਰਕਾਰ ‘ਚ ਸਿਖਰਲੇ ਅਹੁਦੇ ਲਈ ਫੇਰਬਦਲ ਦੇ ਕਿਆਸਾਂ ਨੇ ਜ਼ੋਰ ਫੜ ਲਿਆ ਸੀ। ਪੌੜੀ ਗੜਵਾਲ ਤੋਂ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ 10 ਮਾਰਚ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ ਤੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਇਸ ਅਹੁਦੇ ‘ਤੇ ਬਣੇ ਰਹਿਣ ਲਈ 10 ਸਤੰਬਰ ਤੋਂ ਪਹਿਲਾਂ ਉੱਤਰਾਖੰਡ ਅਸੈਂਬਲੀ ਦਾ ਮੈਂਬਰ ਬਣਨਾ ਜ਼ਰੂਰੀ ਹੈ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …